IPL 2020 : ਅੱਜ ਰਾਜਸਥਾਨ ਰਾਇਲਸ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਹੋਵੇਗੀ ਟੱਕਰ

Sunday, Sep 27, 2020 - 01:13 PM (IST)

ਸ਼ਾਰਜਾਹ (ਵਾਰਤਾ) : ਆਈ.ਪੀ.ਐਲ. ਵਿਚ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਰਾਜਸਥਾਨ ਰਾਇਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਵਿਚਾਲੇ ਐਤਵਾਰ ਯਾਨੀ ਅੱਜ ਹੋਣ ਵਾਲੇ ਮੁਕਾਬਲੇ ਵਿਚ ਓਪਨਰ ਅਤੇ ਵਿਕਟਕੀਪਰ ਬੱਲੇਬਾਜਾਂ ਰਾਜਸਥਾਨ ਦੇ ਸੰਜੂ ਸੈਮਸਨ ਅਤੇ ਪੰਜਾਬ ਦੇ ਲੋਕੇਸ਼ ਰਾਹੁਲ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ। ਰਾਜਸਥਾਨ ਅਤੇ ਪੰਜਾਬ ਦੀਆਂ ਟੀਮਾਂ ਨੇ ਆਪਣੇ ਪਿਛਲੇ ਮੁਕਾਬਲੇ ਜਿੱਤੇ ਹਨ ਅਤੇ ਦੋਵਾਂ ਟੀਮਾਂ ਦੀਆਂ ਨਜ਼ਰਾਂ ਆਪਣਾ ਜੇਤੂ ਰੱਥ ਅੱਗੇ ਵਧਾਉਣ ਉੱਤੇ ਹੋਣਗੀਆਂ। ਰਾਜਸਥਾਨ ਨੇ ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ਵਿਚ 216 ਦੌੜਾਂ ਦਾ ਵਿਸ਼ਾਲ ਸਕੋਰ ਬਣਾ ਕੇ ਪਿਛਲੇ ਉਪ ਜੇਤੂ ਚੇਨਈ ਸੁਪਰ ਕਿੰਗਜ਼ ਨੂੰ 16 ਦੌੜਾਂ ਨਾਲ ਹਰਾਇਆ ਸੀ, ਜਦੋਂਕਿ ਪੰਜਾਬ ਦੀ ਟੀਮ ਨੇ 206 ਦੌੜਾਂ ਬਣਾ ਕੇ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 97 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ ਸੀ। ਦੋਵੇਂ ਟੀਮਾਂ ਜਿੱਤ ਤੋਂ ਉਤਸ਼ਾਹਿਤ ਹਨ ਅਤੇ ਅਗਲੇ ਮੁਕਾਬਲੇ ਲਈ ਤਿਆਰ ਹਨ।

ਪੰਜਾਬ 2 ਮੁਕਾਬਲੇ ਵਿਚ ਇਕ ਜਿੱਤ ਇਕ ਹਾਰ ਦੇ ਨਾਲ 2 ਅੰਕ ਲੈ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ, ਜਦੋਂਕਿ ਰਾਜਸਥਾਨ ਦੀ ਟੀਮ ਇਕ ਜਿੱਤ ਨਾਲ 2 ਅੰਕ ਲੈ ਕੇ ਚੌਥੇ ਨੰਬਰ 'ਤੇ ਹੈ। ਪੰਜਾਬ ਦਾ ਇਹ ਤੀਜਾ ਅਤੇ ਰਾਜਸਥਾਨ ਦਾ ਦੂਜਾ ਮੈਚ ਹੋਵੇਗਾ। ਰਾਜਸਥਾਨ ਦੇ ਸੈਮਸਨ ਨੇ ਚੇਨਈ ਖ਼ਿਲਾਫ਼ ਸਿਰਫ਼ 32 ਗੇਂਦਾਂ ਵਿਚ ਇਕ ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ ਤਾਬੜਤੋੜ 74 ਦੌੜਾਂ ਬਣਾਏ ਸਨ, ਜਦੋਂਕਿ ਰਾਹੁਲ ਨੇ ਬੈਂਗਲੁਰੂ ਖ਼ਿਲਾਫ਼ 69 ਗੇਂਦਾਂ ਵਿਚ 14 ਚੌਕਿਆਂ ਅਤੇ 7 ਛੱਕਿਆਂ ਨਾਲ ਨਾਬਾਦ 132 ਦੌੜਾਂ ਦੀ ਪਾਰੀ ਖੇਡੀ ਸੀ। ਇਹ ਰਾਹੁਲ ਦਾ ਸਭ ਤੋਂ ਉੱਤਮ ਸਕੋਰ ਅਤੇ ਇਸ ਆਈ.ਪੀ.ਐਲ. ਦਾ ਪਹਿਲਾ ਅਰਧ ਸੈਂਕੜਾ ਸੀ। ਰਾਜਸਥਾਨ ਦਾ ਆਪਣੇ ਦੂਜੇ ਮੈਚ ਤੋਂ ਪਹਿਲਾਂ ਮਨੋਬਲ ਇਸ ਗੱਲ ਤੋਂ ਉੱਚਾ ਹੋ ਗਿਆ ਹੈ ਕਿ ਟੀਮ ਦੇ ਸਟਾਰ ਬੱਲੇਬਾਜ ਜੋਸ ਬਟਲਰ ਦਾ ਇਕਾਂਤਵਾਸ ਦਾ ਸਮਾਂ ਪੂਰਾ ਹੋ ਚੁੱਕਾ ਹੈ ਅਤੇ ਉਹ ਅਗਲੇ ਮੁਕਾਬਲੇ ਵਿਚ ਖੇਡਣ ਲਈ ਪੂਰੀ ਤਰ੍ਹਾਂ ਤਿਆਰ ਹਨ। ਰਾਜਸਥਾਨ ਦਾ ਟੀਮ ਪ੍ਰਬੰਧਨ ਇਸ ਗੱਲ ਦੀ ਪੁਸ਼ਟੀ ਕਰ ਚੁੱਕਾ ਹੈ ਕਿ ਬਟਲਰ ਇਸ ਮੁਕਾਬਲੇ ਵਿਚ ਖੇਡਣਗੇ। ਹਾਲਾਂਕਿ ਟੀਮ ਦੇ ਧਾਕੜ ਆਲਰਾਊਂਡਰ ਬੇਨ ਸਟੋਕਸ ਆਪਣੇ ਪਿਤਾ ਦੀ ਬੀਮਾਰੀ ਕਾਰਨ ਨਿਊਜ਼ੀਲੈਂਡ ਵਿਚ ਹਨ ਅਤੇ ਅਜੇ ਵੀ ਟੀਮ ਨਾਲ ਨਹੀਂ ਜੁੜ ਸਕੇ ਹਨ।

ਬਟਲਰ ਦੇ ਟੀਮ ਵਿਚ ਸ਼ਾਮਲ ਹੋਣ ਨਾਲ ਰਾਜਸਥਾਨ ਦਾ ਬੱਲੇਬਾਜ਼ੀ ਹਮਲਾ ਹੋਰ ਮਜਬੂਤ ਹੋਵੇਗਾ ਜੋ ਪੰਜਾਬ ਲਈ ਸਖ਼ਤ ਚੁਣੌਤੀ ਬਣ ਸਕਦਾ ਹੈ। ਰਾਜਸਥਾਨ ਦੇ ਬਰਾਂਡ ਅੰਬੈਸਡਰ ਅਤੇ ਮੈਂਟਰ ਸ਼ੇਨ ਵਾਰਨ ਵੀ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪਹੁੰਚ ਗਏ ਹਨ। ਹਾਲਾਂਕਿ ਉਹ ਅਜੇ ਇਕਾਂਤਵਾਸ ਰਹਿਣਗੇ ਪਰ ਉਨ੍ਹਾਂ ਦੇ  ਆਉਣ ਨਾਲ ਟੀਮ ਦਾ ਮਨੋਬਲ ਵੱਧ ਗਿਆ ਹੈ। ਵਾਰਨ ਦੀ ਕਪਤਾਨੀ ਵਿਚ ਰਾਜਸਥਾਨ ਨੇ ਪਹਿਲੇ ਆਈ.ਪੀ.ਐਲ. ਵਿਚ ਸਾਰਿਆ ਨੂੰ ਹੈਰਾਨ ਕਰਦੇ ਹੋਏ ਖ਼ਿਤਾਬ ਜਿੱਤਿਆ ਸੀ। ਦੂਜੇ ਪਾਸੇ ਪੰਜਾਬ ਇਸ ਮੁਕਾਬਲੇ ਤੋਂ ਪਹਿਲਾਂ ਇਸ ਮੈਦਾਨ 'ਤੇ ਰਾਜਸਥਾਨ ਖ਼ਿਲਾਫ਼ 6 ਸਾਲ ਪੁਰਾਣੇ ਰਿਕਾਡਰ ਤੋਂ ਪ੍ਰੇਰਨਾ ਲੈ ਸਕਦਾ ਹੈ ਕਿ ਸ਼ਾਰਜਾਹ ਵਿਚ 2014 ਵਿਚ ਰਾਜਸਥਾਨ ਖ਼ਿਲਾਫ਼ ਖੇਡੇ ਗਏ, ਪਿਛਲੇ ਮੁਕਾਬਲੇ ਵਿਚ ਉਸ ਨੂੰ ਜਿੱਤ ਹਾਸਲ ਹੋਈ ਸੀ। ਪਿੱਛਲੀ ਵਾਰ ਇਸ ਮੈਦਾਨ 'ਤੇ ਰਾਜਸਥਾਨ ਖ਼ਿਲਾਫ਼ ਖੇਡੇ ਗਏ ਮੁਕਾਬਲੇ ਵਿਚ ਪੰਜਾਬ ਦੀ ਟੀਮ ਨੇ 7 ਵਿਕਟ ਨਾਲ ਜਿੱਤ ਦਰਜ ਕੀਤੀ ਸੀ। ਉਸ ਮੈਚ ਵਿਚ ਰਾਜਸਥਾਨ ਨੇ 5 ਵਿਕਟਾਂ 'ਤੇ 191 ਦੌੜਾਂ ਬਣਾਈਆਂ ਸਨ, ਜਦੋਂਕਿ ਪੰਜਾਬ ਨੇ 3 ਵਿਕਟਾਂ 'ਤੇ 193 ਦੌੜਾਂ ਬਣਾ ਕੇ ਮੈਚ ਜਿੱਤਿਆ ਸੀ। ਮੁਕਾਬਲੇ ਵਿਚ ਰਾਜਸਥਾਨ ਵੱਲੋਂ ਸੈਮਸਨ ਨੇ 52 ਦੌੜਾਂ ਅਤੇ ਸਟੀਵਨ ਸਮਿਥ ਨੇ ਨਾਬਾਦ 27 ਦੌੜਾਂ ਬਣਾਈਆਂ ਸਨ, ਜਦੋਂ ਕਿ ਪੰਜਾਬ ਵੱਲੋਂ ਗਲੇਨ ਮੈਕਸਵੇਲ ਨੇ 89 ਦੌੜਾਂ ਠੋਕੀਆਂ ਸਨ। ਜਿੱਥੇ ਇਕ ਪਾਸੇ ਪੰਜਾਬ ਇਸ ਰਿਕਾਡਰ ਤੋਂ ਉਤਸ਼ਾਹਿਤ ਹੋਵੇਗੀ ਤਾਂ ਉਥੇ ਹੀ ਰਾਜਸਥਾਨ ਕੋਲ ਪਿੱਛਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਹੋਵੇਗਾ।

ਰਾਜਸਥਾਨ ਵਲੋਂ ਚੇਨਈ ਖ਼ਿਲਾਫ਼ ਪਿਛਲੇ ਮੁਕਾਬਲੇ ਵਿਚ ਕਪਤਾਨ ਸਮਿਥ (69) ਨੇ ਵੀ ਸ਼ਾਨਦਾਰ ਪਾਰੀ ਖੇਡੀ ਸੀ ਅਤੇ ਸੈਮਸਨ ਨਾਲ ਮਿਲ ਕੇ 121 ਦੌੜਾਂ ਦੀ ਵੱਡੀ ਸਾਂਝੇਦਾਰੀ ਕੀਤੀ ਸੀ। ਰਾਜਸਥਾਨ ਦੇ ਸਿਖ਼ਰ ਕ੍ਰਮ ਨੇ ਤਾਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ ਪਰ ਉਸ ਦਾ ਮੱਧ ਕ੍ਰਮ ਲੜਖੜਾਇਆ ਸੀ। ਸਮਿਥ ਨੂੰ ਆਪਣੇ ਮੱਧਕਰਮ ਨੂੰ ਮਜਬੂਤ ਕਰਣਾ ਹੋਵੇਗਾ। ਚੰਗੀ ਸ਼ੁਰੂਆਤ ਦੇ ਬਾਅਦ ਰਾਜਸਥਾਨ ਦੇ ਮੱਧਕਰਮ ਦੇ ਬੱਲੇਬਾਜ ਪਾਰੀ ਨੂੰ ਹੋਰ ਮਜਬੂਤੀ ਦੇਣ ਵਿਚ ਨਾਕਾਮ ਰਹੇ ਸਨ। ਡੈਵਿਡ ਮਿਲਰ (0) ਅਤੇ ਰਾਬਿਨ ਉਥੱਪਾ (5) ਆਪਣੀ ਭੂਮਿਕਾ ਨਿਭਾਉਣ ਵਿਚ ਅਸਫ਼ਲ ਰਹੇ। ਹਾਲਾਂਕਿ ਤੇਜ਼ ਗੇਂਦਬਾਜ ਜੋਫਰਾ ਆਰਚਰ ਨੇ 8 ਗੇਂਦਾਂ ਵਿਚ 4 ਛੱਕਿਆਂ ਦੀ ਮਦਦ ਨਾਲ ਨਾਬਾਦ 27 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਸਮਰੱਥਾ ਦਾ ਅਹਿਸਾਸ ਕਰਾਇਆ ਸੀ ਅਤੇ ਟੀਮ ਨੂੰ 200 ਦੇ ਪਾਰ ਪਹੁੰਚਾਇਆ ਸੀ। ਆਰਚਰ ਦੀ ਇਸ ਪਾਰੀ ਦੀ ਬਦੌਲਤ ਹੀ ਰਾਜਸਥਾਨ 216 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕਰ ਸਕੀ ਸੀ। ਸਮਿਥ ਨੂੰ ਆਪਣੇ ਮੱਧਕਰਮ ਵਿਚ ਸੁਧਾਰ ਕਰਣਾ ਹੋਵੇਗਾ। ਬਟਲਰ ਦੇ ਟੀਮ ਵਿਚ ਸ਼ਾਮਲ ਹੋਣ ਨਾਲ ਇਹ ਤੈਅ ਹੈ ਕਿ ਨੌਜਵਾਨ ਓਪਨਰ ਯਸ਼ਸਵੀ ਜੈਸਵਾਲ ਨੂੰ ਬਾਹਰ ਬੈਠਣਾ ਹੋਵੇਗਾ। ਡੈਵਿਡ ਮਿਲਰ ਨੂੰ ਵੀ ਬਾਹਰ ਬੈਠਣਾ ਪੈ ਸਕਦਾ ਹੈ, ਕਿਉਂਕਿ ਏਕਾਦਸ਼ ਵਿਚ 4 ਵਿਦੇਸ਼ੀ ਖਿਡਾਰੀ ਹੀ ਖੇਡ ਸਕਦੇ ਹਨ। ਰਾਜਸਥਾਨ 4 ਵਿਦੇਸ਼ੀ ਖਿਡਾਰੀਆਂ ਵਿਚ ਬਟਲਰ, ਕਪਤਾਨ ਸਮਿਥ, ਆਰਚਰ ਅਤੇ ਟਾਮ ਕਰੇਨ ਨੂੰ ਉਤਾਰੇਗੀ।  

ਰਾਜਸਥਾਨ ਨੂੰ ਆਪਣੀ ਗੇਂਦਬਾਜੀ ਵਿਚ ਵੀ ਸੁਧਾਰ ਕਰਣਾ ਹੋਵੇਗਾ, ਜਿਸ ਨੇ 216 ਦੌੜਾਂ ਦੇ ਮਜਬੂਤ ਸਕੋਰ ਦਾ ਬਚਾਅ ਕਰਦੇ ਹੋਏ ਕੁੱਝ ਖ਼ਾਸ ਗੇਂਦਬਾਜੀ ਨਹੀਂ ਕੀਤੀ ਸੀ। ਚੇਨੱਈ ਦੇ ਬੱਲੇਬਾਜਾਂ ਨੇ ਰਾਜਸਥਾਨ ਦੇ ਗੇਂਦਬਾਜਾਂ ਦੀ ਜੰਮ ਕੇ ਧੁਲਾਈ ਕੀਤੀ ਸੀ ਅਤੇ ਮੈਚ ਜਿੱਤਣ ਦੇ ਕਰੀਬ ਪਹੁੰਚ ਗਏ ਸਨ। ਚੇਨਈ ਨੇ 200 ਦੌੜਾਂ ਬਣਾਈਆਂ ਸਨ। ਹਾਲਾਂਕਿ ਰਾਹੁਲ ਤੇਵਤੀਆ ਨੇ 3 ਵਿਕਟਾਂ ਲਈਆਂ ਸਨ। ਰਾਜਸਥਾਨ ਨੂੰ ਜੇਕਰ ਪੰਜਾਬ ਦੀ ਚੁਣੌਤੀ ਤੋਂ ਪਾਰ ਪਾਉਣਾ ਹੈ ਤਾਂ ਉਸ ਨੂੰ ਰਾਹੁਲ ਅਤੇ ਮਯੰਕ ਅੱਗਰਵਾਲ ਦੀ ਜੋੜੀ ਨੂੰ ਸਸਤੇ ਵਿਚ ਨਿਪਟਾਉਣਾ ਹੋਵੇਗਾ, ਜਿਨ੍ਹਾਂ ਨੇ ਬੈਂਗਲੁਰੂ ਖ਼ਿਲਾਫ ਤੂਫਾਨੀ ਪਾਰੀ ਖੇਡੀ ਸੀ। ਪੰਜਾਬ ਨੂੰ ਵੀ ਸੈਮਸਨ, ਸਮਿਥ ਅਤੇ ਬਟਲਰ ਦੀ ਤੀਕੜੀ ਦਾ ਸਾਹਮਣਾ ਕਰਣਾ ਹੈ ਅਤੇ ਇਨ੍ਹਾਂ ਨੂੰ ਵੱਡੀ ਪਾਰੀ ਖੇਡਣ ਤੋਂ ਰੋਕਣਾ ਹੋਵੇਗਾ। ਪੰਜਾਬ ਵੱਲੋਂ ਮੈਕਸਵੇਲ ਦਾ ਬੱਲਾ ਪਿਛਲੇ ਮੁਕਾਬਲਿਆਂ ਵਿਚ ਖਾਮੋਸ਼ ਰਿਹਾ ਸੀ ਅਤੇ ਹੁਣ ਸਮਾਂ ਹੈ ਕਿ ਉਨ੍ਹਾਂ ਨੂੰ ਫ਼ਾਰਮ ਵਿਚ ਪਰਤਣਾ ਹੋਵੇਗਾ, ਜਦੋਂ ਕਿ ਨਿਕੋਲਸ ਪੂਰਨ ਨੂੰ ਵੀ ਟਿਕ ਕੇ ਮੱਧਕਰਮ ਵਿਚ ਆਪਣੀ ਜ਼ਿੰਮੇਦਾਰੀ ਬਾਖ਼ੂਬੀ ਸਮਝਣੀ ਹੋਵੇਗੀ। ਮੈਕਸਵੇਲ ਨੇ 2014 ਵਿਚ ਰਾਜਸਥਾਨ ਖ਼ਿਲਾਫ਼ ਮੁਕਾਬਲੇ ਵਿਚ ਸਿਰਫ਼ 45 ਗੇਂਦਾਂ ਵਿਚ 8 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ। ਪੰਜਾਬ ਦੇ ਗੇਂਦਬਾਜਾਂ ਨੇ ਪਿਛਲੇ ਮੁਕਾਬਲੇ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਪਰ ਰਾਜਸਥਾਨ ਦੇ ਖ਼ਤਰਨਾਕ ਬੱਲੇਬਾਜਾਂ ਦੇ ਸਾਹਮਣੇ ਉਸ ਨੂੰ ਇਕ ਵਾਰ ਫਿਰ ਆਪਣੀ ਕਾਬਲੀਅਤ ਸਾਬਤ ਕਰਣੀ ਹੋਵੇਗੀ। ਪੰਜਾਬ ਅਤੇ ਰਾਜਸਥਾਨ ਵਿਚਾਲੇ ਮੁਕਾਬਲਾ ਬਰਾਬਰੀ ਦਾ ਹੈ ਜੋ ਵੀ ਟੀਮ ਮੌਕੇ ਦਾ ਫ਼ਾਇਦਾ ਚੁੱਕਣ ਵਿਚ ਕਾਮਯਾਬ ਰਹੇਗੀ ਉਸ ਨੂੰ ਸਫ਼ਲਤਾ ਹਾਸਲ ਹੋਵੇਗੀ।


cherry

Content Editor

Related News