IPL 2019 : ਵਾਰਨਰ ਤੋਂ ਬਿਨਾਂ ਪਲੇਅ ਆਫ ਲਈ ਦਾਅਵਾ ਮਜ਼ਬੂਤ ਕਰੇਗਾ ਹੈਦਰਾਬਾਦ

Thursday, May 02, 2019 - 12:54 AM (IST)

IPL 2019 : ਵਾਰਨਰ ਤੋਂ ਬਿਨਾਂ ਪਲੇਅ ਆਫ ਲਈ ਦਾਅਵਾ ਮਜ਼ਬੂਤ ਕਰੇਗਾ ਹੈਦਰਾਬਾਦ

ਮੁੰਬਈ- ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਆਈ. ਪੀ. ਐੱਲ.-12 ਵਿਚ ਉਤਰਾਅ-ਚੜ੍ਹਾਅ ਤੋਂ ਬਾਅਦ ਫਿਲਹਾਲ ਚੌਥੇ ਨੰਬਰ 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਉਸ ਦੇ ਸਾਹਮਣੇ ਆਪਣੇ ਸਟਾਰ ਖਿਡਾਰੀ ਡੇਵਿਡ ਵਾਰਨਰ ਦੀ ਗੈਰ-ਮੌਜੂਦਗੀ ਨੂੰ ਭਰਨ ਦੇ ਨਾਲ 3 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਉਸੇ ਦੇ ਮੈਦਾਨ 'ਤੇ ਹਰਾ ਕੇ ਪਲੇਅ ਆਫ ਲਈ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਦੋਹਰੀ ਚੁਣੌਤੀ ਹੋਵੇਗੀ।
ਆਸਟਰੇਲੀਆ ਦੀ ਵਿਸ਼ਵ ਕੱਪ ਟੀਮ ਦਾ ਹਿੱਸਾ ਵਾਰਨਰ ਸ਼ਾਨਦਾਰ ਫਾਰਮ ਵਿਚ ਖੇਡ ਰਿਹਾ ਸੀ ਪਰ ਉਸ ਨੂੰ ਰਾਸ਼ਟਰੀ ਪ੍ਰਤੀਬੱਧਤਾ ਕਾਰਨ ਆਪਣੇ ਵਤਨ ਪਰਤਣਾ ਪਿਆ। ਉਹ ਆਈ. ਪੀ. ਐੱਲ. ਦੇ ਬਾਕੀ ਸੈਸ਼ਨ ਦਾ ਹਿੱਸਾ ਨਹੀਂ ਰਹੇਗਾ। ਵਾਰਨਰ ਨੇ ਆਈ. ਪੀ. ਐੱਲ. ਦੇ 12 ਮੈਚਾਂ ਵਿਚ 692 ਦੌੜਾਂ ਬਣਾਈਆਂ। ਹੁਣ ਤੱਕ ਉਹ ਟੂਰਨਾਮੈਂਟ ਵਿਚ ਚੋਟੀ ਦਾ ਸਕੋਰਰ ਵੀ ਹੈ। ਪਿਛਲੇ ਮੈਚ ਵਿਚ ਉਸ ਨੇ 81 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ।
ਹੈਦਰਾਬਾਦ ਦੀ ਟੀਮ ਅਜੇ ਸੂਚੀ ਵਿਚ 12 ਮੈਚਾਂ ਵਿਚ 12 ਅੰਕਾਂ ਦੇ ਨਾਲ ਚੌਥੇ ਨੰਬਰ 'ਤੇ ਹੈ। ਬਾਕੀ ਟੀਮਾਂ ਤੋਂ ਮਿਲ ਰਹੀ ਚੁਣੌਤੀ ਤੋਂ ਬਾਅਦ ਉਸ ਦੇ ਲਈ ਚੋਟੀ ਦੇ 4 ਵਿਚ ਬਣੇ ਰਹਿਣ ਅਤੇ ਪਲੇਅ ਆਫ ਲਈ ਦਾਅਵਾ ਪੱਕਾ ਕਰਨ ਦੇ ਟੀਚੇ ਕਾਰਨ ਮੁੰਬਈ ਖਿਲਾਫ ਮੈਚ ਕਾਫੀ ਅਹਿਮ ਹੋਵੇਗਾ। ਉਥੇ ਹੀ ਮੁੰਬਈ ਦੀ ਟੀਮ 12 ਮੈਚਾਂ ਵਿਚ 12 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਹੈਦਰਾਬਾਦ ਖਿਲਾਫ ਜਿੱਤ ਨਾਲ ਉਹ ਪਲੇਅ ਆਫ ਸਥਾਨ ਪੱਕਾ ਕਰ ਲਵੇਗੀ। ਵਾਰਨਰ ਦੇ ਜਾਣ ਨਾਲ ਹੈਦਰਾਬਾਦ ਨੂੰ ਨਿਸ਼ਚਿਤ ਤੌਰ 'ਤੇ ਝਟਕਾ ਲੱਗਾ ਹੈ। ਹੁਣ ਦੌੜਾਂ ਲਈ ਟੀਮ ਕੇਨ ਵਿਲੀਅਮਸਨ, ਰਿਧੀਮਾਨ ਸਾਹਾ, ਵਿਜੇ ਸ਼ੰਕਰ, ਮਨੀਸ਼ ਪਾਂਡੇ ਅਤੇ ਦੀਪਕ ਹੁੱਡਾ 'ਤੇ ਨਿਰਭਰ ਰਹੇਗੀ।
ਮੁੰਬਈ ਦੀ ਟੀਮ ਕੋਲ ਲਸਿਥ ਮਲਿੰਗਾ, ਜਸਪ੍ਰੀਤ ਬੁਮਰਾਹ, ਰਾਹੁਲ ਚਾਹਰ ਅਤੇ ਕਰੁਣਾਲ ਪੰਡਯਾ ਦੇ ਰੂਪ ਵਿਚ ਸ਼ਾਨਦਾਰ ਗੇਂਦਬਾਜ਼ ਹਨ। ਉਹ ਕਿਸੇ ਵੀ ਮਜ਼ਬੂਤ ਵਿਰੋਧੀ ਬੱਲੇਬਾਜ਼ੀ ਕ੍ਰਮ ਨੂੰ ਢਹਿ-ਢੇਰੀ ਕਰ ਸਕਦੇ ਹਨ। ਆਖਰੀ ਵਾਰ ਜਦੋਂ ਮੁੰਬਈ ਅਤੇ ਹੈਦਰਾਬਾਦ ਵਿਚਾਲੇ ਮੁਕਾਬਲਾ ਹੋਇਆ ਸੀ, ਉਦੋਂ ਅਲਜਾਰੀ ਜੋਸਫ ਨੇ ਹੈਦਰਾਬਾਦ ਨੂੰ ਨੁਕਸਾਨ ਪਹੁੰਚਾਇਆ ਸੀ। ਹਾਲਾਂਕਿ ਮਹਿਮਾਨ ਟੀਮ ਨੂੰ ਇਸ ਗੱਲ ਦੀ ਰਾਹਤ ਹੋਵੇਗੀ ਕਿ ਕੈਰੇਬੀਆਈ ਖਿਡਾਰੀ ਮੋਢੇ ਦੀ ਸੱਟ ਕਾਰਨ ਟੂਰਨਾਮੈਂਟ 'ਚੋਂ ਹੀ ਬਾਹਰ ਹੋ ਗਿਆ ਹੈ। ਆਈ. ਪੀ. ਐੱਲ. ਵਿਚ ਚੋਟੀ ਦੀਆਂ 2 ਟੀਮਾਂ ਦਿੱਲੀ ਅਤੇ ਚੇਨਈ ਨੇ ਪਹਿਲਾਂ ਹੀ ਪਲੇਅ ਆਫ ਵਿਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਤੀਜੇ ਅਤੇ ਚੌਥੇ ਨੰਬਰ ਦੀ ਮੁੰਬਈ ਅਤੇ ਹੈਦਰਾਬਾਦ ਲਈ ਹੁਣ ਚੋਟੀ-3 ਵਿਚ ਬਣੇ ਰਹਿਣ ਦੀ ਚੁਣੌਤੀ ਹੈ। ਹੈਦਰਾਬਾਦ ਲਈ ਅਜੇ ਬਚੇ ਹੋਏ ਦੋਵੇਂ ਮੈਚ ਜਿੱਤਣੇ ਜ਼ਰੂਰੀ ਹਨ ਕਿਉਂਕਿ ਉਸ ਦੀ ਸਿੱਧੀ ਟੱਕਰ ਰਾਜਸਥਾਨ, ਕੋਲਕਾਤਾ ਅਤੇ ਪੰਜਾਬ ਨਾਲ ਹੈ, ਚੌਥੇ ਨੰਬਰ ਲਈ ਦੌੜ ਅਜੇ ਵੀ ਬਣੀ ਹੋਈ ਹੈ।
ਭਾਰਤ ਦੀ ਵਿਸ਼ਵ ਕੱਪ ਟੀਮ ਦਾ ਖਿਡਾਰੀ ਹਾਰਦਿਕ ਪੰਡਯਾ ਸ਼ਾਨਦਾਰ ਫਾਰਮ ਵਿਚ ਖੇਡ ਰਿਹਾ ਹੈ। ਪਿਛਲੇ ਮੈਚ ਵਿਚ ਉਸ ਨੇ ਕੋਲਕਾਤਾ ਖਿਲਾਫ 34 ਗੇਂਦਾਂ ਵਿਚ 91 ਦੌੜਾਂ ਦੀ ਤਾਬੜ-ਤੋੜ ਪਾਰੀ ਖੇਡੀ ਸੀ। ਹਾਲਾਂਕਿ 232 ਦੌੜਾਂ ਦੇ ਵੱਡੇ ਟੀਚੇ ਦੇ ਸਾਹਮਣੇ ਮੁੰਬਈ 34 ਦੌੜਾਂ ਨਾਲ ਮੈਚ ਹਾਰ ਗਈ ਸੀ। ਟੀਮ ਕੋਲ ਰੋਹਿਤ ਸ਼ਰਮਾ, ਕਵਿੰਟਨ ਡੀਕਾਕ, ਸੂਰਿਆ ਕੁਮਾਰ ਯਾਦਵ ਅਤੇ ਕੀਰੋਨ ਪੋਲਾਰਡ ਵਰਗੇ ਵਧੀਆ ਬੱਲੇਬਾਜ਼ ਹਨ ਪਰ ਮੈਚ 'ਚ ਇਨ੍ਹਾਂ ਨੇ ਨਿਰਾਸ਼ ਕੀਤਾ ਸੀ। ਮੁੰਬਈ ਨੂੰ ਪਲੇਅ ਆਫ ਵਿਚ ਜਗ੍ਹਾ ਪੱਕੀ ਕਰਨ ਲਈ ਚੰਗੀ ਬੱਲੇਬਾਜ਼ੀ ਕਰਨੀ ਹੋਵੇਗੀ ਕਿਉਂਕਿ ਹੈਦਰਾਬਾਦ ਕੋਲ ਕਮਾਲ ਦਾ ਗੇਂਦਬਾਜ਼ੀ ਕ੍ਰਮ ਹੈ। ਇਸ ਵਿਚ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਵਰਗੇ ਖਿਡਾਰੀ ਹਨ।
 


author

Gurdeep Singh

Content Editor

Related News