ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਨੀਦਰਲੈਂਡ ਨੂੰ ਸ਼ੂਟਆਊਟ ’ਚ ਹਰਾਇਆ

Wednesday, Feb 26, 2025 - 12:56 PM (IST)

ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਚੈਂਪੀਅਨ ਨੀਦਰਲੈਂਡ ਨੂੰ ਸ਼ੂਟਆਊਟ ’ਚ ਹਰਾਇਆ

ਭੁਵਨੇਸ਼ਵਰ– ਭਾਰਤੀ ਮਹਿਲਾ ਹਾਕੀ ਟੀਮ ਨੇ ਮੰਗਲਵਾਰ ਨੂੰ ਓਲੰਪਿਕ ਚੈਂਪੀਅਨ ਨੀਦਰਲੈਂਡ ਨੂੰ ਸ਼ੂਟਆਊਟ ਵਿਚ 2-1 ਨਾਲ ਹਰਾ ਦਿੱਤਾ ਤੇ ਐੱਫ. ਆਈ. ਐੱਚ. ਪ੍ਰੋ ਲੀਗ ਦੇ ਆਪਣੇ ਘਰੇਲੂ ਪੜਾਅ ਦਾ ਅੰਤ ਜਿੱਤ ਦੇ ਨਾਲ ਕੀਤਾ।

ਨਿਰਧਾਰਿਤ ਸਮੇਂ ਤੋਂ ਬਾਅਦ ਦੋਵੇਂ ਟੀਮਾਂ 2-2 ਨਾਲ ਬਰਾਬਰੀ ’ਤੇ ਸਨ। ਪੀਨ ਸੈਂਡਰਜ਼ (17ਵੇਂ ਮਿੰਟ) ਤੇ ਫੇਯ ਵੈਨ ਡੇਰ ਐਲਸਟ (28ਵੇਂ ਮਿੰਟ) ਨੇ ਹਾਫ ਤੱਕ ਨੀਦਰਲੈਂਡ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ ਸੀ ਪਰ ਭਾਰਤ ਨੇ ਦੀਪਿਕਾ (35ਵੇਂ ਮਿੰਟ) ਤੇ ਬਲਜੀਤ ਕੌਰ (43ਵੇਂ ਮਿੰਟ) ਦੇ ਸ਼ਾਨਦਾਰ ਗੋਲਾਂ ਦੀ ਮਦਦ ਨਾਲ ਵਾਪਸੀ ਕਰਦੇ ਹੋਏ ਬਰਾਬਰੀ ਹਾਸਲ ਕਰ ਲਈ। ਸ਼ੂਟਆਊਟ ਵਿਚ ਦੀਪਿਕਾ ਤੇ ਮੁਮਤਾਜ ਖਾਨ ਨੇ ਭਾਰਤ ਲਈ ਗੋਲ ਕੀਤੇ ਜਦਕਿ ਸਾਬਕਾ ਚੈਂਪੀਅਨ ਨੀਦਰਲੈਂਡ ਲਈ ਮਾਰਿਨ ਵੀਨ ਗੋਲ ਕਰਨ ਵਾਲੀ ਇਕਲੌਤੀ ਖਿਡਾਰਨ ਰਹੀ। ਭਾਰਤ ਦੀ ਤਜਰਬੇਕਾਰ ਗੋਲਕੀਪਰ ਸਵਿਤਾ ਪੂਨੀਆ ਨੇ ਵਿਰੋਧੀ ਟੀਮ ਦੀਆਂ ਘੱਟ ਤੋਂ ਘੱਟ 4 ਚੰਗੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦੇ ਹੋਏ ਮੇਜ਼ਬਾਨ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਮੇਜ਼ਬਾਨ ਟੀਮ ਸੋਮਵਾਰ ਨੂੰ ਪਹਿਲੇ ਪੜਾਅ ਵਿਚ ਨੀਦਰਲੈਂਡ ਹੱਥੋਂ 2-4 ਨਾਲ ਹਾਰ ਗਈ ਸੀ।

15 ਫਰਵਰੀ ਤੋਂ ਘਰੇਲੂ ਪੜਾਅ ਵਿਚ ਖੇਡੇ ਗਏ 8 ਮੈਚਾਂ ਵਿਚ ਭਾਰਤ ਨੇ ਮੰਗਲਵਾਰ ਦੇ ਮੈਚ ਸਮੇਤ 3 ਜਿੱਤੇ ਤੇ 5 ਗੁਆਏ। ਭਾਰਤ ਨੇ ਇਕ ਮੈਚ ਸ਼ੂਟਆਊਟ ਵਿਚ ਗੁਆਇਆ। ਭਾਰਤ ਨੂੰ ਸ਼ੂਟਆਊਟ ਵਿਚ ਮਿਲੀ ਜਿੱਤ ਲਈ ਬੋਨਸ ਅੰਕ ਮਿਲਿਆ, ਜਿਸ ਨਾਲ ਟੀਮ ਐੱਫ. ਆਈ. ਐੱਚ. ਪ੍ਰੋ ਲੀਗ ਅੰਕ ਸੂਚੀ ਵਿਚ ਸੱਤ ਮੈਚਾਂ ਵਿਚੋਂ 12 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਹੈ। ਇੰਗਲੈਂਡ ਦੀ ਟੀਮ 7 ਮੈਚਾਂ ਵਿਚੋਂ 16 ਅੰਕਾਂ ਨਾਲ ਚੋਟੀ ’ਤੇ ਚੱਲ ਰਹੀ ਹੈ।


author

Tarsem Singh

Content Editor

Related News