MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ 2 ਵਿਕਟਾਂ ਨਾਲ ਹਰਾਇਆ
Friday, Apr 09, 2021 - 11:31 PM (IST)
ਚੇਨਈ– ਹਰਸ਼ਲ ਪਟੇਲ ਦੀਆਂ 5 ਵਿਕਟਾਂ ਤੇ ਏ. ਬੀ. ਡਿਵਿਲੀਅਰਸ ਦੀ ਵਿਰੋਧੀ ਹਾਲਾਤ ’ਚ ਖੇਡੀ ਗਈ 48 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ ’ਤੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸ਼ੁੱਕਰਵਾਰ ਨੂੰ ਇੱਥੇ ਆਈ. ਪੀ. ਐੱਲ.-2021 ਦੇ ਰੋਮਾਂਚਕ ਉਦਘਾਟਨੀ ਮੈਚ ਵਿਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਨਾਲ ਹਰਾ ਦਿੱਤਾ।
ਕਪਤਾਨ ਵਿਰਾਟ ਕੋਹਲੀ (33) ਤੇ ਗਲੇਨ ਮੈਕਸਵੈੱਲ (39) ਦੇ ਆਊਟ ਹੋਣ ਤੋਂ ਬਾਅਦ ਜਦੋਂ ਆਰ. ਸੀ. ਬੀ ਦੀ ਟੀਮ ਸੰਕਟ ਵਿਚ ਦਿਸ ਰਹੀ ਸੀ ਤਦ ਡਿਵਿਲੀਅਰਸ ਨੇ 27 ਗੇਂਦਾਂ ’ਤੇ 4 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਮਹੱਤਵਪੂਰਨ ਪਾਰੀ ਖੇਡੀ ਤੇ ਸਕੋਰ 8 ਵਿਕਟਾਂ ’ਤੇ 160 ਦੌੜਾਂ ਤਕ ਪਹੁੰਚਾਇਆ। ਮੁੰਬਈ ਇੰਡੀਅਨਜ਼ ਨੇ 9 ਵਿਕਟਾਂ ’ਤੇ 159 ਦੌੜਾਂ ਬਣਾਈਆਂ ਸਨ। ਸਲਾਮੀ ਬੱਲੇਬਾਜ਼ ਕ੍ਰਿਸ ਲਿਨ (49) ਤੇ ਸੂਰਯਕੁਮਾਰ ਯਾਦਵ (31) ਨੇ ਹੌਲੀ ਪਿੱਚ ’ਤੇ ਦੂਜੀ ਵਿਕਟ ਲਈ 70 ਦੌੜਾਂ ਜੋੜ ਕੇ ਮੁੰਬਈ ਨੂੰ ਵੱਡੇ ਸਕੋਰ ਵੱਲ ਵਧਾਇਆ ਪਰ ਆਰ. ਸੀ. ਬੀ. ਦੇ ਗੇਂਦਬਾਜ਼ਾਂ ਨੇ ਫੀਲਡਰਾਂ ਤੋਂ ਮਦਦ ਨਾ ਮਿਲਣ ਦੇ ਬਾਵਜੂਦ ਉਸ ਨੂੰ ਵੱਡਾ ਸਕੋਰ ਨਹੀਂ ਬਣਾਉਣ ਦਿੱਤਾ। ਆਖਰੀ 4 ਓਵਰਾਂ ਵਿਚ ਸਿਰਫ 25 ਦੌੜਾਂ ਬਣੀਆਂ। ਪਟੇਲ ਨੇ ਪਾਰੀ ਦੇ ਆਖਰੀ ਓਵਰ ਵਿਚ ਸਿਰਫ 1 ਦੌੜ ਦਿੱਤੀ ਤੇ ਤਿੰਨ ਵਿਕਟਾਂ ਲਈਆਂ। ਉਸ ਨੇ ਕੁਲ 27 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਉਸ ਤੋਂ ਇਲਾਵਾ ਮੁਹੰਮਦ ਸਿਰਾਜ ਤੇ ਕਾਇਲ ਜੈਮੀਸਨ (27 ਦੌੜਾਂ ’ਤੇ 1 ਵਿਕਟ) ਨੇ ਵੀ ਕਸੀ ਹੋਈ ਗੇਂਦਬਾਜ਼ੀ ਕੀਤੀ।
ਦੇਵੱਦਤ ਪੱਡੀਕਲ ਦੇ ਸਿਹਤ ਕਾਰਨਾਂ ਤੋਂ ਨਾ ਖੇਡ ਸਕਣ ਕਾਰਨ ਆਰ. ਸੀ. ਬੀ. ਨੇ ਵਾਸ਼ਿੰਗਟਨ ਸੁੰਦਰ ਨੂੰ ਕੋਹਲੀ ਨਾਲ ਪਾਰੀ ਦਾ ਆਗਾਜ਼ ਕਰਨ ਭੇਜਿਆ ਪਰ ਉਸਦਾ ਇਹ ਦਾਅ ਨਹੀਂ ਚੱਲਿਆ। ਸੁੰਦਰ ਜੀਵਨਦਾਨ ਦਾ ਫਾਇਦਾ ਨਹੀਂ ਚੁੱਕ ਸਕਿਆ ਤੇ 16 ਗੇਂਦਾਂ ’ਤੇ 10 ਦੌੜਾਂ ਹੀ ਬਣਾ ਸਕਿਆ। ਰਜਤ ਪਾਟੀਦਾਰ (8) ਦੀ ਟ੍ਰੇਂਟ ਬੋਲਟ ਨੇ ਆਈ. ਪੀ. ਐੱਲ. ਵਿਚ ਚੰਗੀ ਸ਼ੁਰੂਆਤ ਨਹੀਂ ਹੋਣ ਦਿੱਤੀ। ਬੋਲਟ ਤੇ ਕਰੁਣਾਲ ਨੇ ਸ਼ੁਰੂ ਵਿਚ ਬੱਲੇਬਾਜ਼ਾਂ ’ਤੇ ਦਬਾਅ ਬਣਾਇਆ ਤੇ ਵਿਕਟਾਂ ਵੀ ਲਈਆਂ। ਪਿਛਲੇ ਸੈਸ਼ਨ ਵਿਚ ਇਕ ਛੱਕੇ ਲਈ ਤਰਸਣ ਵਾਲੇ ਮੈਕਸਵੈੱਲ ਨੇ ਕਰੁਣਾਲ ਦੇ ਆਖਰੀ ਓਵਰ ਵਿਚ 100 ਮੀਟਰ ਦਾ ਲੰਬਾ ਛੱਕਾ ਲਾਇਆ ਤੇ ਫਿਰ ਰਾਹੁਲ ਚਾਹਰ ਦੀ ਗੇਂਦ ਨੂੰ ਵੀ ਛੇ ਦੌੜਾਂ ਲਈ ਭੇਜਿਆ।
ਇਹ ਖ਼ਬਰ ਪੜ੍ਹੋ- ਪਾਕਿ ਵਿਰੁੱਧ ਘਰੇਲੂ ਟੀ20 ਸੀਰੀਜ਼ 'ਚੋਂ ਬਾਹਰ ਹੋਇਆ ਦੱ. ਅਫਰੀਕਾ ਦਾ ਵਨ ਡੇ ਕਪਤਾਨ
ਕੋਹਲੀ ਤੇ ਮੈਕਸਵੈੱਲ ਜਦੋਂ ਮੁੰਬਈ ਲਈ ਖਤਰਾ ਬਣ ਰਹੇ ਸਨ ਤਦ ਰੋਹਿਤ ਸ਼ਰਮਾ ਨੇ ਜਸਪ੍ਰੀਤ ਬੁਮਰਾਹ ਨੂੰ ਗੇਂਦ ਸੌਂਪੀ। ਉਹ ਕੋਹਲੀ ਨੂੰ ਐੱਲ. ਬੀ. ਡਬਲਯੂ. ਆਊਟ ਕਰਕੇ ਆਪਣੇ ਕਪਤਾਨ ਦੀਆਂ ਉਮੀਦਾਂ ’ਤੇ ਖਰਾ ਉਤਰਿਆ। ਬਦਲਾਅ ਦੇ ਰੂਪ ਵਿਚ ਆਏ ਮਾਰਕੋ ਜਾਨਸਨ ਨੇ ਮੈਕਸਵੈੱਲ ਨੂੰ ਲਿਨ ਹੱਥੋਂ ਕੈਚ ਕਰਵਾ ਕੇ ਆਰ. ਸੀ. ਬੀ. ਦੀਆਂ ਮੁਸ਼ਕਿਲਾਂ ਵਧੀਆਂ। ਪ੍ਰਯੋਗ ਦੇ ਤੌਰ ’ਤੇ ਚੋਟੀਕ੍ਰਮ ਵਿਚ ਭੇਜਿਆ ਗਿਆ ਸ਼ਾਹਬਾਜ ਅਹਿਮਦ ਵੀ ਨਹੀਂ ਚੱਲ ਸਕਿਆ। ਆਰ. ਸੀ. ਬੀ. ਨੂੰ ਆਖਰੀ 30 ਗੇਂਦਾਂ ’ਤੇ 54 ਦੌੜਾਂ ਦੀ ਲੋੜ ਸੀ।
ਡਿਵਿਲੀਅਰਸ ਨੇ ਰਾਹੁਲ ਚਾਹਰ ’ਤੇ ਚੌਕਾ ਤੇ ਛੱਕਾ ਲਾ ਕੇ ਇਹ ਫਰਕ ਘੱਟ ਕੀਤਾ। ਅਜਿਹੇ ਵਿਚ ਫਿਰ ਬੁਮਰਾਹ ਨੇ ਗੇਂਦ ਸੰਭਾਲੀ ਤੇ ਚਾਹਰ ਨੇ ਡੈਨ ਕ੍ਰਿਸਚੀਅਨ ਦਾ ਸ਼ਾਨਦਾਰ ਕੈਚ ਕੀਤਾ। ਡਿਵਿਲੀਅਰਸ ਨੇ ਹਾਲਾਂਕਿ ਬੋਲਟ ’ਤੇ ਛੱਕਾ ਤੇ ਚੌਕਾ ਲਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਇਸ ਓਵਰ ਵਿਚ 15 ਦੌੜਾਂ ਬਣੀਆਂ। ਉਸ ਨੇ ਬੁਮਰਾਹ ’ਤੇ ਵੀ ਦੋ ਚੌਕੇ ਲਾ ਕੇ ਆਖਰੀ ਓਵਰ ਵਿਚ ਸੱਤ ਦੌੜਾਂ ਦਾ ਟੀਚਾ ਰੱਖਿਆ ਸੀ। ਡਿਵਿਲੀਅਰਸ ਦੇ ਰਨ ਆਊਟ ਹੋਣ ਨਾਲ ਮੈਚ ਦਾ ਰੋਮਾਂਚ ਬਣਿਆ ਪਰ ਅੱਜ ਪਟੇਲ ਦਾ ਦਿਨ ਸੀ ਤੇ ਉਹ ਜਾਨਸਨ ਦੀ ਮੈਚ ਦੀ ਆਖਰੀ ਗੇਂਦ ’ਤੇ ਜੇਤੂ ਦੌੜ ਬਣਾਉਣ ਵਿਚ ਸਫਲ ਰਿਹਾ।
ਇਸ ਤੋਂ ਪਹਿਲਾਂ ਮੁੰਬਈ ਨੇ ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਹਿਜ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ ਨੇ ਚੌਥੇ ਓਵਰ ਵਿਚ ਗੇਂਦ ਸੰਭਾਲਣ ਵਾਲੇ ਯੁਜਵੇਂਦਰ ਚਾਹਲ (4 ਓਵਰਾਂ ਵਿਚ 41 ਦੌੜਾਂ) ’ਤੇ ਛੱਕਾ ਲਾਇਆ ਪਰ ਇਸ ਤੋਂ ਤੁਰੰਤ ਬਾਅਦ ਲਿਨ ਦੇ ਨਾਲ ਤਾਲਮੇਲ ਨਾ ਹੋਣ ਕਾਰਨ ਉਹ ਰਨ ਆਊਟ ਹੋ ਗਿਆ। ਹੁਣ ਲਿਨ ’ਤੇ ਜ਼ਿੰਮੇਵਾਰੀ ਸੀ ਤੇ ਉਸ ਨੇ ਸੂਰਯਕੁਮਾਰ ਦੇ ਨਾਲ ਪਾਰੀ ਸੰਵਾਰਨ ਦੀ ਕੋਸ਼ਿਸ਼ ਕੀਤੀ। ਚਾਹਲ ਤੇ ਸ਼ਾਹਬਾਜ਼ ਅਹਿਮਦ ’ਤੇ ਛੱਕੇ ਲਾ ਕੇ ਉਨ੍ਹਾਂ ਨੇ ਆਰ. ਸੀ. ਬੀ. ਦੇ ਸਪਿਨ ਹਮਲੇ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ। ਸੂਰਯਕੁਮਾਰ ਦਾ ਕਾਇਲ ਜੈਮੀਸਨ ਦੀ ਲੈੱਗ ਸਟੰਪ ’ਤੇ ਪਿੱਚ ਕਰਵਾਈ ਗੇਂਦ ’ਤੇ ਲਾਇਆ ਗਿਆ ਛੱਕਾ ਸ਼ਾਨਦਾਰ ਸੀ ਪਰ ਗੇਂਦਬਾਜ਼ ਨੇ ਤੁਰੰਤ ਹੀ ਉਸ ਨੂੰ ਵਿਕਟਕੀਪਰ ਡਿਵਿਲੀਅਰਸ ਹੱਥੋਂ ਕੈਚ ਕਰਵਾ ਦਿੱਤਾ।
ਆਮ ਤੌਰ’ਤੇ ਪਾਵਰਪਲੇਅ ਵਿਚ ਗੇਂਦਬਾਜ਼ੀ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਨੇ 13ਵੇਂ ਓਵਰ ਵਿਚ ਗੇਂਦ ਸੰਭਾਲੀ ਤੇ ਆਪਣੇ ਪਹਿਲੇ ਓਵਰ ਵਿਚ ਲਿਨ ਦਾ ਹਵਾ ਵਿਚ ਲਹਿਰਾਉਂਦਾ ਕੈਚ ਫੜ ਕੇ ਉਸ ਨੂੰ ਅਰਧ ਸੈਂਕੜੇ ਤੋਂ ਰੋਕ ਦਿੱਤਾ। ਲਿਨ ਦੀ ਲੰਬੀ ਸ਼ਾਟ ਬੱਲੇ ਦਾ ਕਿਨਾਰਾ ਲੈ ਕੇ ਹਵਾ ਵਿਚ ਤੈਰਨ ਲੱਗੀ ਸੀ। ਹਾਰਦਿਕ ਪੰਡਯਾ ਕੁਝ ਕਮਾਲ ਨਹੀਂ ਕਰ ਸਕਿਆ। ਪਟੇਲ ਨੇ ਉਸ ਨੂੰ ਹੇਠਾਂ ਰਹਿੰਦੀ ਫੁਲਟਾਸ ਗੇਂਦ ’ਤੇ ਐੱਲ. ਬੀ. ਡਬਲਯੂ. ਕੀਤਾ। ਪਟੇਲ ਨੇ ਇਸ ਤੋਂ ਬਾਅਦ ਇਸ਼ਾਨ ਕਿਸ਼ਨ ਨੂੰ ਵੀ ਐੱਲ. ਬੀ. ਡਬਲਯੂ. ਕੀਤਾ ਤੇ ਕਰੁਣਾ ਪੰਡਯਾ ਤੇ ਕੀਰੋਨ ਪੋਲਾਰਡ ਨੂੰ ਬਾਊਂਡਰੀ ਲਾਈਨ ’ਤੇ ਕੈਚ ਕਰਵਾਇਆ। ਮਾਰਕੋ ਜਾਨਸਨ ਨੇ ਪਟੇਲ ਦੀ ਹੈਟ੍ਰਿਕ ਨਹੀਂ ਬਣਨ ਦਿੱਤੀ ਪਰ ਉਸ ਨੇ ਅਗਲੀ ਗੇਂਦ ’ਤੇ ਉਸ ਨੂੰ ਬੋਲਡ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਪੁਰਸ਼ਾਂ ਦੀ ਏਸ਼ੀਆਈ ਚੈਂਪੀਅਨਸ ਟਰਾਫੀ ਹਾਕੀ 1 ਅਕਤੂਬਰ ਤੋਂ ਢਾਕਾ ’ਚ
ਟੀਮਾਂ-
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕ੍ਰਿਸ ਲਿਨ, ਸੂਰਯਕੁਮਾਰ ਯਾਦਵ, ਇਸ਼ਾਨ ਕਿਸ਼ਨ (ਵਿਕਟਕੀਪਰ), ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯਾ, ਨਾਥਨ ਕੂਲਟਰ ਨਾਈਲ/ਪੀਊਸ਼ ਚਾਵਲਾ, ਰਾਹੁਲ ਚਾਹਰ, ਟ੍ਰੇਂਟ ਬੋਲਟ, ਜਸਪ੍ਰੀਤ ਬੁਮਰਾਹ।
ਰਾਇਲ ਚੈਲੰਜਰਜ਼ ਬੈਂਗਲੁਰੂ : ਦੇਵਦੱਤ ਪੱਡੀਕਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵੀਲੀਅਰਸ (ਵਿਕਟਕੀਪਰ), ਗਲੇਨ ਮੈਕਸਵੇਲ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਸਚਿਨ ਬੇਬੀ, ਸੁਯਸ਼ ਪ੍ਰਭੂਦੇਸਾਈ, ਡੈਨੀਅਲ ਕ੍ਰਿਸ਼ਚੀਅਨ, ਵਾਸ਼ਿੰਗਟਨ ਸੁੰਦਰ, ਕਾਈਲ ਜੈਮੀਸਨ, ਕੇਨ ਰਿਚਰਡਸਨ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ।