IPL 2018 : ਪੰਜਾਬ ਨੇ ਦਿੱਲੀ ਨੂੰ 4 ਦੌੜਾਂ ਨਾਲ ਹਰਾਇਆ

04/24/2018 1:49:06 AM

ਨਵੀਂ ਦਿੱਲੀ— ਲਿਆਮ ਪਲੰਕੇਟ (17 ਦੌੜਾਂ 'ਤੇ 3 ਵਿਕਟਾਂ) ਤੇ ਨੌਜਵਾਨ ਗੇਂਦਬਾਜ਼ ਅਵੇਸ਼ ਖਾਨ (36 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ 'ਤੇ ਦਿੱਲੀ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਪਾਣੀ ਫੇਰ ਦਿੱਤਾ ਤੇ ਦਿੱਲੀ ਡੇਅਰਡੇਵਿਲਜ਼ ਨੂੰ ਕਿੰਗਜ਼ ਇਲੈਵਨ ਪੰਜਾਬ ਹੱਥੋਂ ਆਈ. ਪੀ. ਐੱਲ.-11 ਦੇ ਮੁਕਾਬਲੇ ਵਿਚ ਸੋਮਵਾਰ ਨੂੰ ਆਪਣੇ ਘਰੇਲੂ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ 4 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦਿੱਲੀ ਨੇ ਪੰਜਾਬ ਨੂੰ 20 ਓਵਰਾਂ ਵਿਚ 8 ਵਿਕਟਾਂ 'ਤੇ 143 ਦੌੜਾਂ 'ਤੇ ਰੋਕ ਦਿੱਤਾ ਪਰ ਦਿੱਲੀ ਦੀ ਟੀਮ 8 ਵਿਕਟਾਂ 'ਤੇ 139 ਦੌੜਾਂ ਹੀ ਬਣਾ ਸਕੀ। ਸ਼੍ਰੇਅਸ ਅਈਅਰ ਨੇ 57 ਦੌੜਾਂ ਦੀ ਸਾਹਸੀ ਪਾਰੀ ਖੇਡੀ ਪਰ ਉਸਦੇ ਆਖਰੀ ਗੇਂਦ 'ਤੇ ਆਊਟ ਹੁੰਦੇ ਹੀ ਦਿੱਲੀ ਨੂੰ ਹਾਰ ਮਿਲ ਗਈ। ਦਿੱਲੀ ਦੀ ਛੇ ਮੈਚਾਂ ਵਿਚੋਂ ਇਹ ਪੰਜਵੀਂ ਹਾਰ ਹੈ, ਜਦਕਿ ਪੰਜਾਬ ਦੀ ਟੀਮ ਇੰਨੇ ਹੀ ਮੈਚਾਂ ਵਿਚੋਂ ਪੰਜਵੀਂ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ। 
ਇਸ ਤੋਂ ਪਹਿਲਾਂ ਦਿੱਲੀ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਦਿੱਲੀ ਦੀ ਟੀਮ ਨੇ ਆਪਣੇ ਵਿਚ 5 ਬਦਲਾਅ ਕੀਤੇ, ਜਦਕਿ ਪੰਜਾਬ ਲਈ ਪਿਛਲੇ ਤਿੰਨ ਮੈਚਾਂ ਵਿਚ ਸ਼ਾਨਦਾਰ ਪਾਰੀਆਂ ਖੇਡਣ ਵਾਲੇ ਕ੍ਰਿਸ ਗੇਲ ਨੂੰ ਇਸ ਮੈਚ ਵਿਚ ਸੱਟ ਕਾਰਨ ਆਰਾਮ ਦਿੱਤਾ। ਦਿੱਲੀ ਲਈ ਪਲੰਕੇਟ ਤੇ ਨੌਜਵਾਨ ਗੇਂਦਬਾਜ਼ ਅਵੇਸ਼ ਖਾਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਪਰ ਉਸਦੇ ਬੱਲੇਬਾਜ਼ਾਂ ਨੇ ਉਨ੍ਹਾਂ ਦੀ ਮਿਹਤਨ 'ਤੇ ਪਾਣੀ ਫੇਰ ਦਿੱਤਾ ਤੇ ਘਰੇਲੂ ਟੀਮ ਨੂੰ ਇਕ ਹੋਰ ਹਾਰ ਦਾ ਮੂੰਹ ਦੇਖਣਾ ਪਿਆ।


Related News