ਭਾਰਤੀ ਮਹਿਲਾ ਫੁੱਟਬਾਲ ਟੀਮ ਤਿੰਨ ਦੇਸ਼ਾਂ ਦੇ ਟੂਰਨਾਮੈਂਟ ''ਚ ਸਵੀਡਨ ਤੋਂ ਹਾਰੀ

06/24/2022 4:11:57 PM

ਸਟਾਕਹੋਮ- ਭਾਰਤੀ ਮਹਿਲਾ ਫੁੱਟਬਾਲ ਟੀਮ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਦੂਜੇ ਹਾਫ਼ ਦੇ ਇੰਜੁਰੀ ਟਾਈਮ 'ਚ ਗੋਲ ਖਾਣ ਦੇ ਕਾਰਨ ਤਿੰਨ ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ 'ਚ ਸਵੀਡਨ ਤੋਂ 0-1 ਨਾਲ ਹਾਰ ਗਈ। ਸਵੀਡਨ ਵਲੋਂ ਇਕਮਾਤਰ ਗੋਲ ਮਿਡਫੀਲਡਰ ਲਿਨ ਵਿਕੀਅਸ ਨੇ 96ਵੇਂ ਮਿੰਟ (ਇੰਜੁਰੀ ਟਾਈਮ ਦੇ ਛੇਵੇਂ ਮਿੰਟ) 'ਚ ਕੀਤਾ।

ਭਾਰਤ ਨੇ ਸ਼ੁਰੂ 'ਚ ਦਬਦਬਾ ਬਣਾਈ ਰਖਿਆ ਤੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਆਖ਼ਰੀ ਪਲਾਂ ਦੀ ਗ਼ਲਤੀ ਉਸ ਨੂੰ ਮਹਿੰਗੀ ਪਈ। ਭਾਰਤ ਨੂੰ ਪਹਿਲਾ ਵੱਡਾ ਮੌਕਾ ਮੈਚ ਦੇ 12ਵੇਂ ਮਿੰਟ 'ਚ ਮਿਲਿਆ ਜਦੋਂ ਮਿਡਫੀਲਡਰ ਮਨੀਸ਼ਾ ਕਲਿਆਣ ਨੇ ਆਪਣੀ ਟੀਮ ਦੀ ਸਾਥੀ ਮਾਰਟਿਨਾ ਥੋਕਚੋਮ ਤੋਂ ਮਿਲੇ ਪਾਸ ਤੋਂ ਕਰਾਰਾ ਸ਼ਾਟ ਲਾਇਆ ਪਰ ਉਹ ਸਿੱਧੇ ਗੋਲਕੀਪਰ ਦੇ ਕੋਲ ਚਲਾ ਗਿਆ।

ਮਨੀਸ਼ਾ ਨੂੰ 35ਵੇਂ ਮਿੰਟ 'ਚ ਮੁੜ ਤੋਂ ਗੋਲ ਕਰਨ ਦਾ ਮੌਕਾ ਮਿਲਿਆ, ਪਰ ਸਡੀਡਿਸ਼ ਡਿਫੈਂਸ ਲਾਈਨ ਨੇ ਉਸ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਸਵੀਡਿਸ਼ ਗੋਲਕੀਪਰ ਐਮਾ ਹੋਲਗ੍ਰੇਨ ਨੇ ਇਸ ਤੋਂ ਬਾਅਦ 40ਵੇਂ ਮਿੰਟ 'ਚ ਭਾਰਤ ਦਾ ਇਕ ਹੋਰ ਗੋਲ ਅਸਫਲ ਕਰ ਦਿੱਤਾ। ਦੂਜੇ ਪਾਸੇ ਭਾਰਤੀ ਗੋਲਕੀਪਰ ਅਦਿਤੀ ਚੌਹਾਨ ਚੌਕੰਨੀ ਸੀ। ਜਦੋਂ ਇਹ ਲਗ ਰਿਹਾ ਸੀ ਕਿ ਮੈਚ ਡਰਾਅ ਹੋ ਜਾਵੇਗਾ ਉਦੋਂ ਵਿਕੀਅਸ ਨੇ ਸਵੀਡਨ ਲਈ ਮਹੱਤਵਪੂਰਨ ਗੋਲ ਕੀਤਾ। ਭਾਰਤ ਆਪਣੇ ਅਗਲੇ ਮੈਚ 'ਚ 25 ਜੂਨ ਨੂੰ ਅਮਰੀਕਾ ਨਾਲ ਭਿੜੇਗਾ।


Tarsem Singh

Content Editor

Related News