IPL 2019 : ਮੁੰਬਈ ਇੰਡੀਅਨਜ਼ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ

Monday, Apr 15, 2019 - 11:42 PM (IST)

IPL 2019 : ਮੁੰਬਈ ਇੰਡੀਅਨਜ਼ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ

ਮੁੰਬਈ- ਹਾਰਦਿਕ ਪੰਡਯਾ ਨੇ ਆਖਰੀ ਪਲਾਂ 'ਚ ਆਪਣੀ 'ਕਲੀਨ ਹਿਟਿੰਗ' ਦਾ ਸ਼ਾਨਦਾਰ ਨਜ਼ਾਰਾ ਪੇਸ਼ ਕਰ ਕੇ ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਨੂੰ ਇੱਥੇ ਰਾਇਲ ਚੈਲੰਜਰਜ਼ ਬੈਂਗਲੁਰੂ 'ਤੇ 5 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਇਸ ਹਾਰ ਦੇ ਨਾਲ ਬੈਂਗਲੁਰੂ ਦੀ ਪਲੇਅ ਆਫ 'ਚ ਪਹੁੰਚਣ ਦੀ ਸੰਭਾਵਨਾ ਲਗਭਗ ਖਤਮ ਹੋ ਗਈ। ਹਾਰਦਿਕ ਨੇ 16 ਗੇਂਦਾਂ 'ਤੇ 5 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 37 ਦੌੜਾਂ ਬਣਾਈਆਂ, ਜਿਸ ਨਾਲ ਮੁੰਬਈ ਨੇ 172 ਦੌੜਾਂ ਦਾ ਟੀਚਾ 19 ਓਵਰਾਂ 'ਚ ਹੀ 5 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਹਾਰਦਿਕ ਤੋਂ ਪਹਿਲਾਂ ਕਵਿੰਟਨ ਡੀ ਕੌਕ (26 ਗੇਂਦਾਂ 'ਤੇ 40 ਦੌੜਾਂ) ਤੇ ਰੋਹਿਤ ਸ਼ਰਮਾ (19 ਗੇਂਦਾਂ 'ਤੇ 28 ਦੌੜਾਂ) ਨੇ ਪਹਿਲੀ ਵਿਕਟ ਲਈ 70 ਦੌੜਾਂ ਜੋੜੀਆਂ ਜਦਕਿ ਸੂਰਿਆ ਕੁਮਾਰ ਯਾਦਵ ਨੇ 29 ਦੌੜਾਂ ਦਾ ਯੋਗਦਾਨ ਦਿੱਤਾ। 

PunjabKesari
ਮੁੰਬਈ ਦੀ ਇਹ 8 ਮੈਚਾਂ ਵਿਚ 5ਵੀਂ ਜਿੱਤ ਹੈ ਤੇ ਉਹ 10 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਬੈਂਗਲੁਰੂ ਦੀ ਇਹ 8 ਮੈਚਾਂ 'ਚੋਂ 7ਵੀਂ ਹਾਰ ਹੈ। ਇਸ ਤੋਂ ਪਹਿਲਾਂ ਏ. ਬੀ. ਡਿਵਿਲੀਅਰਸ (75) ਤੇ ਮੋਇਨ ਅਲੀ (50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ  7 ਵਿਕਟਾਂ 'ਤੇ 171 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਉਹ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੀ। 

PunjabKesari
ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਡਿਵਿਲੀਅਰਸ ਤੇ ਮੋਇਨ ਨੇ ਤੀਜੀ ਵਿਕਟ ਲਈ 95 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਡਿਵਿਲੀਅਰਸ ਨੇ 51 ਗੇਂਦਾਂ 'ਤੇ 75 ਦੌੜਾਂ 'ਚ 6 ਚੌਕੇ ਤੇ 4 ਛੱਕੇ ਲਾਏ ਜਦਕਿ ਮੋਇਨ ਨੇ 32 ਗੇਂਦਾਂ 'ਤੇ 50 ਦੌੜਾਂ 'ਚ 1 ਚੌਕਾ ਤੇ 5 ਛੱਕੇ ਲਾਏ। ਡਿਵਿਲੀਅਰਸ ਆਖਰੀ ਓਵਰ 'ਚ ਕੀਰਨ ਪੋਲਾਰਡ ਦੀ ਸਿੱਧੀ ਥ੍ਰੋ 'ਤੇ ਰਨ ਆਊਟ ਹੋਇਆ। ਲਸਿਥ ਮਲਿੰਗਾ ਨੇ ਇਸੇ ਓਵਰ 'ਚ ਅਕਸ਼ੈਦੀਪ ਨਾਥ ਤੇ ਪਵਨ ਨੇਗੀ ਦੀ ਵਿਕਟ ਲਈ। ਦੋਵਾਂ ਦੇ ਕੈਚ ਵਿਕਟਕੀਪਰ ਕਵਿੰਟਨ ਡੀ ਕੌਕ ਨੇ ਫੜੇ। ਮਲਿੰਗਾ 4 ਓਵਰਾਂ 'ਚ 31 ਦੌੜਾਂ 'ਤੇ 4 ਵਿਕਟਾਂ ਲੈ ਕੇ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਮਲਿੰਗਾ ਨੇ ਇਸ ਤੋਂ ਪਹਿਲਾਂ 18ਵੇਂ ਓਵਰ 'ਚ ਮਾਰਕਸ ਸਟੋਇੰਸ ਤੇ ਮੋਇਨ ਅਲੀ ਨੂੰ ਆਊਟ ਕੀਤਾ। ਓਪਨਰ ਪਾਰਥਿਵ ਪਟੇਲ ਨੇ 20 ਗੇਂਦਾਂ 'ਤੇ 28 ਦੌੜਾਂ 'ਚ 4 ਚੌਕੇ ਤੇ ਇਕ ਛੱਕਾ ਲਾਇਆ। ਵਿਸ਼ਵ ਕੱਪ ਟੀਮ ਦੇ ਐਲਾਨ ਦੇ ਦਿਨ ਕਪਤਾਨ ਵਿਰਾਟ ਕੋਹਲੀ 9 ਗੇਂਦਾਂ 'ਤੇ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਵਿਰਾਟ ਦੀ ਵਿਕਟ ਜੈਸਨ ਬਹਿਰਨਡ੍ਰੌਫ ਨੇ ਲਈ। ਪਟੇਲ ਨੂੰ ਹਾਰਦਿਕ ਪੰਡਯਾ ਨੇ ਆਊਟ ਕੀਤਾ। 

ਟੀਮਾਂ:
ਰਾਇਲ ਚੈਲੰਜਰਜ਼ ਬੈਂਗਲੁਰੂ: ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏ. ਬੀ. ਡਿਵਿਲਿਅਰਜ਼, ਮਾਰਕਸ ਸਟੋਨੀਜ਼, ਮੋਇਨ ਅਲੀ, ਅਕਸ਼ਦੀਪ ਨਾਥ, ਪਵਨ ਨੇਗੀ, ਉਮੇਸ਼ ਯਾਦਵ, ਯੂਜਵੇਂਦਰ ਚਾਹਲ, ਨਵਦੀਪ ਸੈਣੀ, ਮੁਹੰਮਦ ਸਿਰਾਜ।
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਕੁਇੰਟਨ ਡੀ ਕਾਕ, ਸੂਰਯ ਕੁਮਾਰ ਯਾਦਵ, ਕਾਇਰਨ ਪੋਲਾਰਡ, ਹਰਦਿਕ ਪੰਡਯਾ, ਈਸ਼ਾਨ ਕਿਸ਼ਨ, ਕਰੁਣਾਲ ਪਾਂਡਿਆ, ਰਾਹੁਲ ਚਾਹਰ, ਜੇਸਨ ਬਿਹਨਡ੍ਰਾਫ, ਲਸਿਥ ਮਲਿੰਗਾ, ਜਸਪ੍ਰਿਤ ਬੁਮਰਾਹ।


Related News