ਜਦੋਂ 150 KMPH ਰਫਤਾਰ ਨਾਲ ਵਿਕਟਾਂ 'ਤੇ ਲੱਗੀ ਗੇਂਦ ਪਰ ਨਹੀਂ ਡਿੱਗੀਆਂ ਗਿੱਲੀਆਂ (Video)

04/23/2019 1:18:00 PM

ਨਵੀਂ ਦਿੱਲੀ : ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਸੋਮਵਾਰ ਨੂੰ ਖੇਡੇ ਗਏ ਮੈਚ ਵਿਚ ਇਕ ਦਿਲਚਸਪ ਪਲ ਦੇਖਣ ਨੂੰ ਮਿਲਿਆ। ਇਸ ਮੈਚ ਵਿਚ ਦਿੱਲੀ ਕੈਪੀਟਲਸ ਦੀ ਪਾਰੀ ਦੇ 16ਵੇਂ ਓਵਰ ਵਿਚ ਤੇਜ਼ ਗੇਂਦਬਾਜ ਜ਼ੋਫਰਾ ਆਰਚਰ ਦੀ ਗੇਂਦ ਬੇਲਸ ਨਾਲ ਟਕਰਾਈ ਪਰ ਬੇਲਸ ਨਹੀਂ ਡਿੱਗੀਆਂ। ਦਰਅਸਲ ਦਿੱਲੀ ਕੈਪੀਟਲਸ ਦੀ ਪਾਰੀ ਦਾ 16ਵਾਂ ਓਵਰ ਚਲ ਰਿਹਾ ਸੀ। ਗੇਂਦਬਾਜ਼ ਨੂੰ ਜਿੱਤ ਲਈ 25 ਗੇਂਦਾਂ ਵਿਚ 41 ਦੌੜਾਂ ਦੀ ਜ਼ਰੂਰਤ ਸੀ ਅਤੇ ਸਟ੍ਰਾਈਕ 'ਤੇ ਪ੍ਰਿਥਵੀ ਸ਼ਾਹ ਖੜੇ ਸੀ। ਇਸ ਤੋਂ ਬਾਅਦ ਜ਼ੋਫਰਾ ਆਰਚਰ ਨੇ 150 ਕਿ.ਮੀ. ਦੀ ਰਫਤਾਰ ਨਾਲ ਆਪਣੇ ਓਵਰ ਦੀ ਆਖਰੀ ਗੇਂਦ ਸੁੱਟੀ ਅਤੇ ਉਹ ਗੇਂਦ ਸਟੰਪ ਨੂੰ ਛੂਹ ਕੇ ਨਿਕਲ ਗਈ, ਜਿਸ ਤੋਂ ਬਾਅਦ ਬੇਲਸ ਦੀ ਲਾਈਟ ਤਾਂ ਚੱਲੀ ਪਰ ਬੇਲਸ ਨਹੀਂ ਡਿੱਗੀ।

ਇਸ ਸੀਜ਼ਨ 'ਚ ਚੌਥੀ ਵਾਰ ਹੋਇਆ ਅਜਿਹਾ
ਇਸ ਆਈ. ਪੀ. ਐੱਲ. ਵਿਚ ਪਹਿਲੀ ਵਾਰ ਨਹੀਂ ਅਜਿਹਾ ਹੋਇਆ ਜਦੋਂ ਗੇਂਦ ਵਿਕਟ 'ਚ ਲੱਗਣ ਦੇ ਬਾਵਜੂਦ ਵਿਕਟ ਨਾ ਡਿੱਗੀ ਹੋਵੇ। ਇਸ ਤੋਂ ਪਹਿਲਾਂ ਇਸੇ ਮੈਦਾਨ 'ਤੇ ਰਾਜਸਥਾਨ ਦੇ ਗੇਂਦਬਾਜ਼ ਧਵਲ ਕੁਰਲਰਣੀ ਦੀ ਗੇਂਦ ਸਟੰਪ 'ਤੇ ਲੱਗੀ ਸੀ ਅਤੇ ਬੇਲਸ ਨਹੀਂ ਡਿੱਗੀਆਂ ਸੀ। ਉਸ ਮੈਚ ਵਿਚ ਕੋਲਕਾਤਾ ਦੀ ਪਾਰੀ ਦੇ ਚੌਥੇ ਓਵਰ ਵਿਚ ਕੁਲਕਰਣੀ ਦੀ ਉਹ ਗੇਂਦ ਸਟੰਪ 'ਤੇ ਤਾਂ ਲੱਗੀ ਪਰ ਬੇਲਸ ਨਹੀਂ ਡਿੱਗੀਆਂ ਸੀ। ਜਿਸ ਨਾਲ ਕ੍ਰਿਸ ਲਿਨ ਆਊਟ ਹੋਣ ਤੋਂ ਬਚ ਗਏ ਸੀ।

ਇਸੇ ਸੀਜ਼ਨ ਦੇ ਇਕ ਹੋਰ ਮੈਚ ਵਿਚ ਅਜਿਹਾ ਪਲ ਦੇਖਣ ਨੂੰ ਮਿਲਿਆ ਜਦੋਂ ਮਹਿੰਦਰ ਸਿੰਘ ਧੋਨੀ ਜ਼ੋਫਰਾ ਆਰਚਰ ਦੀ ਗੇਂਦ 'ਤੇ ਬੋਲਡ ਹੋ ਗਏ ਪਰ ਗਿੱਲੀਆਂ ਨਾ ਡਿੱਗਣ ਕਾਰਨ ਉਹ ਨਾਟ ਆਊਟ ਰਹੇ ਸੀ। ਦਿਲਚਸਪ ਗੱਲ ਇਹ ਹੈ ਕਿ ਉਸ ਦੌਰਾਨ ਧੋਨੀ ਨੇ ਆਪਣਾ ਖਾਤਾ ਵੀ ਨਹੀਂ ਖੋਲਿਆ ਸੀ।

ਪੰਜਾਬ ਅਤੇ ਚੇਨਈ ਵਿਚਾਲੇ ਇਕ ਮੈਚ ਵਿਚ ਧੋਨੀ ਨੇ ਕੇ. ਐੱਲ. ਰਾਹੁਲ ਨੂੰ ਰਨ ਆਊਟ ਤਾਂ ਕਰ ਦਿੱਤਾ ਸੀ ਪਰ ਬੇਲਸ ਨਾ ਡਿੱਗਣ ਕਾਰਨ ਰਾਹੁਲ ਵਾਲ-ਵਾਲ ਬੱਚ ਗਏ ਸੀ। ਦਰਅਸਲ ਉਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਚੇਨਈ ਵੱਲੋਂ ਮਿਲੇ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ ਸਲਾਮੀ ਬੱਲੇਬਾਜ਼ ਰਾਹੁਲ ਕ੍ਰੀਜ਼ 'ਤੇ ਮੌਜੂਦ ਸੀ। ਰਾਹੁਲ ਨੇ ਰਵਿੰਦਰ ਜਡੇਜਾ ਦੀ ਗੇਂਦ ਨੂੰ ਕ੍ਰੀਜ਼ ਤੋਂ ਬਾਹਰ ਨਿਕਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਆਨ ਸਾਈਡ ਵਲ ਜ਼ਿਆਦਾ ਦੂਰ ਨਾ ਜਾ ਸਕੀ ਅਤੇ ਧੋਨੀ ਨੇ ਫੁਰਤੀ ਦਿਖਾਉਂਦਿਆਂ ਗੇਂਦ ਵਾਲ ਭੱਜ ਕ੍ਰੀਜ਼ ਤੋਂ ਬਾਹਰ ਨਿਕਲੇ ਰਾਹੁਲ ਨੂੰ ਰਨ ਆਊਟ ਕਰ ਦਿੱਤਾ ਪਰ ਉਸ ਦੌਰਾਨ ਵੀ ਸਟੰਪ ਦੀ ਲਾਈਟ ਤਾਂ ਚੱਲੀ ਪਰ ਬੇਲਸ ਨਹੀਂ ਡਿੱਗੀਆਂ ਜਿਸ ਕਾਰਨ ਰਾਹੁਲ ਵਾਲ-ਵਾਲ ਬਚ ਗਏ।


Related News