ਚੇਨਈ ਨੇ ਹੈਦਰਾਬਾਦ ਨੂੰ 2 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਬਣਾਈ ਜਗ੍ਹਾ

05/23/2018 1:25:46 AM

ਮੁੰਬਈ (ਬਿਊਰੋ)— ਫਾਫ ਡੂ ਪਲੇਸਿਸ ਦੀ ਅਜੇਤੂ 67 ਦੌੜਾਂ ਦੀ ਕਮਾਲ ਦੀ ਪਾਰੀ ਨਾਲ ਚੇਨਈ ਸੁਪਰ ਕਿੰਗਜ਼  ਨੇ ਸਨਰਾਈਜ਼ਰਸ ਹੈਦਰਾਬਾਦ ਨੂੰ ਪਹਿਲੇ ਕੁਆਲੀਫਾਇਰ ਵਿਚ ਮੰਗਲਵਾਰ ਨੂੰ 5 ਗੇਂਦਾਂ ਬਾਕੀ ਰਹਿੰਦਿਆਂ 2 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ.-11 ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਡੂ ਪਲੇਸਿਸ ਨੇ ਜੇਤੂ ਛੱਕਾ ਮਾਰਿਆ।
ਡੂ ਪਲੇਸਿਸ ਨੇ ਸਿਰਫ 42 ਗੇਂਦਾਂ 'ਤੇ 5 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 67 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਹੈਦਰਾਬਾਦ ਨੂੰ 7 ਵਿਕਟਾਂ 'ਤੇ 139 ਦੌੜਾਂ 'ਤੇ ਰੋਕਣ ਤੋਂ ਬਾਅਦ ਚੇਨਈ ਨੇ 19.1 ਓਵਰਾਂ ਵਿਚ 8 ਵਿਕਟਾਂ 'ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਪਲੇਸਿਸ ਇਸ ਪਾਰੀ ਲਈ 'ਮੈਨ ਆਫ ਦਿ ਮੈਚ' ਰਿਹਾ। 
ਡੂ ਪਲੇਸਿਸ ਦਾ ਚੰਗਾ ਸਾਥ ਦਿੱਤਾ ਸ਼ਾਰਦੁਲ ਠਾਕੁਰ ਨੇ , ਜਿਸ ਨੇ 19ਵੇਂ ਓਵਰ ਵਿਚ ਤਿੰਨ ਚੌਕੇ ਲਾਉਣ ਸਮੇਤ ਪੰਜ ਗੇਂਦਾਂ 'ਤੇ ਅਜੇਤੂ 15 ਦੌੜਾਂ ਬਣਾਈਆਂ। ਦੋ ਵਾਰ ਚੈਂਪੀਅਨ ਰਹੀ ਚੇਨਈ ਨੇ ਇਸ ਤਰ੍ਹਾਂ ਸੱਤਵੀਂ ਵਾਰ ਸ਼ਾਨ ਨਾਲ ਫਾਈਨਲ ਵਿਚ ਜਗ੍ਹਾ ਬਣਾਈ। ਇਸ ਹਾਰ ਦੇ ਬਾਵਜੂਦ ਹੈਦਰਾਬਾਦ ਕੋਲ ਦੂਜਾ ਮੌਕਾ ਹੈ। ਹੈਦਰਾਬਾਦ ਦੀ ਟੀਮ ਹੁਣ ਕੋਲਕਾਤਾ ਤੇ ਰਾਜਸਥਾਨ ਵਿਚਾਲੇ ਐਲਿਮੀਨੇਟਰ ਦੇ ਜੇਤੂ ਨਾਲ ਦੂਜੇ ਕੁਆਲੀਫਾਇਰ ਵਿਚ ਖੇਡੇਗੀ। ਦੂਜੇ ਕੁਆਲੀਫਾਇਰ ਦੀ ਜੇਤੂ ਟੀਮ 27 ਮਈ ਦੇ ਫਾਈਨਲ ਵਿਚ ਚੇਨਈ ਨਾਲ ਭਿੜੇਗੀ। 
ਇਸ ਤੋਂ ਪਹਿਲਾਂ ਸਨਰਾਈਜ਼ਰਸ  ਹੈਦਰਾਬਾਦ ਜੇਕਰ ਸਨਮਾਨਜਨਕ ਸਕੋਰ ਤਕ ਪਹੁੰਚ ਸਕਿਆ ਤਾਂ ਇਸ ਦਾ ਸਿਹਰਾ ਬ੍ਰੈਥਵੇਟ ਨੂੰ ਜਾਂਦਾ ਹੈ, ਜਿਸ ਨੇ ਚਾਰ ਛੱਕਿਆਂ ਦੀ ਮਦਦ ਨਾਲ  29 ਗੇਂਦਾਂ 'ਤੇ ਅਜੇਤੂ 43 ਦੌੜਾਂ ਬਣਾਈਆਂ। ਉਸ ਦੇ ਇਲਾਵਾ ਕਪਤਾਨ ਕੇਨ ਵਿਲੀਅਮਸਨ (24) ਤੇ ਯੂਸਫ ਪਠਾਨ (24) ਹੀ 20 ਦੌੜਾਂ ਦੀ ਗਿਣਤੀ ਪਾਰ ਕਰ ਸਕੇ।
ਪਿੱਚ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ। ਗੇਂਦ ਰੁਕ ਕੇ ਬੱਲੇ 'ਤੇ ਆ ਰਹੀ ਸੀ, ਜਿਸ ਨਾਲ ਸ਼ਾਟਾਂ ਲਾਉਣੀਆਂ ਸੌਖੀਆਂ ਨਹੀਂ ਸਨ। ਚੇਨਈ ਦੇ ਗੇਂਦਬਾਜ਼ਾਂ ਨੇ ਸਹੀ ਲਾਈਨ ਤੇ ਲੈਂਥ ਨਾਲ ਗੇਂਦਬਾਜ਼ੀ ਕਰ ਕੇ ਸਨਰਾਈਜ਼ਰਸ ਦੀਆਂ ਮੁਸ਼ਕਿਲਾਂ ਵਧਾਈਆਂ।
ਚੇਨਈ ਵਲੋਂ ਡਵੇਨ ਬ੍ਰਾਵੋ ਨੇ 25 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦਕਿ ਰਵਿੰਦਰ ਜਡੇਜਾ (13 ਦੌੜਾਂ 'ਤੇ ਇਕ ਵਿਕਟ) ਤੇ ਲੂੰਗੀ ਇਨਗਿਡੀ (20 ਦੌੜਾਂ 'ਤੇ ਇਕ ਵਿਕਟ) ਨੇ ਸਟੀਕ ਗੇਂਦਬਾਜ਼ੀ ਕੀਤੀ। 
ਵਾਰੀ ਦਾ ਪਹਿਲਾ ਛੱਕਾ 18ਵੇਂ ਓਵਰ ਵਿਚ ਲੱਗਾ। ਬ੍ਰੈਥਵੇਟ ਨੇ ਠਾਕੁਰ ਦੀਆਂ ਪਹਿਲੀਆਂ ਦੋ ਗੇਂਦਾਂ ਨੂੰ ਅਸਮਾਨ ਛੂੰਹਦੇ ਛੱਕਿਆਂ ਲਈ ਭੇਜਿਆ। ਇਨ੍ਹਾਂ ਵਿਚੋਂ ਪਹਿਲੇ ਛੱਕੇ ਨਾਲ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਿਆ ਸੀ। ਉਸ ਨੇ ਇਸ ਗੇਂਦਬਾਜ਼ ਦੇ ਪਾਰੀ ਦੇ ਆਖਰੀ ਓਵਰ ਵਿਚ ਵੀ ਦੋ ਛੱਕੇ ਲਾਏ। ਠਾਕੁਰ ਨੇ ਆਪਣੇ ਚਾਰ ਓਵਰਾਂ ਵਿਚ 50 ਦੌੜਾਂ ਦਿੱਤੀਆਂ।


Related News