IPL 2023 : ਰੋ ਪਏ ਧੋਨੀ ਤੇ ਜੀਵਾ ਨੇ ਜੋੜੇ ਹੱਥ, ਜਾਣੋਂ ਫਾਈਨਲ ਮੈਚ ਦੇ ਹਮੇਸ਼ਾ ਯਾਦ ਰਹਿਣ ਵਾਲੇ ਪਲ਼
Tuesday, May 30, 2023 - 01:22 PM (IST)
ਸਪੋਰਟਸ ਡੈਸਕ : IPL 2023 ਦਾ ਖਿਤਾਬ ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਨੂੰ 5 ਵਿਕਟਾਂ ਨਾਲ ਹਰਾ ਕੇ ਜਿੱਤ ਲਿਆ ਹੈ। ਇਸ ਦੇ ਨਾਲ ਹੀ ਚੇਨਈ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ 'ਚ 5ਵੀਂ ਵਾਰ ਖਿਤਾਬ ਜਿੱਤਿਆ। ਇਹ ਇੱਕ ਖਾਸ ਪਲ ਵੀ ਸੀ ਕਿਉਂਕਿ ਇਹ ਧੋਨੀ ਦਾ ਆਖਰੀ ਸੀਜ਼ਨ ਮੰਨਿਆ ਜਾਂਦਾ ਹੈ। ਅਜਿਹੇ 'ਚ ਟੀਮ ਮੈਂਬਰਾਂ ਨੇ ਉਸ ਲਈ ਪੂਰਾ ਉਤਸ਼ਾਹ ਦਿਖਾਉਂਦਿਆਂ ਉਸ ਸੁਪਨੇ ਨੂੰ ਪੂਰਾ ਕੀਤਾ, ਜਿਸ ਨੂੰ ਧੋਨੀ ਦੇ ਪ੍ਰਸ਼ੰਸਕਾਂ ਨੇ ਦੇਖਿਆ ਸੀ। ਹਾਲਾਂਕਿ ਇੱਕ ਸਮਾਂ ਸੀ ਜਦੋਂ ਚੇਨਈ ਦੇ ਪ੍ਰਸ਼ੰਸਕ ਨਿਰਾਸ਼ ਨਜ਼ਰ ਆ ਰਹੇ ਸਨ ਪਰ ਰਵਿੰਦਰ ਜਡੇਜਾ ਨੇ ਆਖਰੀ 2 ਗੇਂਦਾਂ ਵਿੱਚ 10 ਦੌੜਾਂ ਬਣਾ ਕੇ ਟੀਮ ਨੂੰ ਇਹ ਖਿਤਾਬ ਦਿਵਾਇਆ। ਆਓ ਜਾਣਦੇ ਹਾਂ ਫਾਈਨਲ ਮੈਚ ਦੀਆਂ ਉਨ੍ਹਾਂ 3 ਗੱਲਾਂ ਬਾਰੇ, ਜੋ ਹਮੇਸ਼ਾ ਯਾਦ ਰਹਿਣਗੀਆਂ।
ਰੋ ਪਏ ਸੀ ਧੋਨੀ
ਜਦੋਂ ਚੇਨਈ ਨੂੰ ਆਖਰੀ 2 ਗੇਂਦਾਂ 'ਤੇ 10 ਦੌੜਾਂ ਦੀ ਲੋੜ ਸੀ ਤਾਂ ਪੂਰਾ ਕੈਂਪ ਨਿਰਾਸ਼ ਹੋ ਗਿਆ ਸੀ। ਨਾ ਸਿਰਫ਼ ਪ੍ਰਸ਼ੰਸਕਾਂ ਦੇ ਚਿਹਰੇ ਨਿਰਾਸ਼ ਸਨ ਸਗੋਂ ਕਪਤਾਨ ਧੋਨੀ ਖ਼ੁਦ ਵੀ ਰੋ ਪਏ। ਹਾਲਾਂਕਿ ਜਡੇਜਾ ਨੇ 20ਵੇਂ ਓਵਰ ਦੀ 5ਵੀਂ ਗੇਂਦ 'ਤੇ ਛੱਕਾ ਲਗਾ ਕੇ ਕੁਝ ਉਮੀਦ ਜਗਾਈ ਸੀ ਪਰ ਫਿਰ ਵੀ ਟੀਚੇ ਹਾਸਲ ਕਰਨਾ ਮੁਸ਼ਕਲ ਸੀ। ਆਖਰੀ 1 ਗੇਂਦ 'ਤੇ 4 ਦੌੜਾਂ ਦੀ ਲੋੜ ਸੀ ਪਰ ਜਦੋਂ ਕੈਮਰਾ ਧੋਨੀ 'ਤੇ ਗਿਆ ਤਾਂ ਧੋਨੀ ਨੇ ਅੱਖਾਂ ਨੀਵੀਆਂ ਕਰ ਲਈਆਂ ਤੇ ਮੈਦਾਨ ਵੱਲ ਦੇਖਣਾ ਬੰਦ ਕਰ ਦਿੱਤਾ। ਉਸ ਦੀਆਂ ਅੱਖਾਂ 'ਚ ਹੰਝੂ ਆ ਰਹੇ ਸਨ ਪਰ ਜਿਵੇਂ ਹੀ ਜਡੇਜਾ ਨੇ 4 ਦੌੜਾਂ ਬਣਾਈਆਂ ਤਾਂ ਧੋਨੀ ਦੇ ਚਿਹਰੇ 'ਤੇ ਖ਼ੁਸ਼ੀ ਦੇਖਣ ਨੂੰ ਮਿਲੀ। ਇਹ ਇੱਕ ਭਾਵੁਕ ਕਰਦਾ ਪਲ ਸੀ।
ਧੋਨੀ ਦੀ ਬੇਟੀ ਜੀਵਾ ਨੇ ਹੱਥ ਜੋੜ ਕੀਤੀ ਜਿੱਤ ਦੀ ਪ੍ਰਾਰਥਨਾ
ਆਖਰੀ ਓਵਰ 'ਚ ਜਦੋਂ ਚੇਨਈ ਨੂੰ ਜਿੱਤ ਲਈ 13 ਦੌੜਾਂ ਦੀ ਲੋੜ ਸੀ ਤਾਂ ਧੋਨੀ ਦੀ ਬੇਟੀ ਹੱਥ ਜੋੜ ਕੇ ਭਗਵਾਨ ਨੂੰ ਜਿੱਤ ਲਈ ਪ੍ਰਾਰਥਨਾ ਕਰ ਰਹੀ ਸੀ। ਇਹ ਇੱਕ ਅਜਿਹਾ ਪਲ ਸੀ ਜੋ ਕਿਸੇ ਨੂੰ ਵੀ ਭਾਵੁਕ ਕਰ ਦਿੰਦਾ। ਜਦੋਂ ਆਖਰੀ ਓਵਰ ਦੀ ਪਹਿਲੀ ਗੇਂਦ 'ਤੇ ਕੋਈ ਦੌੜਾਂ ਨਹੀਂ ਬਣੀਆਂ ਤਾਂ ਜੀਵਾ ਅਤੇ ਉਸ ਦੀ ਮਾਂ ਸਾਕਸ਼ੀ ਧੋਨੀ ਨਿਰਾਸ਼ ਨਜ਼ਰ ਆਏ ਪਰ ਜੀਵਾ ਨੇ ਆਸ ਨਹੀਂ ਛੱਡੀ। ਉਹ ਹੱਥ ਜੋੜ ਕੇ ਜਿੱਤ ਲਈ ਅਰਦਾਸ ਕਰ ਰਹੀ ਸੀ, ਜੋ ਅੰਤ ਵਿੱਚ ਕਾਮਯਾਬ ਰਹੀ।
ਜਿੱਤ ਦੀ ਖ਼ੁਸ਼ੀ 'ਚ ਧੋਨੀ ਨੇ ਜਡੇਜਾ ਨੂੰ ਚੁੱਕਿਆ
ਧੋਨੀ ਅਜਿਹੇ ਖਿਡਾਰੀ ਹਨ, ਜੋ ਮੈਦਾਨ 'ਤੇ ਸ਼ਾਂਤੀ ਨਾਲ ਜਿੱਤ ਦਾ ਜਸ਼ਨ ਮਨਾਉਂਦੇ ਹਨ। ਇਸ ਵਾਰ ਵੀ ਅਜਿਹਾ ਹੀ ਦੇਖਣ ਨੂੰ ਮਿਲਿਆ ਪਰ ਵੱਖਰੀ ਗੱਲ ਇਹ ਰਹੀ ਕਿ ਜਿੱਤ ਦਾ ਖਿਤਾਬ ਦਿਵਾਉਣ ਲਈ ਧੋਨੀ ਨੇ ਰਵਿੰਦਰ ਜਡੇਜਾ ਨੂੰ ਚੁੱਕ ਲਿਆ। ਜਡੇਜਾ ਨੇ ਮੈਚ ਜਿੱਤਦਿਆਂ ਹੀ ਧੋਨੀ ਵੱਲ ਭੱਜਣਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਉਹ ਧੋਨੀ ਕੋਲ ਪਹੁੰਚਿਆ ਤਾਂ ਧੋਨੀ ਨੇ ਉਸ ਨੂੰ ਚੁੱਕਿਆ ਅਤੇ ਗਲ਼ੇ ਲਗਾ ਲਿਆ। ਇਹ ਪਲ ਖ਼ਾਸ ਹੈ ਕਿਉਂਕਿ ਧੋਨੀ ਅਕਸਰ ਅਜਿਹਾ ਕਰਦੇ ਨਜ਼ਰ ਨਹੀਂ ਆਉਂਦੇ ਪਰ ਇਸ ਜਿੱਤ ਤੋਂ ਬਾਅਦ ਉਨ੍ਹਾਂ ਦੇ ਚਿਹਰੇ 'ਤੇ ਇਕ ਵੱਖਰੀ ਹੀ ਖ਼ੁਸ਼ੀ ਸੀ, ਜੋ ਹਮੇਸ਼ਾ ਯਾਦ ਰਹੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।