IPL 2019 : ਪਲੇਅ ਆਫ ''ਚ ਜਗ੍ਹਾ ਪੱਕੀ ਕਰੇਗੀ ਚੇਨਈ!

04/17/2019 12:22:31 AM

ਹੈਦਰਾਬਾਦ— ਆਈ. ਪੀ. ਐੱਲ. ਦੀ ਸਭ ਤੋਂ ਮਜ਼ਬੂਤ ਟੀਮ ਚੇਨਈ ਸੁਪਰ ਕਿੰਗਜ਼ ਬੁੱਧਵਾਰ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਉਸ ਦੇ ਘਰੇਲੂ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿਚ ਇਕ ਹੋਰ ਜਿੱਤ ਦੇ ਨਾਲ ਪਲੇਅ ਆਫ ਵਿਚ ਆਪਣਾ ਸਥਾਨ ਪੱਕਾ ਕਰਨ ਉਤਰੇਗੀ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਦੇ 8 ਮੈਚਾਂ ਵਿਚੋਂ 7 ਜਿੱਤਾਂ ਤੇ 1 ਹਾਰ ਤੋਂ ਬਾਅਦ 14 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਚੋਟੀ 'ਤੇ ਹੈ, ਹੈਦਰਾਬਾਦ ਵਿਰੁੱਧ ਇਕ ਹੋਰ ਜਿੱਤ ਉਸ ਦਾ ਪਲੇਅ ਆਫ ਵਿਚ ਸਥਾਨ ਲਗਭਗ ਪੱਕਾ ਕਰ ਦੇਵੇਗੀ, ਜਦਕਿ ਹੈਦਰਾਬਾਦ 7 ਮੈਚਾਂ ਵਿਚੋਂ 3 ਹੀ ਜਿੱਤ ਸਕੀ ਹੈ ਤੇ ਅੰਕ ਸੂਚੀ ਵਿਚ ਛੇਵੇਂ ਨੰਬਰ'ਤੇ ਖਿਸਕ ਗਈ ਹੈ। ਘਰੇਲੂ ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਹਰ ਹਾਲ ਵਿਚ ਜਿੱਤ ਦਰਜ ਕਰ ਕੇ ਆਪਣੀ ਸਥਿਤੀ ਸੁਧਾਰੇ।
ਟੀ-20 ਲੀਗ ਦੇ ਇਸ ਅਹਿਮ ਪੜਾਅ 'ਤੇ ਆ ਕੇ ਬਾਕੀ ਟੀਮਾਂ ਦੇ ਸਮੀਕਰਨ ਵੀ ਕਾਫੀ ਦਿਲਚਸਪ ਹੋ ਗਏ ਹਨ ਤੇ ਹੈਦਰਾਬਾਦ ਤੋਂ ਅੱਗੇ ਕੋਲਕਾਤਾ ਅਤੇ ਪੰਜਾਬ ਦੀਆਂ ਟੀਮਾਂ ਦੇ 8-8 ਅੰਕ ਹਨ, ਜਿਨ੍ਹਾਂ ਵਿਚਾਲੇ ਹੁਣ ਅੱਗੇ ਵਧਣ ਲਈ ਮੁਕਾਬਲਾ ਰੋਮਾਂਚਕ ਹੋ ਗਿਆ ਹੈ। ਅਜਿਹੀ ਹਾਲਤ ਵਿਚ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਨੂੰ ਜਿੱਤ ਲਈ ਹਰ ਹਾਲ ਵਿਚ ਪੂਰਾ ਜ਼ੋਰ ਲਾਉਣਾ ਪਵੇਗਾ, ਜਿਸ ਨੂੰ ਪਿਛਲੇ ਮੈਚ ਵਿਚ ਦਿੱਲੀ ਕੈਪੀਟਲਸ ਹੱਥੋਂ ਆਪਣੇ ਹੀ ਮੈਦਾਨ 'ਤੇ 39 ਦੌੜਾਂ ਨਾਲ ਹਾਰ ਝੱਲਣੀ ਪਈ ਸੀ।
ਚੇਨਈ ਸੁਪਰ ਕਿੰਗਜ਼ ਹਰ ਵਿਭਾਗ 'ਚ ਸੰਤੁਲਿਤ
ਚੇਨਈ ਹਰ ਵਿਭਾਗ ਵਿਚ ਸੰਤੁਲਿਤ ਟੀਮ ਹੈ। ਚੇਨਈ ਨੇ ਪਿਛਲੇ ਮੈਚ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਟੀਮ ਦੇ ਬੱਲੇਬਾਜ਼ੀ ਵਿਭਾਗ ਵਿਚ ਸ਼ੇਨ ਵਾਟਸਨ, ਸੁਰੇਸ਼ ਰੈਨਾ, ਫਾਫ ਡੂ ਪਲੇਸਿਸ ਤੇ ਕਪਤਾਨ ਧੋਨੀ ਵਰਗੇ ਖਿਡਾਰੀ ਹਨ, ਜਦਕਿ ਗੇਂਦਬਾਜ਼ਾਂ ਵਿਚ ਦੀਪਕ ਚਾਹਰ, ਇਮਰਾਨ ਤਾਹਿਰ ਤੇ ਹਰਭਜਨ ਸਿੰਘ ਹੁਣ ਤਕ ਚੰਗੀ ਤਰ੍ਹਾਂ ਨਾਲ ਜ਼ਿੰਮੇਵਾਰੀ ਨਿਭਾ ਰਹੇ ਹਨ। ਪਿਛਲੇ ਮੈਚ ਵਿਚ ਰੈਨਾ ਨੇ 58 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ, ਜਦਕਿ ਸਪਿਨਰ ਤਾਹਿਰ 27 ਦੌੜਾਂ 'ਤੇ 4 ਵਿਕਟਾਂ ਲੈ ਕੇ 'ਮੈਨ ਆਫ ਦਿ ਮੈਚ' ਰਿਹਾ ਸੀ। ਆਪਣੇ ਕਰੀਅਰ ਵਿਚ ਆਖਰੀ ਵਾਰ ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ ਬਣੇ ਵਿਕਟਕੀਪਰ ਧੋਨੀ ਇਸ ਸਮੇਂ ਕਮਾਲ ਦੀ ਫਾਰਮ ਵਿਚ ਹੈ ਤੇ 8 ਮੈਚਾਂ ਵਿਚ 76.66 ਦੀ ਔਸਤ ਨਾਲ 230 ਦੌੜਾਂ ਬਣਾ ਕੇ ਟੀਮ ਦਾ ਟਾਪ ਸਕੋਰਰ ਹੈ, ਜਦਕਿ ਗੇਂਦਬਾਜ਼ੀ ਵਿਚ ਤਾਹਿਰ 13 ਵਿਕਟਾਂ ਤੇ ਚਾਹਰ  10 ਵਿਕਟਾਂ ਨਾਲ ਸਭ ਤੋਂ ਸਫਲ ਗੇਂਦਬਾਜ਼ ਹਨ। 
ਆਖਰੀ 3 ਮੈਚ ਲਗਾਤਾਰ ਹਾਰ ਚੁੱਕੇ ਨੇ ਸਨਰਾਈਜ਼ਰਜ਼ 
ਹੈਦਰਾਬਾਦ ਨੂੰ ਆਪਣੇ ਆਖਰੀ ਤਿੰਨ ਮੈਚਾਂ ਵਿਚ ਨਿਰਾਸ਼ਾ ਹੱਥ ਲੱਗੀ ਹੈ ਤੇ ਟੀਮ ਜਿੱਤ ਲਈ ਕੁਝ ਕੁ ਖਿਡਾਰੀਆਂ 'ਤੇ ਹੀ ਨਿਰਭਰ ਦਿਖਾਈ ਦੇ ਰਹੀ ਹੈ। ਟੀਮ ਆਪਣੇ ਓਪਨਿੰਗ ਬੱਲੇਬਾਜ਼ਾਂ ਡੇਵਿਡ ਵਾਰਨਰ ਤੇ ਜਾਨੀ ਬੇਅਰਸਟ੍ਰਾ 'ਤੇ ਸਭ ਤੋਂ ਵੱਧ ਨਿਰਭਰ ਹੈ, ਜਦਕਿ ਬਾਕੀ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਦੇ ਤਿੰਨ ਮਹੀਨਿਆਂ ਵਿਚ ਹੀ ਭਾਰਤ ਦੀ ਵਿਸ਼ਵ ਕੱਪ ਟੀਮ ਵਿਚ ਜਗ੍ਹਾ ਬਣਾਉਣ ਵਾਲਾ ਆਲਰਾਊਂਡਰ ਵਿਜੇ ਸ਼ੰਕਰ ਵੀ ਪਿਛਲੇ ਮੈਚ ਵਿਚ ਇਕ ਦੌੜ ਹੀ ਬਣਾ ਸਕਿਆ ਸੀ। ਸ਼ੰਕਰ ਨੇ ਹੁਣ ਤਕ 7 ਮੈਚਾਂ ਵਿਚ 132 ਦੌੜਾਂ ਬਣਾਈਆਂ ਹਨ, ਜਿਸ 'ਚ 40 ਦੌੜਾਂ ਦੀ ਉਸ ਦੀ ਸਭ ਤੋਂ ਵੱਡੀ ਪਾਰੀ ਰਹੀ ਹੈ।
ਹੈਦਰਾਬਾਦ ਦਾ ਗੇਂਦਬਾਜ਼ੀ ਵਿਭਾਗ ਹਾਲਾਂਕਿ ਕੁਝ ਬਿਹਤਰ ਹੈ, ਸੰਦੀਪ ਸ਼ਰਮਾ 7 ਮੈਚਾਂ ਵਿਚੋਂ 8 ਵਿਕਟਾਂ ਲੈ ਕੇ ਸਭ ਤੋਂ ਸਫਲ ਹੈ ਪਰ ਰਾਸ਼ਿਦ ਖਾਨ ਹੁਣ ਤਕ ਪਿਛਲੇ ਸੈਸ਼ਨ ਵਰਗਾ ਕੋਈ ਚਮਤਕਾਰ ਨਹੀਂ ਦਿਖਾ ਸਕਿਆ ਹੈ। ਉਸ ਨੇ 7 ਮੈਚਾਂ ਵਿਚ 6 ਹੀ ਵਿਕਟਾਂ ਲਈਆਂ ਹਨ, ਜਦਕਿ ਸਿਧਾਰਥ ਕੌਲ ਨੂੰ 6 ਵਿਕਟਾਂ ਮਿਲੀਆ ਹਨ। ਭਾਰਤੀ ਵਿਸ਼ਵ ਕੱਪ ਟੀਮ ਦਾ ਹਿੱਸਾ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 7 ਮੈਚਾਂ ਵਿਚੋਂ 8.74 ਦੀ ਮਹਿੰਗੀ ਇਕਾਨੋਮੀ ਰੇਟ ਨਾਲ ਦੌੜਾਂ ਦਿੱਤੀਆਂ ਹਨ ਤੇ ਪੰਜ ਵਿਕਟਾਂ ਲਈਆਂ ਹਨ।


Gurdeep Singh

Content Editor

Related News