INDvsSA : ਡਰਬਨ 'ਚ ਭਾਰਤ ਦਾ ਆਲਰਾਊਂਡ ਪ੍ਰਦਰਸ਼ਨ, ਦੱਖਣੀ ਅਫਰੀਕਾ 'ਤੇ ਹਾਸਲ ਕੀਤੀ ਇਕਤਰਫ਼ਾ ਜਿੱਤ
Saturday, Nov 09, 2024 - 05:50 AM (IST)
ਸਪੋਰਟਸ ਡੈਸਕ- ਡਰਬਨ ਦੇ ਕਿੰਗਜ਼ਮੀਡ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਭਾਰਤ ਦੇ ਦੱਖਣੀ ਅਫਰੀਕਾ ਵਿਚਾਲੇ ਲੜੀ ਦੇ ਪਹਿਲੇ ਟੀ-20 ਮੁਕਾਬਲੇ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ਾਂ ਤੇ ਫਿਰ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੂੰ ਇਕਤਰਫ਼ਾ ਅੰਦਾਜ਼ 'ਚ 61 ਦੌੜਾਂ ਨਾਲ ਹਰਾ ਕੇ ਲੜੀ 'ਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ।
ਇਸ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਮਗਰੋਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਸੰਜੂ ਸੈਮਸਨ (107) ਦੇ ਤੂਫ਼ਾਨੀ ਸੈਂਕੜੇ ਮਗਰੋਂ ਬਾਕੀ ਬੱਲੇਬਾਜ਼ਾਂ ਦੇ ਯੋਗਦਾਨ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 202 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ ਸੀ।
ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਈ ਤੇ ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਲੰਬੀ ਪਾਰੀ ਨਹੀਂ ਖੇਡ ਸਕਿਆ। ਅਫਰੀਕਾ ਵੱਲੋਂ ਹੈਨਰਿਕ ਕਲਾਸੇਨ ਨੇ ਸਭ ਤੋਂ ਵੱਧ 25 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਮਗਰੋਂ ਗੇਰਾਲਡ ਕੋਇਟਜ਼ੀ ਨੇ 23,ਜਦਕਿ ਰਿਆਨ ਰਿਕਲਟਨ ਨੇ 21, ਡੇਵਿਡ ਮਿਲਰ ਨੇ 18, ਟ੍ਰਿਸਟਨ ਸਟੱਬਸ ਨੇ 11 ਤੇ ਮਾਰਕੋ ਜਾਨਸਨ ਨੇ 12 ਦੌੜਾਂ ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਬਾਅਦ ਕੋਈ ਵੀ ਬੱਲੇਬਾਜ਼ ਨਹੀਂ ਟਿਕ ਸਕਿਆ ਤੇ ਪੂਰੀ ਟੀਮ 17.5 ਓਵਰਾਂ 'ਚ 141 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ।
ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 61 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਭਾਰਤ ਵੱਲੋਂ ਵਰੁਣ ਚਕਰਵਰਤੀ ਤੇ ਰਵੀ ਬਿਸ਼ਨੋਈ ਨੇ 3-3 ਅਫਰੀਕੀ ਬੱਲੇਬਾਜ਼ਾਂ ਨੂੰ ਆਊਟ ਕੀਤਾ, ਜਦਕਿ ਆਵੇਸ਼ ਖ਼ਾਨ ਨੂੰ 2 ਤੇ ਅਰਸ਼ਦੀਪ ਸਿੰਘ ਨੂੰ 1 ਵਿਕਟ ਮਿਲੀ। ਇਸ ਜਿੱਤ ਨਾਲ ਭਾਰਤ 4 ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੋ ਗਿਆ ਹੈ। ਲੜੀ ਦਾ ਅਗਲਾ ਮੁਕਾਬਲਾ 10 ਨਵੰਬਰ ਨੂੰ ਕੇਬਰਾ ਦੇ ਸੇਂਟ ਜਾਰਜ ਓਵਲ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e