ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ, ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ

Thursday, May 01, 2025 - 08:42 PM (IST)

ਲੁੱਟਾਂ-ਖੋਹਾਂ ਕਰਨ ਵਾਲੇ ਦੋ ਕਾਬੂ, ਮੋਬਾਈਲ ਫੋਨ ਤੇ ਮੋਟਰਸਾਈਕਲ ਬਰਾਮਦ

ਮੋਗਾ (ਕਸ਼ਿਸ਼) : ਜ਼ਿਲ੍ਹਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਸ ਵੱਲੋਂ ਗਲਤ ਅਨਸਰਾਂ ਅਤੇ ਮੋਬਾਇਲ ਖੋਹਣ ਵਾਲੇ ਗਿਰੋਹਾਂ ਨੂੰ ਬੇਨਕਾਬ ਕੀਤਾ ਜਾ ਰਿਹਾ ਹੈ। ਇਸ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਥਾਣਾ ਸਿਟੀ ਸਾਉਥ ਪੁਲਸ ਵੱਲੋਂ ਇਕ ਲੜਕੀ ਤੋਂ ਮੋਬਾਇਲ ਖੋਹਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਖੋਹਿਆ ਗਿਆ ਇਕ ਮੋਬਾਇਲ ਫੋਨ ਅਤੇ ਇਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਥਾਣਾ ਸਿਟੀ ਸਾਉਥ ਨੂੰ ਕੁਲਦੀਪ ਸਿੰਘ ਨਿਵਾਸੀ ਚੱਕੀ ਵਾਲੀ ਗਲੀ ਬਲਦੇਵ ਨਗਰ ਮੋਗਾ ਨੇ ਸ਼ਿਕਾਇਤ ਪੱਤਰ ਦੇ ਕੇ ਕਿਹਾ ਸੀ ਕਿ ਬੀਤੀ 29 ਅਪ੍ਰੈਲ ਨੂੰ ਉਸਦੀ ਬੇਟੀ ਟਿਉਸ਼ਨ ਪੜ੍ਹ ਕੇ ਜਦ ਆਪਣੀ ਸਹੇਲੀ ਦੇ ਨਾਲ ਸਕੂਟਰੀ ’ਤੇ ਘਰ ਵਾਪਸ ਆ ਰਹੀ ਸੀ ਤਾਂ ਦੋ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਰੇਲਵੇ ਬੰਦ ਫਾਟਕ ਦੇ ਕੋਲ ਉਸ ਦੀ ਬੇਟੀ ਦਾ ਮੋਬਾਇਲ ਫੋਨ ਜਿਸ ਨੂੰ ਉਹ ਸੁਣ ਰਹੀ ਸੀ, ਖੋਹਿਆ ਅਤੇ ਫਰਾਰ ਹੋ ਗਏ। ਸ਼ਿਕਾਇਤ ’ਤੇ ਥਾਣਾ ਸਿਟੀ ਸਾਉਥ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀਐੱਸਪੀ ਸਿਟੀ ਰਵਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਸਿਟੀ ਸਾਉਥ ਦੇ ਇੰਚਾਰਜ ਵਰੁਣ ਕੁਮਾਰ ਅਤੇ ਸਹਾਇਕ ਥਾਣੇਦਾਰ ਰਛਪਾਲ ਸਿੰਘ ਨੇ ਅਣਪਛਾਤੇ ਲੁਟੇਰਿਆਂ ਦਾ ਸੁਰਾਗ ਲਗਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਆਸ ਪਾਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੈਜ ਨੂੰ ਖੰਗਾਲਿਆ ਅਤੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ। 

ਇਸ ਦੌਰਾਨ ਰਾਜੂ ਸਿੰਘ ਅਤੇ ਨਵਜੋਤ ਸਿੰਘ ਉਰਫ ਨੰਨੂੰ ਦੋਨੋਂ ਨਿਵਾਸੀ ਪਿੰਡ ਸਾਧਾਂਵਾਲੀ ਬਸਤੀ ਮੋਗਾ ਨੂੰ ਉਕਤ ਮਾਮਲੇ ਵਿਚ ਨਾਮਜ਼ਦ ਕਰ ਕੇ ਉੁਨ੍ਹਾਂ ਨੂੰ ਜਾ ਦਬੋਚਿਆ ਅਤੇ ਉਨ੍ਹਾਂ ਤੋਂ ਖੋਹਿਆ ਗਿਆ ਸੈਮਸੰਗ ਦਾ ਮੋਬਾਇਲ ਫੋਨ ਅਤੇ ਵਾਰਦਾਤ ਦੇ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਵੀ ਕਬਜ਼ੇ ਵਿਚ ਲਿਆ, ਜੋ ਉਨ੍ਹਾਂ ਲੁਧਿਆਣਾ ਤੋਂ ਚੋਰੀ ਕੀਤਾ ਸੀ ਦੱਸਿਆ ਜਾ ਰਿਹਾ ਹੈ। ਥਾਣਾ ਮੁਖੀ ਵਰੁਣ ਕੁਮਾਰ ਨੇ ਦੱਸਿਆ ਕਿ ਦੋਨੋਂ ਕਥਿਤ ਦੋਸ਼ੀਆਂ ਨੂੰ ਅੱਜ ਸਹਾਇਕ ਥਾਣੇਦਾਰ ਰਛਪਾਲ ਸਿੰਘ ਵੱਲੋਂ ਪੁੱਛਗਿੱਛ ਕਰਨ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News