IPL 2023 : ਸ਼ੁਭਮਨ ਗਿੱਲ ਦਾ ਸ਼ਾਨਦਾਰ ਸੈਂਕੜਾ, ਗੁਜਰਾਤ ਜਿੱਤੀ, ਮੁੰਬਈ Play-offs ’ਚ ਪਹੁੰਚੀ

05/22/2023 1:00:04 AM

ਬੈਂਗਲੁਰੂ (ਭਾਸ਼ਾ)–ਵਿਰਾਟ ਕੋਹਲੀ ਦੇ ਲਗਾਤਾਰ ਦੂਜੇ ਸੈਂਕੜੇ ’ਤੇ ਸ਼ੁਭਮਨ ਗਿੱਲ ਦੀ ਹਮਲਾਵਰ ਸੈਂਕੜੇ ਵਾਲੀ ਪਾਰੀ ਭਾਰੀ ਪੈ ਗਈ, ਜਿਸ ਨਾਲ ਗੁਜਰਾਤ ਟਾਈਟਨਸ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ ਐਤਵਾਰ ਇਥੇ 6 ਵਿਕਟਾਂ ਨਾਲ ਹਰਾ ਕੇ ਉਸਦੀਆਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਪਲੇਅ ਆਫ ਵਿਚ ਪਹੁੰਚਣ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਆਰ. ਸੀ. ਬੀ. ਨੇ 14 ਅੰਕਾਂ ਨਾਲ 6ਵੇਂ ਸਥਾਨ ’ਤੇ ਰਹਿ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ। ਗੁਜਰਾਤ ਟਾਈਟਨਸ ਦਾ ਲੀਗ ਗੇੜ ਵਿਚ ਚੋਟੀ ’ਤੇ ਰਹਿਣਾ ਪਹਿਲਾਂ ਤੋਂ ਹੀ ਤੈਅ ਹੋ ਗਿਆ ਸੀ। ਉਸ ਨੇ 20 ਅੰਕਾਂ ਨਾਲ ਲੀਗ ਗੇੜ ਦੀ ਆਪਣੀ ਮੁਹਿੰਮ ਦਾ ਅੰਤ ਕੀਤਾ। ਉਹ ਮੰਗਲਵਾਰ ਨੂੰ ਪਹਿਲੇ ਕੁਆਲੀਫਾਇਰ ਵਿਚ ਚੇਨਈ ਸੁਪਰ ਕਿੰਗਜ਼ ਨਾਲ ਭਿੜੇਗੀ, ਜਦਕਿ ਮੁੰਬਈ ਇੰਡੀਅਨਜ਼ ਦਾ ਸਾਹਮਣਾ ਬੁੱਧਵਾਰ ਨੂੰ ਐਲਿਮੀਨੇਟਰ ਵਿਚ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ। 

ਆਰ. ਸੀ. ਬੀ. ਦੀ ਪਾਰੀ ਕੋਹਲੀ ਦੇ ਆਲੇ-ਦੁਆਲੇ ਹੀ ਘੁੰਮਦੀ ਰਹੀ। ਪਿਛਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਸੈਂਕੜਾ ਲਾਉਣ ਵਾਲੇ ਇਸ ਸਟਾਰ ਬੱਲੇਬਾਜ਼ ਨੇ 61 ਗੇਂਦਾਂ ’ਤੇ ਅਜੇਤੂ 101 ਦੌੜਾਂ ਬਣਾਈਆਂ, ਜਿਸ ਵਿਚ 13 ਚੌਕੇ ਤੇ 1 ਛੱਕਾ ਸ਼ਾਮਲ ਹੈ। ਇਸ ਨਾਲ ਆਰ. ਸੀ. ਬੀ. ਨੇ 5 ਵਿਕਟਾਂ ’ਤੇ 197 ਦੌੜਾਂ ਬਣਾਈਆਂ। ਗਿੱਲ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ 52 ਗੇਂਦਾਂ ’ਚ ਅਜੇਤੂ 104 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ 8 ਛੱਕੇ ਸ਼ਾਮਲ ਹਨ। ਉਸ ਨੇ ਵਿਜੇ ਸ਼ੰਕਰ (53) ਦੇ ਨਾਲ ਦੂਜੀ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਨਾਲ ਗੁਜਰਾਤ ਨੇ 19.1 ਓਵਰਾਂ ਵਿਚ 4 ਵਿਕਟਾਂ ’ਤੇ 198 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ।  ਇਸ ਤੋਂ ਪਹਿਲਾਂ ਮੀਂਹ ਕਾਰਨ ਲੱਗਭਗ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਏ ਮੈਚ ਵਿਚ ਟਾਸ ਗੁਆਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਲਈ ਉੱਤਰੀ ਆਰ. ਸੀ. ਬੀ. ਦੀ ਟੀਮ ਨੇ ਹੌਲੀ ਸ਼ੁਰੂਆਤ ਕੀਤੀ ਤੇ ਪਹਿਲੇ ਦੋ ਓਵਰਾਂ ’ਚ ਸਿਰਫ 10 ਦੌੜਾਂ ਬਣਾਈਆਂ।

ਫਾਫ ਡੂ ਪਲੇਸਿਸ ਨੇ ਮੁਹੰਮਦ ਸ਼ੰਮੀ ’ਤੇ ਚਾਰ ਚੌਕਿਆਂ ਤੇ ਕੋਹਲੀ ਨੇ ਯਸ਼ ਦਿਆਲ ’ਤੇ ਲਗਾਤਾਰ 3 ਚੌਕੇ ਲਾ ਕੇ ਚਿੰਨਾਸਵਾਮੀ ਸਟੇਡੀਅਮ ਵਿਚ ਹਾਜ਼ਰ ਦਰਸ਼ਕਾਂ ਵਿਚ ਜੋਸ਼ ਭਰਿਆ। ਆਰ. ਸੀ. ਬੀ. ਨੇ ਪਾਵਰਪਲੇਅ ਵਿਚ ਬਿਨਾਂ ਕਿਸੇ ਨੁਕਸਾਨ ਦੇ 62 ਦੌੜਾਂ ਬਣਾਈਆਂ। ਪਲੇਸਿਸ ਹਾਲਾਂਕਿ ਵੱਡੀ ਪਾਰੀ ਨਹੀਂ ਖੇਡ ਸਕਿਆ। ਗਲੇਨ ਮੈਕਸਵੈੱਲ (11) ਵੀ ਜਲਦੀ ਪਰਤ ਗਿਆ। ਮਹਿਪਾਲ ਲੋਮਰੋਰ ਸਟੰਪ ਆਊਟ ਹੋ ਗਿਆ। ਆਰ. ਸੀ. ਬੀ. ਦੀਆਂ 18 ਦੌੜਾਂ ਦੇ ਅੰਦਰ 3 ਵਿਕਟਾਂ ਗੁਆਉਣ ਦੇ ਬਾਵਜੂਦ ਕੋਹਲੀ ਦੂਜੇ ਪਾਸੇ ’ਤੇ ਡਟਿਆ ਰਿਹਾ। ਕੋਹਲੀ ਨੇ ਪਾਰੀ ਦੇ 18ਵੇਂ ਵਿਚ ਯਸ਼ ਦਿਆਲ ’ਤੇ ਆਪਣੀ ਪਾਰੀ ਦਾ ਪਹਿਲਾ ਛੱਕਾ ਲਾਇਆ ਤੇ 60 ਗੇਂਦਾਂ ’ਤੇ ਆਪਣਾ ਸੈਂਕੜਾ ਪੂਰਾ ਕੀਤਾ। ਉਸ ਨੇ ਅਨੁਜ ਰਾਵਤ (ਅਜੇਤੂ 23) ਦੇ ਨਾਲ 6ਵੀਂ ਵਿਕਟ ਲਈ 64 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।

 


Manoj

Content Editor

Related News