ਕਈ ਮਹੀਨਿਆ ਬਾਅਦ ਘਰ ਆਇਆ ਪੁੱਤ, ਜਦੋਂ ਕਮਰੇ ''ਚ ਜਾ ਕੇ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

Thursday, Apr 17, 2025 - 06:03 PM (IST)

ਕਈ ਮਹੀਨਿਆ ਬਾਅਦ ਘਰ ਆਇਆ ਪੁੱਤ, ਜਦੋਂ ਕਮਰੇ ''ਚ ਜਾ ਕੇ ਦੇਖਿਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਭਵਾਨੀਗੜ੍ਹ (ਕਾਂਸਲ, ਵਿਕਾਸ) : ਨੇੜਲੇ ਪਿੰਡ ਝਨੇੜੀ ਵਿਖੇ ਦੇਰ ਰਾਤ ਇਕ 26 ਸਾਲ ਦੇ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈੱਕ ਪੋਸਟ ਘਰਾਂਚੋਂ ਦੇ ਇੰਚਾਰਜ ਸਬ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਨਰਿੰਦਰ ਵੀਰ ਸਿੰਘ ਦੇ ਪਿਤਾ ਗੁਰਦੀਪ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਝਨੇੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਨਰਿੰਦਰ ਵੀਰ ਸਿੰਘ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਘਰੋਂ ਗਾਇਬ ਚੱਲਿਆ ਆ ਰਿਹਾ ਸੀ। ਸ਼ਾਇਦ ਕੰਮ ਦੀ ਤਲਾਸ਼ ਵਿਚ ਗਿਆ ਹੋਣ ਕਾਰਨ ਪਰਿਵਾਰ ਵੱਲੋਂ ਇਸ ਦੀ ਗੁੰਮਸ਼ੁਦਗੀ ਸਬੰਧੀ ਪੁਲਸ ਨੂੰ ਕੋਈ ਰਿਪੋਰਟ ਨਹੀਂ ਦਿੱਤੀ ਗਈ ਸੀ। 

ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੀਤੇ਼ ਦਿਨ ਬੁੱਧਵਾਰ 16 ਅਪ੍ਰੈਲ ਨੂੰ ਦੇਰ ਸ਼ਾਮ 7 ਵਜੇ ਜਦੋਂ ਘਰ ਵਾਪਸ ਆਇਆ ਤਾਂ ਉਹ ਕੁਝ ਪਰੇਸ਼ਾਨ ਲੱਗ ਰਿਹਾ ਸੀ। ਜਦੋਂ ਪਰਿਵਾਰ ਵੱਲੋਂ ਉਸ ਨੂੰ ਇਨਾਂ ਸਮਾਂ ਬਾਹਰ ਰਹਿਣ ਸਬੰਧੀ ਪੁੱਛਿਆ ਗਿਆ ਤਾਂ ਉਹ ਪਰਿਵਾਰਕ ਮੈਂਬਰਾਂ ਦੀ ਕਿਸੇ ਵੀ ਗੱਲ ਦਾ ਜਵਾਬ ਦਿੱਤੇ ਬਗੈਰ ਬਿਨਾਂ ਰੋਟੀ ਖਾਧੇ ਸਿੱਧਾ ਆਪਣੇ ਕਮਰੇ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਰਾਤ ਦੇ ਕਰੀਬ 9:30 ਵਜੇ ਜਦੋਂ ਉਸ ਦੀ ਪਤਨੀ ਆਪਣੇ ਲੜਕੇ ਨਰਿੰਦਰ ਵੀਰ ਸਿੰਘ ਦੇ ਕਮਰੇ ਵਿਚ ਗਈ ਤਾਂ ਉਸ ਨੇ ਦੇਖਿਆ ਕਿ ਨਰਿੰਦਰ ਵੀਰ ਸਿੰਘ ਨੇ ਆਪਣੇ ਕਮਰੇ ਵਿਚ ਛੱਤ ਦੇ ਇਕ ਕੋਨੇ ਵਿਚ ਲੱਗੇ ਇਕ ਕੁੰਡੇ ਵਿਚ ਆਪਣੇ ਸਿਰ ਤੇ ਬੰਨਣ ਵਾਲੇ ਪਰਨੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਸੀ। ਮ੍ਰਿਤਕ ਦੇ ਪਿਤਾ ਗੁਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਨੂੰ ਕਿਸੇ ਨਾਮ ਨੂੰ ਵਿਅਕਤੀਆਂ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਕਾਰਨ ਉਸ ਦੇ ਲੜਕੇ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਨਾ ਮਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News