ਮਿਤਾਲੀ ਰਾਜ ਦੇ ਅਰਧ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਤੋਂ 62 ਦੌੜਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ

Sunday, Feb 13, 2022 - 10:45 AM (IST)

ਮਿਤਾਲੀ ਰਾਜ ਦੇ ਅਰਧ ਸੈਂਕੜੇ ਦੇ ਬਾਵਜੂਦ ਨਿਊਜ਼ੀਲੈਂਡ ਤੋਂ 62 ਦੌੜਾਂ ਨਾਲ ਹਾਰੀ ਭਾਰਤੀ ਮਹਿਲਾ ਟੀਮ

ਸਪੋਰਟਸ ਡੈਸਕ- ਕਪਤਾਨ ਮਿਤਾਲੀ ਰਾਜ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਵਨ ਡੇ ਮੁਕਾਬਲੇ ਵਿਚ ਸ਼ਨੀਵਾਰ ਨੂੰ 62 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਤੇ ਨਿਊਜ਼ੀਲੈਂਡ ਨੇ ਸਲਾਮੀ ਬੱਲੇਬਾਜ਼ ਸੂਜੀ ਬੇਟਸ ਦੀਆਂ 111 ਗੇਂਦਾਂ ’ਤੇ 10 ਚੌਕਿਆਂ ਦੀ ਮਦਦ ਨਾਲ ਬਣਾਈਆਂ 106 ਦੌੜਾਂ ਦੀ ਬਦੌਲਤ 48.1 ਓਵਰਾਂ ਵਿਚ 275 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਪਾਰੀ ਵਿਚ ਸੂਜੀ ਤੋਂ ਇਲਾਵਾ ਐਮੀ ਸੈਥਰਵੇਟ ਨੇ 63 ਦੌੜਾਂ ਦਾ ਯੋਗਦਾਨ ਦਿੱਤਾ।

ਇਹ ਵੀ ਪੜ੍ਹੋ : IPL Auction 2022 : ਸਭ ਤੋਂ ਮਹਿੰਗੇ ਵਿਕਣ ਵਾਲੇ ਟਾਪ 10 ਖਿਡਾਰੀ

ਜਵਾਬ ਵਿਚ ਭਾਰਤੀ ਟੀਮ ਮਿਤਾਲੀ ਦੀ 73 ਗੇਂਦਾਂ ’ਤੇ ਛੇ ਚੌਕਿਆਂ ਦੀ ਮਦਦ ਨਾਲ 59 ਦੌੜਾਂ ਦੀ ਪਾਰੀ ਦੀ ਬਦੌਲਤ 49.4 ਓਵਰਾਂ ਵਿਚ 213 ਦੌੜਾਂ ’ਤੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਵੱਲੋਂ ਜੇਸ ਕੇਰ ਨੇ 35 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਲਈ ਸੂਜੀ ਨੇ ਆਪਣਾ 11ਵਾਂ ਵਨ ਡੇ ਸੈਂਕੜਾ ਲਾਇਆ। ਸੂਜੀ ਨੂੰ 14 ਦੇ ਸਕੋਰ ’ਤੇ ਜੀਵਨਦਾਨ ਵੀ ਮਿਲਿਆ ਜਦ ਪੂਜਾ ਵਸਤ੍ਰਾਕਰ ਦੀ ਗੇਂਦ ’ਤੇ ਰਾਜੇਸ਼ਵਰੀ ਗਾਇਕਵਾੜ ਨੇ ਪੁਆਇੰਟ ਵਿਚ ਉਨ੍ਹਾਂ ਦਾ ਕੈਚ ਛੱਡ ਦਿੱਤਾ। 

ਹਾਲਾਂਕਿ ਭਾਰਤੀ ਟੀਮ ਆਖ਼ਰੀ ਪੰਜ ਵਿਕਟਾਂ 25 ਦੌੜਾਂ ਅੰਦਰ ਲੈ ਕੇ ਮੇਜ਼ਬਾਨ ਟੀਮ ਨੂੰ ਪੂਰੇ 50 ਓਵਰ ਖੇਡਣ ਤੋਂ ਰੋਕਣ ਵਿਚ ਕਾਮਯਾਬ ਰਹੀ। ਟੀਚੇ ਦਾ ਪਿੱਛਾ ਕਰਦੇ ਹੋਏ ਆਪਣਾ 221ਵਾਂ ਵਨ ਡੇ ਖੇਡ ਰਹੀ ਮਿਤਾਲੀ ਨੇ ਸ਼ਾਨਦਾਰ ਲੈਅ ਕਾਇਮ ਰੱਖਦੇ ਹੋਏ ਪਿਛਲੀਆਂ 11 ਪਾਰੀਆਂ ਵਿਚ ਸੱਤਵਾਂ ਅਰਧ ਸੈਂਕੜਾ ਲਾਇਆ। ਨਿਊਜ਼ੀਲੈਂਡ ਖ਼ਿਲਾਫ਼ ਮਹਿਲਾ ਵਨ ਡੇ ਵਿਚ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੀ ਉਹ ਪਹਿਲੀ ਭਾਰਤੀ ਕ੍ਰਿਕਟਰ ਬਣ ਗਈ। ਯਸਤਿਕਾ ਭਾਟੀਆ ਨੇ ਉਨ੍ਹਾਂ ਦਾ ਚੰਗਾ ਸਾਥ ਦਿੱਤਾ। ਉਨ੍ਹਾਂ ਨੇ 63 ਗੇਂਦਾਂ ਵਿਚ 41 ਦੌੜਾਂ ਬਣਾਈਆਂ ਤੇ ਦੋਵਾਂ ਨੇ ਤੀਜੀ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਕੀਤੀ। ਹੇਲੀ ਜੇਨਸੇਨ ਦੀ ਸ਼ਾਰਟ ਗੇਂਦ ’ਤੇ ਹਾਲਾਂਕਿ ਉਹ ਆਪਣਾ ਵਿਕਟ ਗੁਆ ਬੈਠੀ।

ਇਹ ਵੀ ਪੜ੍ਹੋ : IPL ਨਿਲਾਮੀ ਦੇ ਇਤਿਹਾਸ 'ਚ ਯੁਵਰਾਜ ਸਿੰਘ ਦੇ ਬਾਅਦ ਦੂਜੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਬਣੇ ਈਸ਼ਾਨ ਕਿਸ਼ਨ

ਮਿਤਾਲੀ ਤੇ ਯਸਤਿਕਾ ਤੋਂ ਇਲਾਵਾ ਭਾਰਤੀ ਟੀਮ ਦੀ ਕੋਈ ਬੱਲੇਬਾਜ਼ ਟਿਕ ਨਹੀਂ ਸਕੀ। ਭਾਰਤ ਨੂੰ ਹਰਮਨਪ੍ਰੀਤ ਕੌਰ ਦੀ ਖ਼ਰਾਬ ਲੈਅ ਦਾ ਖ਼ਾਮੀਆਜ਼ਾ ਵੀ ਭੁਗਤਣਾ ਪੈ ਰਿਹਾ ਹੈ। ਬਿਗ ਬੈਸ਼ ਲੀਗ ਵਿਚ ਪਲੇਅਰ ਆਫ ਦ ਟੂਰਨਾਮੈਂਟ ਰਹੀ ਹਰਮਨਪ੍ਰੀਤ ਨੇ 22 ਗੇਂਦਾਂ ਵਿਚ 10 ਦੌੜਾਂ ਬਣਾਈਆਂ। ਪਿਛਲੀਆਂ ਪੰਜ ਪਾਰੀਆਂ ਵਿਚ ਉਨ੍ਹਾਂ ਦਾ ਸਕੋਰ 10, 16, 19, 1 ਤੇ ਅਜੇਤੂ 30 ਰਿਹਾ ਹੈ। ਚਾਰ ਮਾਰਚ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਲਈ ਇਹ ਚਿੰਤਾ ਦਾ ਸਬੱਬ ਹੈ। ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਇਕਾਂਤਵਾਸ ਦਾ ਸਮਾਂ ਵਧਾਏ ਜਾਣ ਨਾਲ ਵੀ ਭਾਰਤ ਦੀ ਬੱਲੇਬਾਜ਼ੀ ਕਮਜ਼ੋਰ ਲੱਗ ਰਹੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News