IPL ਕੁਆਲੀਫਾਇਰ-2 : ਦਿੱਲੀ ਅਤੇ ਹੈਦਰਾਬਾਦ ਵਿਚਾਲੇ ਹੋਵੇਗੀ ਫਾਈਨਲ ਦੀ ਟਿਕਟ ਲਈ ਟੱਕਰ
Sunday, Nov 08, 2020 - 10:18 AM (IST)
ਆਬੂਧਾਬੀ (ਵਾਰਤਾ) : ਮਨੋਬਲ ਵਾਪਸ ਹਾਸਲ ਕਰਣ ਦੀ ਕੋਸ਼ਿਸ਼ ਵਿਚ ਜੁਟੀ ਦਿੱਲੀ ਕੈਪੀਟਲਸ ਅਤੇ ਮਨੋਬਲ ਉੱਚਾ ਕਰ ਚੁੱਕੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਐਤਵਾਰ ਯਾਨੀ ਅੱਜ ਹੋਣ ਵਾਲੇ ਦੂਜੇ ਕੁਆਲੀਫਾਇਰ ਨਾਲ ਆਈ.ਪੀ.ਐਲ. ਫਾਈਨਲ ਦੀ ਦੂਜੀ ਟੀਮ ਦਾ ਫ਼ੈਸਲਾ ਹੋਵੇਗਾ, ਜੋ 10 ਨਵੰਬਰ ਨੂੰ ਖ਼ਿਤਾਬੀ ਮੁਕਾਬਲੇ ਵਿਚ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨਾਲ ਭਿੜੇਗੀ। 19 ਸਤੰਬਰ ਤੋਂ ਯੂ.ਏ.ਈ. ਵਿਚ ਸ਼ੁਰੂ ਹੋਇਆ ਆਈ.ਪੀ.ਐਲ.-13 ਹੁਣ ਆਪਣੇ ਅੰਤਿਮ ਪੜਾਅ 'ਤੇ ਪਹੁੰਚ ਚੁੱਕਾ ਹੈ। ਚਾਰ ਵਾਰ ਦੀ ਜੇਤੂ ਮੁੰਬਈ ਪਹਿਲੇ ਕੁਆਲੀਫਾਇਰ ਵਿਚ ਦਿੱਲੀ ਨੂੰ ਆਸਾਨੀ ਨਾਲ ਹਰਾ ਕੇ ਫਾਈਨਲ ਵਿਚ ਪਹੁੰਚ ਗਈ ਸੀ, ਜਦੋਂਕਿ ਹੈਦਰਾਬਾਦ ਨੇ ਸ਼ੁੱਕਰਵਾਰ ਨੂੰ ਐਲਿਮੀਨੇਟਰ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 6 ਵਿਕਟਾਂ ਨਾਲ ਮਾਤ ਦੇ ਕੇ ਕੁਆਲੀਫਾਇਰ 2 ਵਿਚ ਜਗ੍ਹਾ ਬਣਾਈ ਸੀ। ਕੁਆਲੀਫਾਇਰ ਦੋ ਦੀ ਜੇਤੂ ਟੀਮ ਦਾ ਫਾਈਨਲ ਵਿਚ ਮੁੰਬਈ ਨਾਲ ਮੁਕਾਬਲਾ ਹੋਵੇਗਾ।
ਦਿੱਲੀ ਜਿੱਥੇ ਪਹਿਲੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਹੈ, ਉਥੇ ਹੀ ਹੈਦਰਾਬਾਦ ਤੀਜੀ ਵਾਰ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਫਿਰਾਕ ਵਿਚ ਹੈ। ਹੈਦਰਾਬਾਦ ਨੇ 2016 ਵਿਚ ਫਾਈਨਲ ਵਿਚ ਪਹੁੰਚ ਕੇ ਖ਼ਿਤਾਬ ਜਿੱਤਿਆ ਸੀ, ਜਦੋਂਕਿ 2018 ਵਿਚ ਉਸ ਨੂੰ ਚੇਨਈ ਸੁਪਰਕਿੰਗਜ਼ ਤੋਂ ਹਾਰ ਕੇ ਉਪ-ਜੇਤੂ ਨਾਲ ਸੰਤੋਸ਼ ਕਰਣਾ ਪਿਆ ਸੀ। ਹੈਦਰਾਬਾਦ ਨੇ ਆਪਣੇ ਪਿਛਲੇ 4 ਮੈਚਾਂ ਵਿਚ ਜੋ ਪ੍ਰਦਰਸ਼ਨ ਕੀਤਾ ਹੈ ਉਸ ਤੋਂ ਉਹ ਦਿੱਲੀ ਖ਼ਿਲਾਫ਼ ਜਿੱਤ ਦੀ ਪ੍ਰਬਲ ਦਾਅਵੇਦਾਰ ਨਜ਼ਰ ਆ ਰਹੀ ਹੈ। ਹੈਦਰਾਬਾਦ ਅੰਕ ਸੂਚੀ ਵਿਚ ਮੁੰਬਈ ਅਤੇ ਦਿੱਲੀ ਦੇ ਬਾਅਦ ਤੀਜੇ ਸਥਾਨ 'ਤੇ ਰਿਹਾ ਸੀ। ਹੈਦਰਾਬਾਦ ਨੇ ਪਲੇਅ-ਆਫ ਵਿਚ ਪਹੁੰਚੀਆਂ ਹੋਰ ਤਿੰਨ ਟੀਮਾਂ ਨੂੰ ਆਪਣੇ ਆਖ਼ਰੀ 3 ਲੀਗ ਮੈਚਾਂ ਵਿਚ ਹਰਾਇਆ ਸੀ। ਹੈਦਰਾਬਾਦ ਨੇ ਪਲੇਅ-ਆਫ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ 88 ਦੌੜਾਂ ਨਾਲ, ਬੈਂਗਲੁਰੂ ਨੂੰ 5 ਵਿਕਟਾਂ ਨਾਲ ਅਤੇ ਮੁੰਬਈ ਇੰਡੀਅਨਜ਼ ਨੂੰ 10 ਵਿਕਟਾਂ ਨਾਲ ਹਰਾਇਆ ਸੀ ਅਤੇ ਫਿਰ ਐਲਿਮੀਨੇਟਰ ਵਿਚ ਬੈਂਗਲੁਰੂ ਨੂੰ 6 ਵਿਕਟਾਂ ਨਾਲ ਹਰਾਇਆ।