ਇੰਗਲੈਂਡ ਵਿਰੁੱਧ ਦਬਦਬਾ ਬਣਾਉਣ ਉਤਰੇਗੀ ਭਾਰਤੀ ਮਹਿਲਾ ਟੀਮ
Thursday, Feb 21, 2019 - 07:02 PM (IST)
 
            
            ਮੁੰਬਈ— ਸੱਟ ਕਾਰਨ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਦੇ ਬਾਵਜੂਦ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਤੋਂ ਇੱਥੇ ਇੰਗਲੈਂਡ ਵਿਰੁੱਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਦਬਦਬਾ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਨਿਊਜ਼ੀਲੈਂਡ ਵਿਰੁੱਧ ਉਸਦੀ ਧਰਤੀ 'ਤੇ ਵਨ ਡੇ ਲੜੀ 2-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੈ। ਟੀਮ ਨੂੰ ਹਾਲਾਂਕਿ ਟੀ-20 ਕੌਮਾਂਤਰੀ ਲੜੀ ਵਿਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੂੰ ਅਗਾਮੀ 2021 ਵਿਸ਼ਵ ਕੱਪ ਲਈ ਸਿੱਧੇ ਕੁਆਲੀਫਾਈ ਕਰਨਾ ਹੈ ਤਾਂ 2020 ਤਕ ਵਿਸ਼ਵ ਰੈਂਕਿੰਗ ਵਿਚ ਟਾਪ-4 ਵਿਚ ਆਪਣੀ ਜਗ੍ਹਾ ਬਰਕਰਾਰ ਰੱਖਣੀ ਪਵੇਗੀ। ਇਹ ਲੜੀ ਆਈ. ਸੀ. ਸੀ. ਚੈਂਪੀਅਨਸ਼ਿਪ ਦਾ ਹਿੱਸਾ ਹੈ ਤੇ ਇਸ ਦੇ ਸਾਰੇ ਮੈਚ ਵਾਨਖੇਡੇ ਸਟੇਡੀਅਮ ਵਿਚ ਖੇਡੇ ਜਾਣਗੇ। ਇੰਗਲੈਂਡ ਦੀ ਟੀਮ ਜਦੋਂ ਪਿਛਲੀ ਵਾਰ ਇੱਥੇ ਆਈ ਸੀ ਤਾਂ ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ 2-1 ਨਾਲ ਜਿੱਤ ਦਰਜ ਕੀਤੀ ਸੀ। ਮੇਜ਼ਬਾਨ ਟੀਮ ਹਾਲਾਂਕਿ ਇੰਗਲੈਂਡ ਦੀ ਟੀਮ ਨੂੰ ਹਲਕੇ ਵਿਚ ਲੈਣ ਦੀ ਗਲਤੀ ਨਹੀਂ ਕਰ ਸਕਦੀ ਕਿਉਂਕਿ ਮਹਿਮਾਨ ਟੀਮ ਵਿਚ ਮਹਿਲਾ ਕ੍ਰਿਕਟ ਦੇ ਕੁਝ ਵੱਡੇ ਨਾਂ ਸ਼ਾਮਲ ਹਨ ਨਿਊਜ਼ੀਲੈਂਡ ਵਿਰੁੱਧ ਲੜੀ ਵਿਚ ਸੈਂਕੜਾ ਤੇ 90 ਦੌੜਾਂ ਦੀ ਮਦਦ ਨਾਲ 196 ਦੌੜਾਂ ਬਣਾਉਣ ਵਾਲੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੋਂ ਭਾਰਤ ਨੂੰ ਬੱਲੇਬਾਜ਼ੀ ਵਿਚ ਕਾਫੀ ਉਮੀਦਾਂ ਹੋਣਗੀਆਂ। ਤਜਰਬੇਕਾਰ ਕਪਤਾਨ ਮਿਤਾਲੀ ਰਾਜ 'ਤੇ ਵੀ ਕਾਫੀ ਦਾਰੋਮਦਾਰ ਹੋਵੇਗਾ, ਜਿਹੜੀ 200 ਵਨ ਡੇ ਕੌਮਾਂਤਰੀ ਮੈਚ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰੀ ਹੈ।

ਟੀਮ ਨੂੰ ਹਾਲਾਂਕਿ ਉਪ ਕਪਤਾਨ ਹਰਮਨਪ੍ਰੀਤ ਕੌਰ ਦੀ ਕਮੀ ਮਹਿਸੂਸ ਹੋਵੇਗੀ, ਜਿਹੜੀ ਸੱਟ ਕਾਰਨ ਪੂਰੀ ਲੜੀ ਵਿਚੋਂ ਬਾਹਰ ਹੋ ਗਈ ਹੈ। ਉਸਦੇ ਬਦਲ ਦੇ ਤੌਰ 'ਤੇ ਨੌਜਵਾਨ ਹਰਲੀਨ ਦਿਓਲ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਜੇਮਿਮਾ ਰੋਡ੍ਰਿਗਜ ਵੀ ਮੌਜੂਦ ਹੈ। ਇਹ ਦੇਖਣਾ ਹੋਵੇਗਾ ਕਿ ਜੇਮਿਮਾ ਤੇ ਪੂਨਮ ਰਾਓਤ ਵਿਚੋਂ ਕਿਸ ਨੂੰ ਆਖਰੀ-11 ਵਿਚ ਜਗ੍ਹਆ ਮਿਲਦੀ ਹੈ। ਪੂਨਮ ਨੇ ਪਿਛਲਾ ਮੈਚ ਸਤੰਬਰ 2018 ਵਿਚ ਸ਼੍ਰੀਲਕਾ ਵਿਰੁੱਧ ਖੇਡਿਆ ਸੀ। ਮਿਤਾਲੀ ਦੀ ਅਗਵਈ ਵਾਲੀ ਭਾਰਤੀ ਟੀਮ ਨੂੰ ਆਮਣੇ ਮੱਧਕ੍ਰਮ ਦੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ ਹੈ ਤੇ ਨਵ-ਨਿਯੁਕਤ ਕੋਚ ਡਬਲਯੂ. ਵੀ. ਰਮਨ ਜਿੰਨਾ ਜਲਦੀ ਸੰਭਵ ਹੋਵੇ, ਇਸ ਵਿਚ ਸੁਧਾਰ ਦੀ ਕੋਸ਼ਿਸ਼ ਕਰੇਗਾ। ਭਾਰਤੀ ਗੇਂਦਬਾਜ਼ੀ ਹਮਲੇ ਦੀ ਅਗਵਾਈ ਇਕ ਵਾਰ ਫਿਰ ਤੋਂ ਤਜਰਬੇਕਾਰ ਝੂਲਨ ਗੋਸਵਾਮੀ ਕਰੇਗੀ। ਇਸ ਦੇ ਇਲਾਵਾ ਤੇਜ਼ ਗੇਦੰਬਾਜ਼ੀ ਵਿਚ ਉਸਦਾ ਸਾਥ ਨਿਭਾਉਣ ਲਈ ਸ਼ਿਖਾ ਪਾਂਡੇ ਤੇ ਮਾਨਸੀ ਜੋਸ਼ੀ ਵਰਗੀਆਂ ਗੇਂਦਬਾਜ਼ ਵੀ ਮੌਜੂਦ ਹਨ। ਮੈਚ ਵਿਚ ਸਪਿਨ ਦੀ ਭੂਮਿਕਾ ਅਹਿਮ ਹੋ ਸਕਦੀ ਹੈ ਤੇ ਅਜਿਹੇ ਵਿਚ ਹੌਲੀਆਂ ਗੇਂਦਬਾਜ਼ਾਂ ਦੀਪਤੀ ਸ਼ਰਮਾ, ਏਕਤਾ ਬਿਸ਼ਟ ਤੇ ਪੂਨਮ ਯਾਦਵ 'ਤੇ ਕਾਫੀ ਦਾਰੋਮਦਾਰ ਹੋਵੇਗਾ। ਦੂਜੇ ਪਾਸੇ 50 ਓਵਰਾਂ ਦੇ ਸਵਰੂਪ ਵਿਚ ਇੰਗਲੈਂਡ ਦੀ ਟੀਮ ਕਾਫੀ ਮਜ਼ਬੂਤ ਹੈ। ਟੀਮ ਕੋਲ ਚੋਟੀ ਵਿਚ ਡੇਨੀ ਵਾਟ (61 ਮੈਚਾਂ ਵਿਚ 746 ਦੌੜਾਂ) ਤੇ ਹੀਥਰ ਨਾਈਟ (86 ਮੈਚਾਂ ਵਿਚ 2331 ਦੌੜਾਂ) ਵਰਗੀਆਂ ਤਜਰਬੇਕਾਰ ਖਿਡਾਰਨਾਂ ਹਨ। ਮਹਿਮਾਨ ਟੀਮ ਕੋਲ ਇਸਦੇ ਇਲਾਵਾ ਸੋਫੀ ਐਕਲੇਸਟੋਨ ਵਰਗੀਆਂ ਆਲਰਾਊਂਡਰ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਆਨਯ ਸੁਬਰਸੋਲ ਤੇ ਨੈਟ ਸ਼ਿਵਰ ਦੀ ਮੌਜੂਦਗੀ ਵਿਚ ਅਜਿਹਾ ਗੇਂਦਬਾਜ਼ੀ ਹਮਲਾ ਹੈ, ਜਿਹੜਾ ਭਾਰਤ ਨੂੰ ਪ੍ਰੇਸ਼ਾਨ ਕਰ ਸਕਦਾ ਹੈ।

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                            