ਜਿਤੇੇਸ਼ ਤੇ ਰਿੰਕੂ ਦੀ ਸ਼ਾਨਦਾਰ ਬੱਲੇਬਾਜ਼ੀ, ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 175 ਦੌੜਾਂ ਦਾ ਟੀਚਾ
Friday, Dec 01, 2023 - 08:43 PM (IST)

ਸਪੋਰਟਸ ਡੈਸਕ- ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਚੌਥਾ ਮੈਚ ਛੱਤੀਸਗੜ੍ਹ ਦੇ ਰਾਏਪੁਰ ਸਥਿਤ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਲਈ ਜਿੱਥੇ ਇਹ ਮੈਚ ਕਰੋ ਜਾਂ ਮਰੋ ਵਾਲੀ ਸਥਿਤੀ ਲੈ ਕੇ ਆਏਗਾ, ਉੱਥੇ ਹੀ ਭਾਰਤੀ ਟੀਮ ਇਹ ਮੈਚ ਜਿੱਤ ਕੇ ਲੜੀ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ। ਆਸਟ੍ਰੇਲੀਆ ਨੂੰ ਪਿਛਲਾ ਮੈਚ ਜਿਤਾਉਣ ਵਾਲੇ ਗਲੈਨ ਮੈਕਸਵੈੱਲ ਜਿੱਥੇ ਵਾਪਸ ਆਸਟ੍ਰੇਲੀਆ ਪਰਤ ਗਏ ਹਨ, ਉੱਥੇ ਹੀ ਭਾਰਤੀ ਟੀਮ 'ਚ ਧਮਾਕੇਦਾਰ ਬੱਲੇਬਾਜ਼ ਸ਼੍ਰੇਅਸ ਅਈਅਰ ਅਤੇ ਗੇਂਦਬਾਜ਼ ਦੀਪਕ ਚਾਹਰ ਦੀ ਟੀਮ 'ਚ ਵਾਪਸੀ ਹੋ ਰਹੀ ਹੈ।
ਇਸ ਮੁਕਾਬਲੇ 'ਚ ਟਾਸ ਜਿੱਤ ਕੇ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਹੈ ਤੇ ਭਾਰਤੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਹੈ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੂੰ ਓਪਨਰ ਯਸ਼ਸਵੀ ਜਾਇਸਵਾਲ ਤੇ ਰੁਤੂਰਾਜ ਗਾਇਕਵਾੜ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ। ਪਰ ਜਾਇਸਵਾਲ ਤੇਜ਼ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਨਹੀਂ ਬਦਲ ਸਕਿਆ ਤੇ 37 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਆਏ ਸ਼੍ਰੇਅਸ ਅਈਅਰ ਵੀ ਕੁਝ ਕਮਾਲ ਨਹੀਂ ਕਰ ਸਕੇ ਤੇ 8 ਦੌੜਾਂ ਬਣਾ ਕੇ ਤਨਵੀਰ ਸੰਘਾ ਦੀ ਗੇਂਦ 'ਤੇ ਆਊਟ ਹੋ ਗਿਆ। ਕਪਤਾਨ ਸੂਰਿਆਕੁਮਾਰ ਵੀ ਕੁਝ ਖ਼ਾਸ ਨਹੀਂ ਕਰ ਸਕਿਆ ਤੇ 1 ਦੌੜ ਬਣਾ ਕੇ ਆਊਟ ਹੋ ਗਿਆ।
ਇਸ ਤੋਂ ਬਾਅਦ ਆਏ ਬੱਲੇਬਾਜ਼ ਰਿੰਕੂ ਸਿੰਘ ਨੇ ਕੁਝ ਸ਼ਾਨਦਾਰ ਸ਼ਾਟ ਖੇਡੇ ਤੇ ਗਾਇਕਵਾੜ ਦਾ ਸਾਥ ਦੇ ਕੇ ਟੀਮ ਦਾ ਸਕੋਰ 100 ਤੋਂ ਪਾਰ ਕਰਵਾਇਆ। ਪਰ ਗਾਇਕਵਾੜ ਵੀ ਸੈੱਟ ਹੋਣ ਤੋਂ ਬਾਅਦ 32 ਦੌੜਾਂ ਬਣਾ ਕੇ ਤਨਵੀਰ ਸੰਘਾ ਦੀ ਗੇਂਦ 'ਤੇ ਕੈਚ ਆਊਟ ਹੋ ਗਿਆ। ਰਿੰਕੂ ਸਿੰਘ ਤੇ ਜਿਤੇਸ਼ ਸ਼ਰਮਾ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ ਤੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਰਿੰਕੂ 46 ਤੇ ਜਿਤੇਸ਼ ਨੇ 35 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਾਅਦ ਆਏ ਬੱਲੇਬਾਜ਼ ਕੁਝ ਖ਼ਾਸ ਨਹੀਂ ਕਰ ਸਕੇ ਤੇ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 174 ਦੌੜਾਂ ਬਣਾ ਸਕੀ। ਹੁਣ ਭਾਰਤੀ ਗੇਂਦਬਾਜ਼ਾਂ ਨੂੰ ਜਿੱਤਣ ਲਈ ਆਸਟ੍ਰੇਲੀਆਈ ਬੱਲੇਬਾਜ਼ਾਂ ਨੂੰ ਇਸ ਸਕੋਰ ਤੱਕ ਪਹੁੰਚਣ ਤੋਂ ਰੋਕਣਾ ਪਵੇਗਾ।
ਪਲੇਇੰਗ-11
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਜਿਤੇਸ਼ ਸ਼ਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਦੀਪਕ ਚਾਹਰ, ਰਵੀ ਬਿਸ਼ਨੋਈ, ਆਵੇਸ਼ ਖ਼ਾਨ, ਮੁਕੇਸ਼ ਕੁਮਾਰ
ਆਸਟ੍ਰੇਲੀਆ- ਜੋਸ਼ ਫਿਲਿਪ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਐੋਰੋਨ ਹਾਰਡੀ, ਟਿਮ ਡੇਵਿਡ, ਮੈਟ ਸ਼ਾਰਟ, ਮੈਥਿਊ ਵੇਡ (ਕਪਤਾਨ), ਬੇਨ ਡਵਾਰਸ਼ੁਇਸ, ਕ੍ਰਿਸ ਗ੍ਰੀਨ, ਜੇਸਨ ਬੈਰਨਡਾਰਫ, ਤਨਵੀਰ ਸੰਘਾ