IPL 2020: ਮੁੰਬਈ ਵਿਰੁੱਧ ਰਾਜਸਥਾਨ ਲਈ ਅੱਜ ਹੋਵੇਗੀ ਮੁਸ਼ਕਲ ਚੁਣੌਤੀ
Tuesday, Oct 06, 2020 - 10:03 AM (IST)
ਆਬੂਧਾਬੀ : ਸ਼ਾਨਦਾਰ ਫਾਰਮ ਵਿਚ ਚੱਲ ਰਹੀ ਮੁੰਬਈ ਇੰਡੀਅਨਜ਼ ਵਿਰੁੱਧ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਰਾਜਸਥਾਨ ਰਾਇਲਜ਼ ਲਈ ਕਾਫ਼ੀ ਮੁਸ਼ਕਲ ਚੁਣੌਤੀ ਹੋਵੇਗੀ ਅਤੇ ਆਪਣੀ ਮੁਹਿੰਮ ਨੂੰ ਰਸਤੇ 'ਤੇ ਲਿਆਉਣ ਲਈ ਉਹ ਆਖ਼ਰੀ-11 ਬਦਲਾਅ ਕਰ ਸਕਦੀ ਹੈ। ਸ਼ਾਰਜਾਹ ਵਿਚ ਬੱਲੇਬਾਜ਼ਾਂ ਦੀ ਮਦਦਗਾਰ ਪਿੱਚ 'ਤੇ ਸ਼ਾਨਦਾਰ ਸ਼ੁਰੂਆਤ ਕਰਨ ਤੋਂ ਬਾਅਦ ਦੁਬਈ ਅਤੇ ਆਬੂਧਾਬੀ ਵਿਚ ਰਾਇਲਾਜ਼ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਪਹਿਲੇ 2 ਮੈਚਾਂ ਵਾਲੀ ਫਾਰਮ ਨੂੰ ਉਹ ਦੋਹਰਾ ਨਹੀਂ ਸਕੇ।
ਦੂਜੇ ਪਾਸੇ ਮੁੰਬਈ ਨੇ ਪਿਛਲੇ 2 ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਹ 6 ਅੰਕ ਲੈ ਕੇ ਦਿੱਲੀ ਕੈਪੀਟਲਸ ਤੋਂ ਬਿਹਤਰ ਰਨ ਰੇਟ ਦੇ ਆਧਾਰ 'ਤੇ ਅੰਕ ਸੂਚੀ ਵਿਚ ਚੋਟੀ 'ਤੇ ਹੈ। ਸੁਪਰ ਓਵਰ ਵਿਚ ਰਾਇਲ ਚੈਲੇਂਜ਼ਰਸ ਬੈਂਗਲੁਰੂ ਤੋਂ ਮਿਲੀ ਹਾਰ ਤੋਂ ਬਾਅਦ ਸਾਬਕਾ ਚੈਂਪੀਅਨ ਟੀਮ ਨੇ ਸ਼ਾਨਦਾਰ ਵਪਾਸੀ ਕਰਕੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਅਤੇ ਸਨਰਾਈਜ਼ਰਸ ਹੈਦਰਾਬਾਦ ਨੂੰ 34 ਦੋੜਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?
ਮੁੰਬਈ ਲਈ ਇਹ ਸਭ ਤੋਂ ਚੰਗੀ ਗੱਲ ਹੈ ਕਿ ਉਹ ਕਿਸੇ ਇਕ ਖਿਡਾਰੀ 'ਤੇ ਨਿਰਭਰ ਨਹੀਂ ਰਹੀ ਹੈ ਅਤੇ ਉਸ ਦੇ ਸਾਰੇ ਖਿਡਾਰੀਆਂ ਨੇ ਸਮੇਂ 'ਤੇ ਯੋਗਦਾਨ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ ਵੀ ਜ਼ਬਰਦਸਤ ਫਾਰਮ ਵਿਚ ਹੈ, ਜਦੋਂਕਿ ਕਵਿੰਟਨ ਡੀ ਕੌਕ ਨੇ ਫਾਰਮ ਵਿਚ ਵਾਪਸੀ ਕੀਤੀ ਹੈ। ਕੀਰੋਨ ਪੋਲਾਰਡ ਚੰਗਾ ਖੇਡ ਰਿਹਾ ਹੈ, ਜਦੋਂਕਿ ਇਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਵੀ ਮੈਚ ਜੇਤੂ ਸਾਬਤ ਹੋ ਰਹੇ ਹਨ। ਪਿਛਲੇ ਮੈਚ ਵਿਚ ਕਰੁਣਾਲ ਪੰਡਯਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਜੇਮਸ ਪੈਟਿੰਸਨ ਜਸਪ੍ਰੀਤ ਬੁਮਰਾਹ ਅਤੇ ਟਰੇਂਟ ਬੋਲਟ ਨੇ ਵਧੀਆ ਖੇਡ ਦਿਖਾਈ ਹੈ।
ਦੂਜੇ ਪਾਸੇ ਰਾਇਲਜ਼ ਨੂੰ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਦੀ ਕਮੀ ਬੁਰੀ ਤਰ੍ਹਾਂ ਨਾਲ ਮਹਿਸੂਸ ਹੋ ਰਹੀ ਹੈ, ਜਿਹੜਾ ਇਕਾਂਤਵਾਸ ਪੂਰਾ ਕਰਨ ਉਪਰੰਤ 11 ਅਕਤੂਬਰ ਤੋਂ ਬਾਅਦ ਹੀ ਉਪਲੱਬਧ ਹੋਵੇਗਾ। ਜੋਸ ਬਟਲਰ (3 ਮੈਚਾਂ ਵਿਚ 47 ਦੌੜਾਂ) ਅਤੇ ਜੈਦੇਵ ਉਨਾਦਕਤ (4 ਮੈਚਾਂ ਵਿਚ 1 ਵਿਕਟ) ਦੀ ਖ਼ਰਾਬ ਫਾਰਮ ਟੀਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਰਹੀ ਹੈ। ਨੌਜਵਾਨ ਰਿਆਨ ਪ੍ਰਾਗ ਵੀ ਨਹੀਂ ਚੱਲ ਸਕਿਆ ਹੈ, ਅਜਿਹੇ ਵਿਚ ਕਪਤਾਨ ਸਟੀਵ ਸਮਿਥ ਉਸ ਨੂੰ ਬਾਹਰ ਰੱਖ ਕੇ ਯਸ਼ਸਵੀ ਜਾਇਸਵਾਲ ਨੂੰ ਮੌਕਾ ਦੇ ਸਕਦਾ ਹੈ। ਗੇਂਦਬਾਜ਼ੀ ਵਿਚ ਉਨਾਦਕਤ ਪਾਵਰਪਲੇਅ ਜਾ ਡੈਥ ਓਵਰਾਂ ਵਿਚ ਨਹੀਂ ਚੱਲ ਪਾ ਰਿਹਾ ਹੈ, ਜਿਸ ਨਾਲ ਟਾਮ ਕਿਊਰਨ ਅਤੇ ਜੋਫਰਾ ਆਰਚਰ 'ਤੇ ਦਬਾਅ ਵੱਧ ਗਿਆ ਹੈ। ਸਮਿਥ ਇਨ੍ਹਾਂ ਹਾਲਾਤ ਵਿਚ ਵਰੁਣ ਆਰੋਨ ਜਾਂ ਕਾਰਤਿਕ ਤਿਆਗੀ ਨੂੰ ਉਤਾਰ ਸਕਦਾ ਹੈ।