ਟਰਕਿਸ਼ ਕੱਪ ’ਚ ਹੁਣ ਭਾਰਤੀ ਮਹਿਲਾ ਫੁੱਟਬਾਲ ਟੀਮ ਸਾਹਮਣੇ ਹਾਂਗਕਾਂਗ ਦੀ ਚੁਣੌਤੀ
Friday, Feb 23, 2024 - 07:27 PM (IST)
ਅਲਾਨਯਾ (ਤੁਰਕੀ)- ਪਹਿਲੇ ਮੈਚ ਵਿਚ ਐਸਤੋਨੀਆ ਨੂੰ ਹਰਾਉਣ ਤੋਂ ਬਾਅਦ ਭਾਰਤੀ ਮਹਿਲਾ ਫੁੱਟਬਾਲ ਟੀਮ ਟਰਕਿਸ਼ ਕੱਪ ਦੇ ਦੂਜੇ ਮੈਚ ਵਿਚ ਸ਼ਨੀਵਾਰ ਨੂੰ ਹਾਂਗਕਾਂਗ ਵਿਰੁੱਧ ਇਸ ਲੈਅ ਨੂੰ ਜਾਰੀ ਰੱਖਣ ਉਤਰੇਗੀ। ਭਾਰਤ ਨੇ ਪਹਿਲੇ ਮੈਚ ਵਿਚ ਐੈਸਤੋਨੀਆ ਨੂੰ 4-3 ਨਾਲ ਹਰਾਇਆ ਸੀ, ਜਿਹੜੀ ਸੀਨੀਅਰ ਮਹਿਲਾ ਟੀਮ ਦੀ ਕਿਸੇ ਯੂਰਪੀਅਨ ਟੀਮ ਵਿਰੁੱਧ ਪਹਿਲੀ ਜਿੱਤ ਸੀ। ਇਸ ਨਾਲ ਛਾਓਬਾ ਦੇਵੀ ਦੀ ਕੋਚਿੰਗ ਵਾਲੀ ਟੀਮ ਦਾ ਮਨੋਬਲ ਵਧਿਆ ਹੋਵੇਗਾ। ਫੀਫਾ ਰੈਂਕਿੰਗ ਵਿਚ 79ਵੇਂ ਸਥਾਨ ’ਤੇ ਕਾਬਜ਼ ਹਾਂਗਕਾਂਗ ਵਿਰੁੱਧ ਭਾਰਤ ਦਾ ਇਹ 5ਵਾਂ ਮੈਚ ਹੋਵੇਗਾ। ਭਾਰਤ ਨੇ ਪਿਛਲੇ ਚਾਰੇ ਮੈਚ ਜਿੱਤੇ ਹਨ, ਜਿਨ੍ਹਾਂ ਵਿਚ 11 ਗੋਲ ਕੀਤੇ ਤੇ ਦੋ ਗੁਆਏ ਹਨ। ਆਖਰੀ ਵਾਰ 2019 ਵਿਚ ਇਕ ਦੋਸਤਾਨਾ ਮੁਕਾਬਲੇ ਵਿਚ ਭਾਰਤ ਨੇ ਪਿਆਰੀ ਸ਼ਾਸ਼ਾ ਦੇ ਗੋਲ ਦੇ ਦਮ ’ਤੇ ਜਿੱਤ ਦਰਜ ਕੀਤੀ ਸੀ। ਪਿਆਰੀ ਨੇ ਐਸਤੋਨੀਆ ਵਿਰੁੱਧ ਪਹਿਲੇ ਮੈਚ ਵਿਚ ਵੀ ਗੋਲ ਕੀਤਾ ਸੀ। ਭਾਰਤ ਇਸ ਸਮੇਂ 3 ਅੰਕਾਂ ਤੇ +1 ਦੀ ਗੋਲ ਔਸਤ ਨਾਲ ਅੰਕ ਸੂਚੀ ਵਿਚ ਚੋਟੀ ’ਤੇ ਹੈ ਜਦਕਿ ਹਾਂਗਕਾਂਗ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ ਤੇ ਉਹ ਆਖਰੀ ਸਥਾਨ ’ਤੇ ਹੈ।