RR v DC : ਕ੍ਰਿਸ ਮੌਰਿਸ ਦੀ ਬਦੌਲਤ ਰਾਜਸਥਾਨ ਨੇ ਦਿੱਲੀ ਨੂੰ 3 ਵਿਕਟਾਂ ਨਾਲ ਹਰਾਇਆ

Thursday, Apr 15, 2021 - 11:15 PM (IST)

ਮੁੰਬਈ– ਜੈਦੇਵ ਉਨਾਦਕਤ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਡੇਵਿਡ ਮਿਲਰ ਤੇ ਕ੍ਰਿਸ ਮੌਰਿਸ ਦੀਆਂ ਤੂਫਾਨੀ ਪਾਰੀਆਂ ਨਾਲ ਰਾਜਸਥਾਨ ਰਾਇਲਜ਼ ਨੇ ਵਿਰੋਧੀ ਹਾਲਾਤ ਤੋਂ ਉਭਰਦੇ ਹੋਏ ਦਿੱਲੀ ਕੈਪੀਟਲਸ ਨੂੰ ਵੀਰਵਾਰ ਨੂੰ ਇੱਥੇ 3 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-2021 ਸੈਸ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।

PunjabKesari
ਉਨਾਦਕਤ (15 ਦੌੜਾਂ ’ਤੇ 3 ਵਿਕਟਾਂ) ਤੇ ਮੁਸਤਾਫਿਜ਼ੁਰ ਰਹਿਮਾਨ (29 ਦੌੜਾਂ ’ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਕਪਤਾਨ ਰਿਸ਼ਭ ਪੰਤ (51) ਦੇ ਅਰਧ ਸੈਂਕੜੇ ਦੇ ਬਾਵਜੂਦ ਦਿੱਲੀ ਦੀ ਟੀਮ 8 ਵਿਕਟਾਂ ’ਤੇ 147 ਦੌੜਾਂ ਹੀ ਬਣਾ ਸਕੀ। ਉਸ ਤੋਂ ਇਲਾਵਾ ਟਾਮ ਕਿਊਰੇਨ (21) ਤੇ ਲਲਿਤ ਯਾਦਵ (20) ਹੀ 20 ਦੌੜਾਂ ਦੇ ਅੰਕੜੇ ਨੂੰ ਛੂਹ ਸਕੇ। ਰਾਇਲਜ਼ ਦੀ ਸਟੀਕ ਗੇਂਦਬਾਜ਼ੀ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਦਿੱਲੀ ਦੀ ਪਾਰੀ ਵਿਚ ਇਕ ਵੀ ਛੱਕਾ ਨਹੀਂ ਲੱਗਾ।

PunjabKesari
ਇਸ ਦੇ ਜਵਾਬ ਵਿਚ ਰਾਇਲਜ਼ ਦੀ ਟੀਮ ਮਿਲਰ (52) ਤੇ ਮੌਰਿਸ (18 ਗੇਂਦਾਂ ’ਤੇ ਅਜੇਤੂ 36 ਦੌੜਾਂ, 4 ਛੱਕੇ) ਦੀਆਂ ਧਮਾਕੇਦਾਰ ਪਾਰੀਆਂ ਨਾਲ ਅਵੇਸ਼ ਖਾਨ (32 ਦੌੜਾਂ ’ਤੇ 3 ਵਿਕਟਾਂ), ਕ੍ਰਿਸ ਵੋਕਸ (22 ਦੌੜਾਂ ’ਤੇ 2 ਵਿਕਟਾਂ) ਤੇ ਕੈਗਿਸੋ ਰਬਾਡਾ (30 ਦੌੜਾਂ ’ਤੇ 2 ਵਿਕਟਾਂ) ਦੀ ਤੂਫਾਨੀ ਗੇਂਦਬਾਜ਼ੀ ਦੇ ਬਾਵਜੂਦ 19.4 ਓਵਰਾਂ ਵਿਚ 7 ਵਿਕਟਾਂ ’ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕਰਨ ਵਿਚ ਸਫਲ ਰਹੀ। ਉਨਾਦਕਤ 11 ਦੌੜਾਂ ਬਣਾ ਕੇ ਅਜੇਤੂ ਰਿਹਾ।

PunjabKesari
ਟੀਚੇ ਦਾ ਪਿੱਛਾ ਕਰਨ ਉਤਰੀ ਰਾਇਲਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਤੇ ਟੀਮ ਨੇ 8ਵੇਂ ਓਵਰ ਵਿਚ 36 ਦੌੜਾਂ ’ਤੇ ਹੀ 4 ਵਿਕਟਾਂ ਗੁਆ ਦਿੱਤੀਆਂ ਸਨ। ਮਨਨ ਵੋਹਰਾ (9) ਨੇ ਤੀਜੇ ਓਵਰ ਵਿਚ ਕ੍ਰਿਸ ਵੋਕਸ ’ਤੇ ਲਗਾਤਾਰ ਦੋ ਚੌਕੇ ਮਾਰੇ ਪਰ ਇਸ ਤੇਜ਼ ਗੇਂਦਬਾਜ਼ ਦੀ ਅਗਲੀ ਗੇਂਦ ’ਤੇ ਮਿਡ ਆਨ ’ਤੇ ਰਬਾਡਾ ਨੂੰ ਉਹ ਕੈਚ ਦੇ ਬੈਠਾ । ਵੋਕਸ ਨੇ ਇਕ ਗੇਂਦ ਬਾਅਦ ਦੂਜੇ ਸਲਾਮੀ ਬੱਲੇਬਾਜ਼ ਜੋਸ ਬਟਲਰ (2) ਨੂੰ ਵੀ ਵਿਕਟਕੀਪਰ ਪੰਤ ਦੇ ਹੱਥੋਂ ਕੈਚ ਕਰਵਾਇਆ। ਕਪਤਾਨ ਸੰਜੂ ਸੈਮਸਨ (4) ਨੇ ਕੈਗਿਸੋ ਰਬਾਡਾ ਦੀ ਪਹਿਲੀ ਗੇਂਦ ’ਤੇ ਚੌਕੇ ਨਾਲ ਖਾਤਾ ਖੋਲ੍ਹਿਆ ਪਰ ਤੀਜੀ ਗੇਂਦ ’ਤੇ ਸਲਿਪ ਵਿਚ ਸ਼ਿਖਰ ਧਵਨ ਨੂੰ ਕੈਚ ਦੇ ਬੈਠਾ।

PunjabKesari
ਰਾਇਲਜ਼ ਦੀ ਟੀਮ ਪਾਵਰ ਪਲੇਅ ਵਿਚ 3 ਵਿਕਟਾਂ ’ਤੇ 26 ਦੌੜਾਂ ਹੀ ਬਣਾ ਸਕੀ। ਆਵੇਸ਼ ਖਾਨ ਨੇ 8ਵੇਂ ਓਵਰ ਵਿਚ ਸ਼ਿਵਮ ਦੂਬੇ (2) ਨੂੰ ਸਲਿਪ ’ਚ ਧਵਨ ਦੇ ਹੱਥੋਂ ਕੈਚ ਕਰਵਾਇਆ ਜਦਕਿ ਰਿਆਨ ਪ੍ਰਾਗ (2) ਵੀ ਇਸ ਤੇਜ਼ ਗੇਂਦਬਾਜ਼ ਦੀ ਗੇਂਦ ਨੂੰ ਹਵਾ ਵਿਚ ਖੇਡ ਕੇ ਧਵਨ ਦੇ ਹੱਥੋਂ ਕੈਚ ਆਊਟ ਹੋ ਗਿਆ, ਜਿਸ ਨਾਲ ਰਾਇਲਜ਼ ਦਾ ਸਕੋਰ 5 ਵਿਕਟਾਂ ’ਤੇ 42 ਦੌੜਾਂ ਹੋ ਗਿਆ। ਡੇਵਿਡ ਮਿਲਰ ਨੇ ਅਵੇਸ਼ ’ਤੇ ਲਗਾਤਾਰ ਦੋ ਚੌਕਿਆਂ ਨਾਲ 10ਵੇਂ ਓਵਰ ਵਿਚ ਟੀਮ ਦੀਆਂ ਦੌੜਾਂ ਦਾ ਅਰਧ ਸੈਂਕੜਾ ਪੂਰਾ ਕੀਤਾ।

PunjabKesari
ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਮਾਰਕਸ ਸਟੋਇੰਸ ਦਾ ਸਵਾਗਤ ਲਗਾਤਾਰ ਤਿੰਨ ਚੌਕਿਆਂ ਨਾਲ ਕੀਤਾ। ਰਾਹੁਲ ਤੇਵਤੀਆ ਨੇ ਵੀ ਟਾਮ ਕਿਊਰੇਨ ਦੇ ਓਵਰ ਵਿਚ ਦੋ ਚੌਕਿਆਂ ਨਾਲ ਤੇਵਰ ਦਿਖਾਏ। ਉਹ ਹਾਲਾਂਕਿ 17 ਗੇਂਦਾਂ ’ਤੇ 19 ਦੌੜਾਂ ਬਣਾਉਣ ਤੋਂ ਬਾਅਦ ਰਬਾਡਾ ਦੀ ਉਛਾਲ ਲੈਂਦੀ ਗੇਂਦ ’ਤੇ ਮਿਡਵਿਕਟ ’ਤੇ ਯਾਦਵ ਨੂੰ ਆਸਾਨ ਕੈਚ ਦੇ ਬੈਠਾ।
ਰਾਇਲਜ਼ ਨੂੰ ਆਖਰੀ 5 ਓਵਰਾਂ ਵਿਚ 58 ਦੌੜਾਂ ਦੀ ਲੋੜ ਸੀ। ਮਿਲਰ ਨੇ ਅਵੇਸ਼ ਦੀ ਗੇਂਦ ’ਤੇ 1 ਦੌੜ ਦੇ ਨਾਲ 40 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ। ਉਸ ਨੇ ਇਸੇ ਓਵਰ ਵਿਚ ਲਗਾਤਾਰ ਦੋ ਛੱਕਿਆਂ ਨਾਲ ਟੀਮ ਦੀਆਂ ਦੌੜਾਂ ਦਾ ਸੈਂਕੜਾ ਪੂਰਾ ਕੀਤਾ ਪਰ ਅਗਲੀ ਗੇਂਦ ’ਤੇ ਕੈਚ ਆਊਟ ਹੋ ਗਿਆ। ਉਨਾਦਕਤ ਨੇ ਵੋਕਸ ’ਤੇ ਛੱਕੇ ਨਾਲ ਖਾਤਾ ਖੋਲ੍ਹਿਆ ਪਰ ਕਿਊਰੇਨ ਨੇ ਅਗਲੇ ਓਵਰ ਵਿਚ ਕੋਈ ਬਾਊਂਡਰੀ ਨਹੀਂ ਦਿੱਤੀ। ਰਾਇਲਜ਼ ਨੂੰ ਆਖਰੀ 2 ਓਵਰਾਂ ਵਿਚ ਜਿੱਤ ਲਈ 27 ਦੌੜਾਂ ਦੀ ਲੋੜ ਸੀ। ਮੌਰਿਸ ਨੇ ਰਬਾਡਾ ਦੇ 19ਵੇਂ ਓਵਰ ਵਿਚ 2 ਛੱਕੇ ਲਾਏ, ਜਿਸ ਨਾਲ ਆਖਰੀ ਓਵਰ ਵਿਚ ਜਿੱਤ ਦੇ ਲਈ 12 ਦੌੜਾਂ ਦੀ ਲੋੜ ਸੀ। ਮੌਰਿਸ ਨੇ ਕਿਊਰੇਨ ’ਤੇ ਦੋ ਛੱਕੇ ਲਾ ਕੇ ਰਾਇਲਜ਼ ਨੂੰ ਜਿੱਤ ਦਿਵਾ ਦਿੱਤੀ।

 

PunjabKesari

ਪਲੇਇੰਗ ਇਲੈਵਨ--
ਰਾਜਸਥਾਨ ਰਾਇਲਜ਼ : ਜੋਸ ਬਟਲਰ, ਮਨਨ ਵੋਹਰਾ, ਸੰਜੂ ਸੈਮਸਨ (ਕਪਤਾਨ ਤੇ ਵਿਕਟਕੀਪਰ), ਡੇਵਿਡ ਮਿਲਰ, ਰਿਆਨ ਪਰਾਗ, ਰਾਹੁਲ ਤੇਵਤੀਆ, ਸ਼ਿਵਮ ਦੂਬੇ, ਸ਼੍ਰੇਅਸ਼ ਅਈਅਰ, ਕ੍ਰਿਸ ਮੌਰਿਸ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ

ਦਿੱਲੀ ਕੈਪੀਟਲਸ : ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਅਜਿੰਕਯ ਰਹਾਨੇ, ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਮਾਰਕਸ ਸਟੋਈਨਿਸ, ਸ਼ਿਮਰੋਨ ਹੈਟਮੇਅਰ, ਕ੍ਰਿਸ ਵੋਕਸ, ਰਵੀਚੰਦਰਨ ਅਸ਼ਵਿਨ, ਟਾਮ ਕੁਰੇਨ, ਅਮਿਤ ਮਿਸ਼ਰਾ, ਅਵੇਸ਼ ਖਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


Karan Kumar

Content Editor

Related News