IPL 2020 ਦਾ ਪਹਿਲਾ ਕੁਆਲੀਫਾਇਰ ਅੱਜ, ਮੁੰਬਈ-ਦਿੱਲੀ ਦੀ ਟੱਕਰ ਨਾਲ ਨਿਕਲੇਗਾ ਫਾਈਨਲਿਸਟ

Thursday, Nov 05, 2020 - 01:37 PM (IST)

ਦੁਬਈ– ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਵੀਰਵਾਰ ਨੂੰ ਹੋਣ ਵਾਲੇ ਪਹਿਲੇ ਕੁਆਲੀਫਾਇਰ ਨਾਲ ਆਈ. ਪੀ. ਐੱਲ.-13 ਦਾ ਪਹਿਲਾ ਫਾਈਨਲਿਸਟ ਨਿਕਲੇਗਾ ਤੇ ਦੋਵੇਂ ਟੀਮਾਂ ਫਾਈਨਲ ਵਿਚ ਪਹੁੰਚਣ ਲਈ ਆਪਣਾ ਪੂਰਾ ਜ਼ੋਰ ਲਾ ਦੇਣਗੀਆਂ।

4 ਵਾਰ ਦੀ ਜੇਤੂ ਮੁੰਬਈ ਦੀ ਟੀਮ ਅੰਕ ਸੂਚੀ ਵਿਚ 14 ਮੈਚਾਂ ਵਿਚੋਂ 9 ਜਿੱਤਾਂ ਤੇ 18 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ ਦੇ ਸਥਾਨ ’ਤੇ ਰਹੀ ਜਦਕਿ ਦਿੱਲੀ ਨੇ 14 ਮੈਚਾਂ ਵਿਚੋਂ 8 ਜਿੱਤਾਂ ਤੇ 16 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ। ਮੁੰਬਈ ਤੇ ਦਿੱਲੀ ਵਿਚਾਲੇ ਪਹਿਲੇ ਕੁਆਲੀਫਾਇਰ ਦੀ ਜੇਤੂ ਟੀਮ 10 ਨਵੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚ ਜਾਵੇਗੀ ਜਦਕਿ ਹਾਰ ਜਾਣ ਵਾਲੀ ਟੀਮ 8 ਨਵੰਬਰ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਵਿਚ ਐਲਿਮੀਨੇਟਰ ਦੀ ਜੇਤੂ ਟੀਮ ਨਾਲ ਭਿੜੇਗੀ।

ਮੁੰਬਈ ਨੇ ਪਲੇਅ ਆਫ ਵਿਚ ਆਪਣਾ ਸਥਾਨ ਸਭ ਤੋਂ ਪਹਿਲਾਂ ਪੱਕਾ ਕੀਤਾ ਸੀ ਪਰ ਉਹ ਆਪਣਾ ਆਖਰੀ ਲੀਗ ਮੈਚ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ 10 ਵਿਕਟਾਂ ਨਾਲ ਹਾਰ ਕੇ ਪਹਿਲੇ ਕੁਆਲੀਫਾਇਰ ਵਿਚ ਖੇਡਣ ਉਤਰੇਗੀ ।

ਦੂਜੇ ਪਾਸੇ ਦਿੱਲੀ ਨੇ ਆਪਣੇ ਆਖਰੀ ਲੀਗ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਹਰਾਇਆ ਸੀ ਤੇ ਉਹ ਜਿੱਤ ਦੇ ਮਨੋਬਲ ਨਾਲ ਕੁਆਲੀਫਾਇਰ ਵਿਚ ਉਤਰੇਗੀ।

ਮੁੰਬਈ ਨੂੰ ਆਪਣੇ ਆਈ. ਪੀ. ਐੱਲ. ਇਤਿਹਾਸ ਵਿਚ ਤੀਜੀ ਵਾਰ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨ ਪਿਆ ਸੀ ਤੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਹਾਰ ਤੋਂ ਬਾਅਦ ਮੰਨਿਆ ਸੀ ਕਿ ਇਹ ਦਿਨ ਉਸਦੀ ਟੀਮ ਲਈ ਚੰਗਾ ਨਹੀਂ ਰਿਹਾ ਪਰ ਟੀਮ ਦਿੱਲੀ ਵਿਰੁੱਧ ਮੁਕਾਬਲੇ ਵਿਚ ਵਾਪਸੀ ਕਰੇਗੀ। ਮੁੰਬਈ ਨੇ ਹੈਦਰਾਬਾਦ ਵਿਰੁੱਧ ਆਪਣੇ 3 ਧਾਕੜ ਖਿਡਾਰੀਆਂ ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ ਤੇ ਟ੍ਰੇਂਟ ਬੋਲਟ ਨੂੰ ਆਰਾਮ ਦਿੱਤਾ ਸੀ ਤੇ ਕੁਆਲੀਫਾਇਰ ਵਿਚ ਇਹ ਤਿੰਨੇ ਖਿਡਾਰੀ ਪਰਤਣਗੇ, ਜਿਸ ਨਾਲ ਮੁੰਬਈ ਟੀਮ ਨੂੰ ਮਜ਼ਬੂਤੀ ਮਿਲੇਗੀ।

ਦਿੱਲੀ ਨੂੰ ਪਤਾ ਹੈ ਕਿ ਮੁੰਬਈ ਆਪਣੀ ਪੂਰੀ ਤਾਕਤ ਦੇ ਨਾਲ ਬੇਹੱਦ ਮਜ਼ਬੂਤ ਹੈ ਤੇ ਉਸ ਨੂੰ ਹਰਾਉਣਾ ਕਾਫੀ ਮੁਸ਼ਕਿਲ ਕੰਮ ਹੈ। ਇਸ ਵਾਰ ਦੋਵਾਂ ਟੀਮਾਂ ਦਾ ਆਬੂਧਾਬੀ ਵਿਚ ਪਹਿਲਾ ਮੁਕਾਬਲਾ ਹੋਇਆ ਸੀ, ਜਿਸ ਵਿਚ ਮੁੰਬਈ ਨੇ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਦੋਵਾਂ ਟੀਮਾਂ ਵਿਚਾਲੇ ਦੂਜੀ ਟੱਕਰ ਦੁਬਈ ਵਿਚ ਹੋਈ ਸੀ, ਜਿਸ ਵਿਚ ਮੁੰਬਈ 9 ਵਿਕਟਾਂ ਨਾਲ ਜਿੱਤ ਗਈ ਸੀ।

ਇਸ ਵਾਰ ਲੀਗ ਮੁਕਾਬਲੇ ਵਿਚ ਮੁੰਬਈ ਦਾ ਦਿੱਲੀ ਵਿਰੁੱਧ ਸੌ ਫੀਸਦੀ ਰਿਕਾਰਡ ਹੈ ਤੇ ਦਿੱਲੀ ਨੂੰ ਜੇਕਰ ਸਿੱਧੇ ਫਾਈਨਲ ਵਿਚ ਜਗ੍ਹਾ ਬਣਾਉਣੀ ਹੈ ਤਾਂ ਉਸਦੇ ਖਿਡਾਰੀਆਂ ਨੂੰ ਆਖਰੀ ਲੀਗ ਮੈਚ ਦੇ ਪ੍ਰਦਰਸ਼ਨ ਨੂੰ ਕੁਆਲੀਫਾਇਰ ਵਿਚ ਬਰਕਰਾਰ ਰੱਖਣਾ ਪਵੇਗਾ। ਦਿੱਲੀ ਦੀਆਂ ਇਕ ਵਾਰ ਫਿਰ ਉਮੀਦਾਂ ਸ਼ਿਖਰ ਧਵਨ ’ਤੇ ਟਿਕੀਆਂ ਰਹਿਣਗੀਆਂ, ਜਿਸ ਨੇ ਪਿਛਲੇ ਮੈਚ ਵਿਚ ਅਰਧ ਸੈਂਕੜਾ ਲਾਇਆ ਸੀ ਜਦਕਿ ਅਜਿੰਕਯ ਰਹਾਨੇ ਦੀ ਫਾਰਮ ਵਿਚ ਵਾਪਸੀ ਨਾਲ ਦਿੱਲੀ ਦਾ ਮਨੋਬਲ ਮਜ਼ਬੂਤ ਹੋਇਆ ਹੋਵੇਗਾ।

ਟੀਮਾਂ ਇਸ ਤਰ੍ਹਾਂ ਹਨ

ਮੰਬਈ ਇੰਡੀਅਨਜ਼ ਦੀ ਟੀਮ– ਰੋਹਿਤ ਸ਼ਰਮਾ (ਕਪਤਾਨ), ਆਦਿੱਤਿਆ ਤਾਰੇ, ਅਨੁਕੁਲ ਰਾਏ, ਕ੍ਰਿਸ ਲਿਨ, ਧਵਲ ਕੁਲਕਰਨੀ, ਦਿਗਵਿਜੇ ਦੇਸ਼ਮੁਖ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ, ਜੇਮਸ ਪੈਟਿੰਸਨ, ਜਸਪ੍ਰੀਤ ਬੁਮਰਾਹ, ਜਯੰਤ ਯਾਦਵ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਮਿਸ਼ੇਲ ਮੈਕਲੇਨਘਨ, ਮੋਹਸਿਨ ਖਾਨ, ਨਾਥਨ ਕੂਲਟਰ ਨਾਇਲ, ਪ੍ਰਿੰਸ ਬਲਵੰਤ ਰਾਏ, ਕਵਿੰਟਨ ਡੀ ਕੌਕ, ਰਾਹੁਲ ਚਾਹਰ, ਸੌਰਭ ਤਿਵਾੜੀ, ਐੱਸ. ਰੁਦਰਫੋਰਡ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ।

ਦਿੱਲੀ ਕੈਪੀਟਲਸ ਦੀ ਟੀਮ– ਸ਼੍ਰੇਅਸ ਆਈਅਰ (ਕਪਤਾਨ), ਕੈਗੀਸੋ ਰਬਾਡਾ, ਮਾਰਕਸ ਸਟੋਇੰਸ, ਸੰਦੀਪ ਲਾਮੀਚਾਨੇ, ਇਸ਼ਾਂਤ ਸ਼ਰਮਾ, ਅਜਿੰਕਯ ਰਹਾਨੇ, ਆਰ. ਅਸ਼ਵਿਨ, ਸ਼ਿਖਰ ਧਵਨ, ਸ਼ਿਮਰੋਨ ਹੈੱਟਮਾਇਰ, ਐਲਕਸ ਕੈਰੀ, ਮੋਹਿਤ ਸ਼ਰਮਾ, ਪ੍ਰਿਥਵੀ ਸ਼ਾਹ, ਲਲਿਤ ਯਾਦਵ, ਅਵੇਸ਼ ਖਾਨ, ਅਕਸ਼ਰ ਪਟੇਲ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਕੀਮੋ ਪੌਲ, ਅਮਿਤ ਮਿਸ਼ਰਾ, ਐਨਰਿਚ ਨੋਰਤਜੇ, ਡੈਨੀਅਲ ਸੈਮਸ।


Rakesh

Content Editor

Related News