Women's T20 World Cup-2023: ਅੱਜ ਪਾਕਿਸਤਾਨ ਨਾਲ ਭਾਰਤੀ ਧੀਆਂ ਕਰਨਗੀਆਂ ਦੋ-ਦੋ ਹੱਥ
Sunday, Feb 12, 2023 - 12:46 PM (IST)

ਕੇਪਟਾਊਨ (ਭਾਸ਼ਾ)– ਲੰਬੇ ਸਮੇਂ ਤੋਂ ਆਈ. ਸੀ. ਸੀ. ਖਿਤਾਬ ਨੂੰ ਤਰਸ ਰਹੀ ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ਵਿਚ ਐਤਵਾਰ ਯਾਨੀ ਅੱਜ ਪਾਕਿਸਤਾਨ ਵਿਰੁੱਧ ਉਤਰੇਗੀ ਤਾਂ ਉਸਦਾ ਇਰਾਦਾ ਇਸ ਵਾਰ ਇੰਤਜ਼ਾਰ ਨੂੰ ਖ਼ਤਮ ਕਰਨ ਦਾ ਹੋਵੇਗਾ। ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਵੈਸੇ ਵੀ ਰੋਮਾਂਚਕ ਹੁੰਦਾ ਹੈ ਪਰ ਭਾਰਤੀ ਟੀਮ ਦਾ ਪਲੜਾ ਭਾਰੀ ਹੋਣ ਨਾਲ ਇਹ ਸ਼ਾਇਦ ਉਮੀਦਾਂ ’ਤੇ ਖਰਾ ਨਾ ਉਤਰ ਸਕੇ। ਪਾਕਿਸਤਾਨ ਨੇ ਹਾਲਾਂਕਿ ਭਾਰਤ ਨੂੰ ਪਿਛਲੇ ਸਾਲ ਏਸ਼ੀਆ ਕੱਪ ਵਿਚ ਹਰਾਇਆ ਸੀ ਜਦੋਂ ਭਾਰਤੀ ਟੀਮ ਨੇ ਲੋੜ ਤੋਂ ਵੱਧ ਪ੍ਰਯੋਗ ਕੀਤੇ ਸਨ।
ਪਿਛਲੇ 5 ਸਾਲਾਂ ਵਿਚ ਦੋਵਾਂ ਟੀਮਾਂ ਵਿਚਾਲੇ ਜ਼ਮੀਨ-ਅਸਮਾਨ ਦਾ ਫਰਕ ਦੇਖਣ ਨੂੰ ਮਿਲਿਆ ਹੈ। ਭਾਰਤੀ ਟੀਮ ਆਸਟਰੇਲੀਆ ਤੇ ਇੰਗਲੈਂਡ ਦੇ ਦਬਦਬੇ ਨੂੰ ਲਗਾਤਾਰ ਚੁਣੌਤੀ ਦੇ ਰਹੀ ਹੈ ਜਦਕਿ ਪਾਕਿਸਤਾਨੀ ਮਹਿਲਾ ਟੀਮ ਕੁਝ ਖਾਸ ਨਹੀਂ ਕਰ ਸਕੀ। ਪਹਿਲੀ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਤੋਂ ਇਕ ਦਿਨ ਪਹਿਲਾਂ ਹੋਣ ਵਾਲਾ ਇਹ ਮੈਚ ਭਾਰਤੀ ਖਿਡਾਰਨਾਂ ਲਈ ਵਾਧੂ ਪ੍ਰੇਰਣਾ ਹੋਵੇਗਾ ਪਰ ਕੁਝ ਦਾ ਫੋਕਸ ਹਟ ਵੀ ਸਕਦਾ ਹੈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੇ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਫਿਟਨੈੱਸ ਨੂੰ ਲੈ ਕੇ ਸ਼ੱਕ ਹੈ ਜਿਹੜੀਆਂ ਕ੍ਰਮਵਾਰ ਮੋਢੇ ਤੇ ਉਂਗਲੀ ਦੀ ਸੱਟ ਨਾਲ ਜੂਝ ਰਹੀਆਂ ਹਨ। ਉਨ੍ਹਾਂ ਦੇ ਖੇਡਣ ਦੇ ਬਾਰੇ ਵਿਚ ਫੈਸਲਾ ਅਭਿਅਾਸ ਸੈਸ਼ਨ ਤੋਂ ਬਾਅਦ ਲਿਆ ਜਾਵੇਗਾ।
ਇਹ ਵੀ ਪੜ੍ਹੋ: ਟੂਰਨਾਮੈਂਟ ਖੇਡਦੇ ਹੋਏ 20 ਸਾਲਾ ਕਬੱਡੀ ਖਿਡਾਰੀ ਦੀ ਮੌਤ, ਵੀਡੀਓ ਵਾਇਰਲ
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ,‘‘ਦੋਵੇਂ ਸੀਨੀਅਰ ਖਿਡਾਰਨਾਂ ਹਨ ਤੇ ਟੀਮ ਲਈ ਕਾਫੀ ਮਹੱਤਵਪੂਰਨ ਹਨ। ਜੇਕਰ ਉਨ੍ਹਾਂ ਦੀ ਫਿੱਟਨੈੱਸ ਨੂੰ ਲੈ ਕੇ ਥੋੜ੍ਹਾ ਜਿਹਾ ਵੀ ਸ਼ੱਕ ਹੋਇਆ ਤਾਂ ਅਸੀਂ ਜ਼ੋਖਿਮ ਨਹੀਂ ਲਵਾਂਗੇ ਕਿਉਂਕਿ ਇਹ ਪਹਿਲਾ ਹੀ ਮੈਚ ਹੈ।’’ ਭਾਰਤ ਨੂੰ ਹਾਲ ਹੀ ਵਿਚ ਦੱਖਣੀ ਅਫਰੀਕਾ ਨੇ ਤਿਕੋਣੀ ਲੜੀ ਦੇ ਫਾਈਨਲ ਵਿਚ ਹਰਾਇਆ ਸੀ। ਇਸ ਤੋਂ ਇਲਾਵਾ ਅਭਿਆਸ ਮੈਚ ਵਿਚ ਆਸਟਰੇਲੀਆ ਹੱਥੋਂ ਹਾਰੇ ਪਰ ਬੰਗਲਾਦੇਸ਼ ਨੂੰ ਹਰਾਇਆ। ਭਾਰਤੀ ਟੀਮ ਦੇ ਸੈਮੀਫਾਈਨਲ ਤਕ ਪਹੁੰਚਣ ਦੀ ਪ੍ਰਮੁੱਖ ਸੰਭਾਵਨਾ ਲੱਗ ਰਹੀ ਹੈ ਪਰ ਆਸਟਰੇਲੀਆ ਨੂੰ ਹਰਾਉਣ ਲਈ ਉਸ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ। ਰੇਣੂਕਾ ਸਿੰਘ ਨੂੰ ਛੱਡ ਕੇ ਗੇਂਦਬਾਜ਼ਾਂ ਵਿਚ ਆਤਮਵਿਸ਼ਵਾਸ ਨਹੀਂ ਦਿਸ ਰਿਹਾ। ਤਜਰਬੇਕਾਰ ਸ਼ਿਖਾ ਪਾਂਡੇ ਨੇ ਪਿਛਲੇ ਮਹੀਨੇ ਵਾਪਸੀ ਤੋਂ ਬਾਅਦ ਤੋਂ ਇਕ ਵੀ ਵਿਕਟ ਨਹੀਂ ਲਈ ਹੈ। ਸਪਿਨਰਾਂ ਦਾ ਪ੍ਰਦਰਸ਼ਨ ਵੀ ਉਮੀਦਾਂ ਦੇ ਅਨੁਸਾਰ ਨਹੀਂ ਰਿਹਾ।
ਉੱਥੇ ਹੀ ਬੱਲੇਬਾਜ਼ੀ ਵਿਚ ਹਰਮਨਪ੍ਰੀਤ ਤੇ ਮੰਧਾਨਾ ਨੂੰ ਦੂਜੇ ਪਾਸੇ ਤੋਂ ਸਹਿਯੋਗ ਦੀ ਲੋੜ ਹੈ। ਹਾਲ ਹੀ ਵਿਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੀ ਸ਼ੈਫਾਲੀ ਵਰਮਾ ਲਗਾਤਾਰ ਚੰਗਾ ਪ੍ਰਦਰਸ਼ਨ ਕਰਕੇ ਆਲੋਚਕਾਂ ਨੂੰ ਜਵਾਬ ਦੇਣਾ ਚਾਹੇਗੀ। ਜੇਮਿਮਾ ਰੋਡ੍ਰਿਗੇਜ਼ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੈ। ਗੇਂਦਬਾਜ਼ ਆਲਰਾਊਂਡਰ ਪੂਜਾ ਵਸਤਾਰਕਰ ਦੀ ਭੂਮਿਕਾ ਅਹਿਮ ਹੋਵੇਗੀ ਜਦਕਿ ਡੈੱਥ ਓਵਰਾਂ ਵਿਚ ਰਿਚਾ ਘੋਸ਼ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਪਾਕਿਸਤਾਨ ਲਈ ਨਿਦਾ ਡਾਰ ’ਤੇ ਕਾਫੀ ਦਾਰੋਮਦਾਰ ਹੋਵੇਗਾ। ਪਾਕਿਸਤਾਨ ਨੇ ਹਾਲ ਹੀ ਵਿਚ ਆਸਟਰੇਲੀਆ ਵਿਚ ਲੜੀ ਖੇਡੀ ਹੈ ਤੇ ਅਭਿਆਸ ਮੈਚ ਵਿਚ ਬੰਗਲਾਦੇਸ਼ ਨੂੰ ਹਰਾਇਆ ਪਰ ਦੱਖਣੀ ਅਫਰੀਕਾ ਹੱਥੋਂ ਹਾਰ ਗਿਆ।
ਇਹ ਵੀ ਪੜ੍ਹੋ: ਖਿਡਾਰੀਆਂ ਲਈ ਅਹਿਮ ਖ਼ਬਰ, ਮੁੱਖ ਮੰਤਰੀ ਨਿਤੀਸ਼ ਨੇ ਕੀਤਾ ਵੱਡਾ ਐਲਾਨ
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਦੇਵਿਕਾ ਵੈਦ, ਰਾਧਾ ਯਾਦਵ, ਰੇਣੂਕਾ ਠਾਕੁਰ, ਅੰਜਲੀ ਸਰਵਾਨੀ, ਪੂਜਾ ਵਸਤਾਰਕਰ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ।
ਪਾਕਿਸਤਾਨ : ਬਿਸਮਾਹ ਮਾਰੂਫ (ਕਪਤਾਨ), ਏਮਾਨ ਅਨਵਰ, ਆਲੀਆ ਰਿਆਜ, ਆਇਸ਼ਾ ਨਸੀਮ, ਸਦਫ ਸ਼ਮਾਸ, ਫਾਤਿਮਾ ਸਨਾ, ਜਾਵੇਰੀਆ ਵਦੂਦ, ਮੁਨੀਬਾ ਅਲੀ, ਨਸ਼ਰਾ ਸੰਧੂ, ਨਿਦਾ ਡਾਰ, ਓਮੈਮਾ ਸੋਹੇਲ, ਸਾਦਿਆ ਇਕਬਾਲ, ਸਿਦਰਾ ਅਮੀਨ, ਸਿਦਰਾ ਨਵਾਜ, ਤੁਬਾ ਹਸਨ।