ਜ਼ਖ਼ਮੀ ਵਿਲੀਅਮਸਨ ਹੋ ਸਕਦੇ ਹਨ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ ’ਚੋਂ ਬਾਹਰ

Thursday, Oct 21, 2021 - 04:10 PM (IST)

ਜ਼ਖ਼ਮੀ ਵਿਲੀਅਮਸਨ ਹੋ ਸਕਦੇ ਹਨ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ ’ਚੋਂ ਬਾਹਰ

ਆਬੂਧਾਬੀ (ਭਾਸ਼ਾ)-ਨਿਊਜ਼ੀਲੈਂਡ ਦੇ ਮੁੱਖ ਕੋਚ ਗੈਰੀ ਸਟੀਡ ਨੇ ਖੁਲਾਸਾ ਕੀਤਾ ਹੈ ਕਿ ਕੂਹਣੀ ਦੀ ਸੱਟ ਕਾਰਨ ਕਪਤਾਨ ਕੇਨ ਵਿਲੀਅਮਸਨ ਟੀ-20 ਵਿਸ਼ਵ ਕੱਪ ਦੇ ਕੁਝ ਮੈਚਾਂ ’ਚੋਂ ਬਾਹਰ ਰਹਿ ਸਕਦੇ ਹਨ। ਨਿਊਜ਼ੀਲੈਂਡ ਨੂੰ ਬੁੱਧਵਾਰ ਅਭਿਆਸ ਮੈਚ ’ਚ ਇੰਗਲੈਂਡ ਨੇ 13 ਦੌੜਾਂ ਨਾਲ ਹਰਾਇਆ। ਵਿਲੀਅਮਸਨ ਮੈਚ ’ਚ ਫੀਲਡਿੰਗ ਕਰਦੇ ਦਿਖੇ ਪਰ ਅਹਿਤਿਆਤ ਦੇ ਤੌਰ ’ਤੇ ਬੱਲੇਬਾਜ਼ੀ ਨਹੀਂ ਕੀਤੀ। ਸਟੀਡ ਨੇ ਕਿਹਾ ਕਿ ਪਹਿਲੇ ਅਭਿਆਸ ਮੈਚ ਤੋਂ ਬਾਅਦ ਵਿਲੀਅਮਸਨ ਦੀ ਕੂਹਣੀ ਦੀ ਸੱਟ ਵਧ ਗਈ ਹੈ। ਵਿਲੀਅਮਸਨ ਨੇ ਉਸ ਮੈਚ ’ਚ 30 ਗੇਂਦਾਂ ’ਚ 37 ਦੌੜਾਂ ਬਣਾਈਆਂ ਸਨ ਪਰ ਨਿਊਜ਼ੀਲੈਂਡ ਨੂੰ ਤਿੰਨ ਵਿਕਟਾਂ ਨਾਲ ਹਾਰ ਝੱਲਣੀ ਪਈ।

ਵਿਲੀਅਮਸਨ ਦੇ ਕੁਝ ਮੈਚਾਂ ’ਚੋਂ ਬਾਹਰ ਰਹਿਣ ਦੀ ਸੰਭਾਵਨਾ ਬਾਰੇ ਪੁੱਛਣ ’ਤੇ ਸਟੀਡ ਨੇ ‘ਸਟਫ ਡਾਟ ਕੋ ਡਾਟ ਐੱਨਜ਼ੈੱਡ’ ਨੂੰ ਕਿਹਾ, ‘‘ਇਸ ਦੀ ਸੰਭਾਵਨਾ ਹੈ। ਹਾਲਾਂਕਿ ਸਾਨੂੰ ਉਮੀਦ ਹੈ ਕਿ ਸਹੀ ਆਰਾਮ ਮਿਲਣ ਤੇ ਸੰਤੁਲਨ ਬਣਨ ’ਤੇ ਉਹ ਖੇਡ ਸਕੇਗਾ।’’ ਨਿਊਜ਼ੀਲੈਂਡ ਨੇ ਮੰਗਲਵਾਰ ਪਾਕਿਸਤਾਨ ਨਾਲ ਖੇਡਣਾ ਹੈ ਪਰ ਬਾਕੀ ਚਾਰ ਸੁਪਰ 12 ਮੈਚ ਸੱਤ ਦਿਨ ਦੇ ਅੰਦਰ ਖੇਡਣੇ ਹੋਣਗੇ, ਜਿਸ ’ਚ ਆਰਾਮ ਦੀ ਸੰਭਾਵਨਾ ਘੱਟ ਹੈ। ਸਟੀਡ ਨੇ ਕਿਹਾ, ‘‘ਕੇਨ ਗੇਂਦ ’ਤੇ ਸ਼ਾਨਦਾਰ ਹਮਲਾ ਕਰਨ ਵਾਲੇ ਬੱਲੇਬਾਜ਼ਾਂ ’ਚੋਂ ਹਨ ਤੇ ਉਹ ਤਿਆਰੀ ਵੀ ਇੰਝ ਹੀ ਕਰਦਾ ਹੈ ਪਰ ਕਈ ਵਾਰ ਇਸ ਨਾਲ ਨੁਕਸਾਨ ਹੋ ਜਾਂਦਾ ਹੈ। ਅਸੀਂ ਸਹੀ ਸੰਤੁਲਨ ਕਾਇਮ ਕਰਨ ਦੀ ਕੋਸ਼ਿਸ਼ ’ਚ ਹਾਂ ਤੇ ਪ੍ਰੇਸ਼ਾਨੀ ਨੂੰ ਵਧਾਉਣਾ ਨਹੀਂ ਚਾਹੁੰਦੇ।’’


author

Manoj

Content Editor

Related News