IPL 2020: ਦੁਬਈ 'ਚ ਆਈਸੋਲੇਟ ਕੀਤੇ ਗਏ ਕ੍ਰਿਕਟਰ ਰੈਨਾ ਨੇ ਲਿਖਿਆ ਕੁਆਰੰਟੀਨ 'ਤੇ ਗਾਣਾ, ਦੇਖੋ ਵੀਡੀਓ
Wednesday, Aug 26, 2020 - 12:47 PM (IST)
ਸਪੋਰਟਸ ਡੈਸਕ : ਆਈ.ਪੀ.ਐਲ. ਦੇ ਸਾਰੇ ਖਿਡਾਰੀ ਦੁਬਈ ਪਹੁੰਚ ਗਏ ਹਨ। ਦੁਬਈ ਪੁੱਜੇ ਖਿਡਾਰੀਆਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ ਅਤੇ ਸਾਰੇ ਖਿਡਾਰੀ ਫਿਟਨੈਸ ਅਤੇ ਹੋਰ ਚੀਜ਼ਾਂ ਕਰਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ। ਉਥੇ ਹੀ ਚੇਨੱਈ ਸੁਪਰਕਿੰਗਸ ਦੇ ਸਭ ਤੋਂ ਤੂਫਾਨੀ ਬੱਲੇਬਾਜ ਸੁਰੇਸ਼ ਰੈਨਾ ਨੇ ਇਕ ਗਾਣਾ ਲਿਖਿਆ ਹੈ, ਜਿਸ ਵਿਚ ਉਨ੍ਹਾਂ ਨੇ ਜ਼ਿਕਰ ਕੀਤਾ ਹੈ ਕਿ ਪਿਛਲੇ 4 ਦਿਨਾਂ ਵਿਚ ਉਨ੍ਹਾਂ ਨੇ ਕੀ-ਕੀ ਕੀਤਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਸਾਬਕਾ ਭਾਰਤੀ ਐਥਲੀਟ ਦਾ ਕਾਰਾ, ਮਾਂ ਅਤੇ ਪਤਨੀ ਦਾ ਕੀਤਾ ਕਤਲ
ਸੁਰੇਸ਼ ਰੈਨਾ ਆਏ ਦਿਨ ਫਿਟਨੈਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। 15 ਅਗਸਤ ਦੀ ਸ਼ਾਮ ਧੋਨੀ ਦੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਬਾਅਦ ਰੈਨਾ ਨੇ ਵੀ ਇੰਟਰਨੇਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ। ਹੁਣ ਸੁਰੇਸ਼ ਰੈਨਾ ਸਿਰਫ ਆਈ.ਪੀ.ਐਲ. 'ਤੇ ਧਿਆਨ ਦੇ ਰਹੇ ਹਨ। ਦੁਬਈ ਦੇ ਤਾਜ ਹੋਟਲ ਵਿਚ ਚੇਨੱਈ ਸੁਪਰਕਿੰਗਸ ਰੁਕੀ ਹੈ ਅਤੇ ਉਸ ਹੋਟਲ ਦੀ ਖ਼ਾਸ ਗੱਲ ਇਹ ਹੈ ਕਿ ਉੱਥੋਂ ਦੁਨੀਆ ਦੀ ਸਭ ਤੋਂ ਖ਼ੂਬਸੂਰਤ ਇਮਾਰਾਤ ਬੁਰਜ ਖ਼ਲੀਫਾ ਵਿੱਖਦੀ ਹੈ। ਹੁਣ ਸੁਰੇਸ਼ ਰੈਨਾ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਵੀਡੀਓ ਪੋਸਟ ਕੀਤੀ ਹੈ ਜਿਸ ਵਿਚ ਉਹ 'ਰੈਪ' ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਦੁਨੀਆ ਦਾ ਸਭ ਤੋਂ ਮਸ਼ਹੂਰ ਟੀ-20 ਟੂਰਨਾਮੈਂਟ IPL ਇਸ ਸਾਲ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਆਈ.ਪੀ.ਐਲ. ਦੇ 13ਵੇਂ ਸੀਜ਼ਨ ਦਾ ਕੋਰੋਨਾ ਕਾਰਨ ਇਸ ਸਾਲ ਭਾਰਤ ਵਿਚ ਪ੍ਰਬੰਧ ਨਹੀਂ ਹੋਵੇਗਾ। ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਪਹਿਲਾਂ ਸਾਰੇ ਕ੍ਰਿਕਟਰਾਂ ਦੇ 3-3 ਕੋਵਿਡ-19 ਟੈਸਟ ਹੋਣਗੇ ਅਤੇ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਹੀ ਟੀਮ ਬਾਇਓ ਸੁਰੱਖਿਅਤ ਵਾਤਾਵਰਣ ਵਿਚ ਦਾਖ਼ਲ ਹੋਵੇਗੀ। ਇਹ ਆਈ.ਪੀ.ਐਲ. ਬਾਇਓ ਸੁਰੱਖਿਅਤ ਵਾਤਾਵਰਣ ਵਿਚ ਹੋਵੇਗਾ। ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਨੇ ਸਾਰੀਆਂ ਫ੍ਰੈਂਚਾਇਜ਼ੀ ਟੀਮਾਂ ਨੂੰ ਐਸ.ਓ.ਪੀ. ਪਹਿਲਾਂ ਹੀ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ: ਕੋਵਿਡ-19 ਮਰੀਜ਼ ਲਈ ਹਰ ਨਗਰਪਾਲਿਕਾ ਨੂੰ ਸਰਕਾਰ ਦੇ ਰਹੀ ਹੈ 1.5 ਲੱਖ ਰੁਪਏ, ਜਾਣੋ ਕੀ ਹੈ ਸੱਚਾਈ