IPL 2022: ਧੋਨੀ ਦੀ ਧਮਾਕੇਦਾਰ ਪਾਰੀ ''ਤੇ ਬੋਲੇ ਜਡੇਜਾ, ਇਹ ਚੰਗੀ ਗੱਲ ਹੈ ਕਿ ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ

Friday, Apr 22, 2022 - 01:14 PM (IST)

IPL 2022: ਧੋਨੀ ਦੀ ਧਮਾਕੇਦਾਰ ਪਾਰੀ ''ਤੇ ਬੋਲੇ ਜਡੇਜਾ, ਇਹ ਚੰਗੀ ਗੱਲ ਹੈ ਕਿ ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ

ਨਵੀਂ ਮੁੰਬਈ (ਏਜੰਸੀ) : ਮਹਿੰਦਰ ਸਿੰਘ ਧੋਨੀ ਅਜੇ ਵੀ ਦੌੜਾਂ ਬਣਾਉਣ ਦੇ ਭੁੱਖੇ ਹਨ ਅਤੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਚੇਨਈ ਸੁਪਰ ਕਿੰਗਜ਼ ਦੀਆਂ ਉਮੀਦਾਂ ਬਰਕਰਾਰ ਹਨ। ਕਪਤਾਨ ਰਵਿੰਦਰ ਜਡੇਜਾ ਲਈ ਇਹ ਦੋਵੇਂ ਗੱਲਾਂ ਮਾਇਨੇ ਰੱਖਦੀਆਂ ਹਨ। ਚੇਨਈ ਨੇ ਹੁਣ ਤੱਕ 7 ਮੈਚਾਂ ਵਿੱਚੋਂ ਸਿਰਫ਼ 2 ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ 'ਚ ਵੀਰਵਾਰ ਰਾਤ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ 3 ਵਿਕਟਾਂ ਦੀ ਜਿੱਤ ਵੀ ਸ਼ਾਮਲ ਹੈ। ਇਸ ਜਿੱਤ ਦੇ ਹੀਰੋ ਧੋਨੀ ਸਨ ਜਿਨ੍ਹਾਂ ਨੇ ਆਖ਼ਰੀ ਗੇਂਦ 'ਤੇ ਜੇਤੂ ਚੌਕਾ ਲਗਾਇਆ। ਚੇਨਈ ਨੇ ਧੋਨੀ ਦੀਆਂ 13 ਗੇਂਦਾਂ 'ਤੇ ਅਜੇਤੂ 28 ਦੌੜਾਂ ਦੀ ਮਦਦ ਨਾਲ ਆਪਣੇ ਪੁਰਾਣੇ ਵਿਰੋਧੀ 'ਤੇ ਯਾਦਗਾਰ ਜਿੱਤ ਦਰਜ ਕੀਤੀ।

ਜਡੇਜਾ ਨੇ ਮੈਚ ਤੋਂ ਬਾਅਦ ਕਿਹਾ, 'ਇਹ ਬਹੁਤ ਵਧੀਆ ਹੈ ਕਿ ਉਹ ਅਜੇ ਵੀ (ਹੋਰ ਜਿੱਤ ਲਈ) ਭੁੱਖੇ ਹਨ। ਉਨ੍ਹਾਂ ਦੀ ਲੈਅ ਅੱਜ ਵੀ ਜਾਰੀ ਹੈ। ਇਹ ਦੇਖ ਕੇ ਅਸੀਂ ਸ਼ਾਂਤ ਰਹਿੰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜੇਕਰ ਉਹ ਆਖ਼ਰੀ ਓਵਰ ਤੱਕ ਕ੍ਰੀਜ਼ 'ਤੇ ਹਨ ਤਾਂ ਉਹ ਸਾਡੇ ਲਈ ਮੈਚ ਜਿੱਤਣਗੇ। ਉਨ੍ਹਾਂ ਨੇ ਭਾਰਤ ਲਈ ਅਤੇ ਆਈ.ਪੀ.ਐੱਲ. ਵਿੱਚ ਕਈ ਮੈਚ ਜਿਤਾਏ ਹਨ ਅਤੇ ਅਸੀਂ ਜਾਣਦੇ ਸੀ ਕਿ ਉਹ ਮੈਚ ਨੂੰ ਸਫ਼ਲਤਾਪੂਰਵਕ ਖ਼ਤਮ ਕਰਨਗੇ।' ਧੋਨੀ ਨੇ ਆਪਣੇ ਪੁਰਾਣੇ ਦਿਨਾਂ ਵਾਂਗ 'ਫਿਨੀਸ਼ਰ' ਦੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਚੇਨਈ ਨੂੰ ਆਖਰੀ ਓਵਰ ਵਿੱਚ 17 ਦੌੜਾਂ ਦੀ ਲੋੜ ਸੀ। ਅਜਿਹੇ 'ਚ ਧੋਨੀ ਨੇ ਜੈਦੇਵ ਉਨਾਦਕਟ ਦੀ ਤੀਜੀ ਗੇਂਦ 'ਤੇ ਛੱਕਾ ਅਤੇ ਚੌਥੀ ਗੇਂਦ 'ਤੇ ਚੌਕਾ ਜੜਿਆ। ਉਹ ਸ਼ਾਂਤ ਰਹੇ ਅਤੇ ਆਖ਼ਰੀ ਗੇਂਦ 'ਤੇ ਸ਼ਾਰਟ ਫਾਈਨ ਲੈੱਗ 'ਤੇ ਜੇਤੂ ਚੌਕਾ ਮਾਰਿਆ।
 


author

cherry

Content Editor

Related News