IPL 2019 : ਪੰਜਾਬ ਨੇ ਮੁੰਬਈ ਨੂੰ 8 ਵਿਕਟਾਂ ਨਾਲ ਹਰਾਇਆ
Sunday, Mar 31, 2019 - 01:14 AM (IST)
ਮੋਹਾਲੀ- ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਲਈ ਯਤਨਸ਼ੀਲ ਓਪਨਰ ਲੋਕੇਸ਼ ਰਾਹੁਲ ਦੀ ਅਜੇਤੂ 71 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੇ ਮੁੰਬਈ ਇੰਡੀਅਨਜ਼ ਨੂੰ ਆਈ. ਪੀ. ਐੱਲ.-12 ਦੇ ਮੁਕਾਬਲੇ 'ਚ ਸ਼ਨੀਵਾਰ 8 ਵਿਕਟਾਂ ਨਾਲ ਹਰਾ ਦਿੱਤਾ।
ਮੁੰਬਈ ਨੇ 20 ਓਵਰਾਂ 'ਚ 7 ਵਿਕਟਾਂ 'ਤੇ 176 ਦੌੜਾਂ ਬਣਾਈਆਂ, ਜਦਕਿ ਪੰਜਾਬ ਨੇ 18.4 ਓਵਰਾਂ 'ਚ 2 ਵਿਕਟਾਂ 'ਤੇ 177 ਦੌੜਾਂ ਬਣਾ ਕੇ ਆਸਾਨੀ ਨਾਲ ਸ਼ਾਨਦਾਰ ਮੈਚ ਜਿੱਤ ਲਿਆ। ਰਾਹੁਲ ਨੇ 57 ਗੇਂਦਾਂ 'ਤੇ 6 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 71 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਪੰਜਾਬ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ, ਜਦਕਿ ਮੁੰਬਈ ਦੀ ਇੰਨੇ ਹੀ ਮੈਚਾਂ 'ਚ ਦੂਜੀ ਹਾਰ ਹੈ।
ਟੀਚੇ ਦਾ ਪਿੱਛਾ ਕਰਦਿਆਂ ਓਪਨਰਾਂ ਲੋਕੇਸ਼ ਰਾਹੁਲ ਤੇ ਕ੍ਰਿਸ ਗੇਲ ਨੇ ਪੰਜਾਬ ਨੂੰ 7.2 ਓਵਰਾਂ ਵਿਚ 53 ਦੌੜਾਂ ਦੀ ਸ਼ਾਨਦਾਰ ਸ਼ੁਰੂਆਤ ਦਿੱਤੀ। ਗੇਲ ਨੇ ਧਮਾਕੇਦਾਰ ਅੰਦਾਜ਼ ਵਿਚ ਬੱਲੇਬਾਜ਼ੀ ਕਰਦਿਆਂ ਸਿਰਫ 24 ਗੇਂਦਾਂ 'ਤੇ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ।
ਰਾਹੁਲ ਨੇ ਦੂਜੀ ਵਿਕਟ ਲਈ ਮਯੰਕ ਅਗਰਵਾਲ ਨਾਲ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਮਯੰਕ ਨੇ 21 ਗੇਂਦਾਂ 'ਤੇ 43 ਦੌੜਾਂ ਵਿਚ ਚਾਰ ਚੌਕੇ ਤੇ ਦੋ ਛੱਕੇ ਲਾਏ। ਰਾਹੁਲ ਨੇ ਫਿਰ ਡੇਵਿਡ ਮਿਲਰ ਨਾਲ ਤੀਜੀ ਵਿਕਟ ਲਈ 60 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਮਿਲਰ ਨੇ 10 ਗੇਂਦਾਂ 'ਤੇ ਅਜੇਤੂ 15 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨੇ ਓਪਨਰ ਕਵਿੰਟਨ ਡੀ ਕੌਕ ਦੀਆਂ ਸ਼ਾਨਦਾਰ 60 ਦੌੜਾਂ ਦੀ ਮਦਦ ਨਾਲ 20 ਓਵਰਾਂ ਵਿਚ 7 ਵਿਕਟਾਂ 'ਤੇ 176 ਦੌੜਾਂ ਬਣਾਈਆਂ ਸਨ। ਡੀ. ਕੌਕ ਨੇ 30 ਗੇਂਦਾਂ 'ਤੇ 60 ਦੌੜਾਂ ਦੀ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਾਏ। ਕਪਤਾਨ ਰੋਹਿਤ ਸ਼ਰਮਾ ਨੇ ਸਿਰਫ 18 ਗੇਂਦਾਂ ਵਿਚ ਪੰਜ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾਈਆਂ। ਰੋਹਿਤ ਤੇ ਡੀ. ਕੌਕ ਨੇ ਪਹਿਲੀ ਵਿਕਟ ਲਈ 5.2 ਓਵਰਾਂ ਵਿਚ 60 ਦੌੜਾਂ ਦੀ ਸਾਂਝੇਦਾਰੀ ਕੀਤੀ।
ਆਲਰਾਊਂਡਰ ਹਾਰਦਿਕ ਪੰਡਯਾ ਨੇ 19 ਗੇਂਦਾਂ ਵਿਚ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਸੂਰਯਕੁਮਾਰ ਯਾਦਵ ਨੇ 11, ਯੁਵਰਾਜ ਸਿੰਘ ਨੇ 18 ਤੇ ਕਰੁਣਾਲ ਪੰਡਯਾ ਨੇ 10 ਦੌੜਾਂ ਬਣਾਈਆਂ।
ਪੰਜਾਬ ਵਲੋਂ ਮੁਹੰਮਦ ਸ਼ੰਮੀ, ਹਾਰਡਸ ਵਿਲਜੋਨ ਤੇ ਮੁਰੂਗਨ ਅਸ਼ਵਿਨ ਨੇ 2-2 ਵਿਕਟਾਂ ਲਈਆਂ।
