IPL 2020: ਅੱਜ ਭਿੜਨਗੇ ਦਿੱਲੀ ਕੈਪੀਟਲਸ ਅਤੇ ਚੇਨੱਈ ਸੁਪਰ ਕਿੰਗਜ਼
Friday, Sep 25, 2020 - 10:09 AM (IST)
ਦੁਬਈ (ਵਾਰਤਾ) : ਰਾਜਸਥਾਨ ਰਾਇਲਜ਼ ਖ਼ਿਲਾਫ਼ ਪਿਛਲੇ ਮੁਕਾਬਲੇ ਵਿਚ ਮਿਲੀ ਹਾਰ ਦੇ ਬਾਅਦ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦਿੱਲੀ ਕੈਪੀਟਲਸ ਖ਼ਿਲਾਫ਼ ਸ਼ੁੱਕਰਵਾਰ ਯਾਨੀ ਅੱਜ ਹੋਣ ਵਾਲੇ ਆਈ.ਪੀ.ਐਲ. ਮੈਚ ਵਿਚ ਆਲੋਚਕਾਂ ਨੂੰ ਸ਼ਾਂਤ ਕਰਣ ਦੇ ਇਰਾਦੇ ਨਾਲ ਉਤਰਣਗੇ। ਚੇਨੱਈ ਨੂੰ ਪਿਛਲੇ ਮੁਕਾਬਲੇ ਵਿਚ ਰਾਜਸਥਾਨ ਖ਼ਿਲਾਫ਼ 16 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ, ਜਦੋਂਕਿ ਦਿੱਲੀ ਦੀ ਟੀਮ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੇ ਪਹਿਲੇ ਮੁਕਾਬਲੇ ਵਿਚ ਸੁਪਰ ਓਵਰ ਵਿਚ ਹਰਾਇਆ ਸੀ। ਚੇਨੱਈ ਦਾ ਇਹ ਤੀਜਾ ਅਤੇ ਦਿੱਲੀ ਦਾ ਦੂਜਾ ਮੈਚ ਹੋਵੇਗਾ। ਚੇਨੱਈ ਨੂੰ ਰਾਜਸਥਾਨ ਨੇ 217 ਦੌੜਾਂ ਦਾ ਮਜਬੂਤ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ਵਿਚ ਧੋਨੀ ਦੀ ਟੀਮ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 200 ਦੌੜਾਂ ਹੀ ਬਣਾ ਸਕੀ ਸੀ। ਚੇਨੱਈ ਦੀ 2 ਮੁਕਾਬਲਿਆਂ ਵਿਚ ਇਹ ਪਹਿਲੀ ਹਾਰ ਸੀ ਅਤੇ ਅੰਕ ਸੂਚੀ ਵਿਚ ਉਹ ਫਿਲਹਾਲ 2 ਮੈਚ ਵਿਚ ਇਕ ਜਿੱਤ ਅਤੇ ਇਕ ਹਾਰ ਨਾਲ 2 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਹੈ, ਜਦੋਂਕਿ ਦਿੱਲੀ ਦੀ ਟੀਮ 2 ਅੰਕਾਂ ਨਾਲ ਚੌਥੇ ਨੰਬਰ 'ਤੇ ਹੈ।
ਧੋਨੀ ਇਸ ਮੁਕਾਬਲੇ ਵਿਚ 7ਵੇਂ ਨੰਬਰ 'ਤੇ ਬੱਲੇਬਾਜੀ ਕਰਣ ਉਤਰੇ ਸਨ ਅਤੇ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ ਅਤੇ ਮੈਚ ਚੇਨੱਈ ਦੇ ਹੱਥੋਂ ਨਿਕਲ ਚੁੱਕਾ ਸੀ। ਧੋਨੀ ਦੇ ਮੈਚ ਦੇ ਅਹਿਮ ਮੋੜ 'ਤੇ ਹੇਠਲੇ ਕ੍ਰਮ 'ਤੇ ਉਤਰਨ ਦੇ ਫ਼ੈਸਲੇ ਦੀ ਕਾਫ਼ੀ ਆਲੋਚਨਾ ਹੋਈ ਸੀ ਅਤੇ ਉਨ੍ਹਾਂ ਦੇ ਇਸ ਫ਼ੈਸਲੇ 'ਤੇ ਸਵਾਲ ਉੱਠੇ ਸਨ। ਦੂਜੇ ਪਾਸੇ ਦਿੱਲੀ ਦੀ ਸ਼ੁਰੂਆਤ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਚੰਗੀ ਨਹੀਂ ਰਹੀ ਸੀ ਅਤੇ ਉਸ ਨੇ 3 ਵਿਕਟਾਂ 13 ਦੋੜਾਂ 'ਤੇ ਗੁਆ ਦਿੱਤੀਆਂ ਸਨ ਅਤੇ ਉਸ ਦੀ ਪਾਰੀ ਪੂਰੀ ਤਰ੍ਹਾਂ ਲੜਖੜਾ ਗਈ ਸੀ। ਦਿੱਲੀ ਦੀਆਂ ਨਜ਼ਰਾਂ ਇਕ ਵਾਰ ਫਿਰ ਮਾਰਕਸ ਸਟੋਇੰਸ 'ਤੇ ਹੋਣਗੀਆਂ, ਜਿਸ ਨੇ ਅੰਤ ਦੇ ਓਵਰਾਂ ਵਿਚ 21 ਗੇਂਦਾਂ ਵਿਚ 7 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾ ਬਣਾਈਆਂ ਸਨ ਅਤੇ ਆਪਣੀ ਟੀਮ ਨੂੰ 157 ਦੌੜਾਂ ਦੀ ਸਬਰਯੋਗ ਸਥਿਤੀ ਵਿਚ ਪਹੁੰਚਾਇਆ ਸੀ।
ਪੰਜਾਬ ਵਿਰੁੱਧ ਸਟੋਇੰਸ, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਛੱਦ ਕੇ ਦਿੱਲੀ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਫਲਾਪ ਸਾਬਿਤ ਹੋਏ ਸਨ, ਜਦੋਂਕਿ ਹੇਠਲੇ ਕ੍ਰਮ ਦੇ ਬੱਲੇਬਾਜ਼ ਵੀ ਪ੍ਰਦਰਸ਼ਨ ਕਰਨ ਵਿਚ ਅਸਫ਼ਲ ਰਹੇ ਸਨ। ਦਿੱਲੀ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਉਸ ਦੇ ਗੇਂਦਬਾਜ਼ਾਂ ਨੇ ਪੰਜਾਬ ਵਿਰੁੱਧ ਘੱਟ ਸਕੋਰ ਦਾ ਬਚਾਅ ਕਰਦੇ ਹੋਏ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ ਅਤੇ ਵਿਚਾਲੇ ਦੇ ਓਵਰਾਂ ਵਿਚ ਮਹਿੰਗੇ ਸਾਬਤ ਹੋਣ ਦੇ ਬਾਵਜੂਦ ਪੰਜਾਬ ਨੂੰ 157 ਦੌੜਾਂ ਦੇ ਸਕੋਰ 'ਤੇ ਰੋਕ ਕੇ ਮੈਚ ਸੁਪਰ ਓਵਰ ਪਹੁੰਚਾਇਆ ਸੀ, ਜਿੱਥੇ ਕੈਗਿਸੋ ਰਬਾਡਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਪੰਜਾਬ ਨੂੰ 2 ਦੋੜਾਂ ਤੋਂ ਵੱਧ ਨਹੀਂ ਬਣਾਉਣ ਦਿੱਤੀਆਂ ਸਨ।