ਸੈਫ਼ ਅੰਡਰ-19 ਮਹਿਲਾ ਚੈਂਪੀਅਨਸ਼ਿਪ ''ਚ ਬੰਗਲਾਦੇਸ਼ ਤੋਂ ਹਾਰੀ ਭਾਰਤੀ ਟੀਮ
Saturday, Dec 18, 2021 - 12:27 PM (IST)
ਢਾਕਾ- ਭਾਰਤ ਨੂੰ ਸੈਫ਼ ਅੰਡਰ-19 ਮਹਿਲਾ ਫ਼ੁੱਟਬਾਲ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਇੱਥੇ ਮੇਜ਼ਬਾਨ ਬੰਗਲਾਦੇਸ਼ ਤੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਟੂਰਨਾਮੈਂਟ 'ਚ ਉਸ ਦੀ ਪਹਿਲੀ ਹਾਰ ਹੈ। ਭਾਰਤ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਤੇ ਭੂਟਾਨ ਦੇ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ ਸੀ। ਸ਼ਾਮਸੁਨਹਾਰ ਦਾ ਸਤਵੇਂ ਮਿੰਟ 'ਚ ਪੈਨਲਟੀ 'ਤੇ ਕੀਤਾ ਗਿਆ ਗੋਲ ਅੰਤ 'ਚ ਦੋਵੇ ਟੀਮਾਂ ਦਰਮਿਆਨ ਫ਼ਰਕ ਪੈਦਾ ਕਰ ਗਿਆ। ਦੋਵੇਂ ਟੀਮਾਂ ਨੇ ਸ਼ੁਰੂ ਤੋਂ ਇਕ-ਦੂਜੇ 'ਤੇ ਹਾਵੀ ਹੋਣ ਦੀ ਰਣਨੀਤੀ ਅਪਣਾਈ।
ਪਹਿਲਾ ਮੌਕਾ ਬੰਗਲਾਦੇਸ਼ ਨੂੰ ਪੈਨਲਟੀ ਦੇ ਰੂਪ 'ਚ ਮਿਲਿਆ। ਸ਼ਾਮਸੁਨਹਾਰ ਨੇ ਉਸ ਨੂੰ ਗੋਲ 'ਚ ਬਦਲਣ 'ਚ ਕੋਈ ਗ਼ਲਤੀ ਨਹੀਂ ਕੀਤੀ। ਇਸ ਗੋਲ ਦੇ ਬਾਅਦ ਬੰਗਲਾਦੇਸ਼ ਹੋਰ ਜ਼ਿਆਦਾ ਹਮਲਾਵਰ ਹੋ ਗਿਆ। ਪਰ ਭਾਰਤ ਨੂੰ 40ਵੇਂ ਮਿੰਟ 'ਚ ਬਰਾਬਰੀ ਦਾ ਗੋਲ ਕਰਨ ਦਾ ਸੁਨਹਿਰੀ ਮੌਕਾ ਮਿਲਿਆ ਸੀ ਜਦੋਂ ਸੁਮਤੀ ਕੁਮਾਰ ਨੇ ਮਰੀਆਮੱਲ ਨੂੰ ਪਾਸ ਦਿੱਤਾ ਪਰ ਉਨ੍ਹਾਂ ਦਾ ਸ਼ਾਟ ਬੰਗਲਾਦੇਸ਼ ਦੇ ਗੋਲਕੀਪਰ ਰੂਪਨਾ ਦੇ ਹੱਥਾਂ 'ਚ ਚਲਾ ਗਿਆ।
ਭਾਰਤ ਨੇ ਦੂਜੇ ਹਾਫ਼ 'ਚ ਵਾਪਸੀ ਲਈ ਪੂਰਾ ਦਮਖ਼ਮ ਲਗਾ ਦਿੱਤਾ ਤੇ ਗੇਂਦ 'ਤੇ ਜ਼ਿਆਦਾ ਸਮੇਂ ਤਕ ਕਬਜ਼ਾ ਜਮਾਏ ਰੱਖਿਆ। ਅਮੀਸ਼ਾਲ ਬਕਸਲਾ ਕੋਲ 55ਵੇਂ ਮਿੰਟ 'ਚ ਗੋਲ ਕਰਨ ਦਾ ਮੌਕਾ ਸੀ ਪਰ ਉਹ ਰੂਪਨਾ ਨੂੰ ਚਕਮਾ ਨਾ ਦੇ ਸਕੀ ਜਦਕਿ 73ਵੇਂ ਮਿੰਟ 'ਚ ਸੁਮਤੀ ਕੁਮਾਰੀ ਦਾ ਸ਼ਾਟ ਬਾਹਰ ਚਲਾ ਗਿਆ। ਭਾਰਤ ਆਪਣਾ ਅਗਲਾ ਮੈਚ ਐਤਵਾਰ ਨੂੰ ਨੇਪਾਲ ਦੇ ਖ਼ਿਲਾਫ਼ ਖੇਡੇਗਾ ਜਿਸ 'ਚ ਜਿੱਤ ਨਾਲ ਉਸ ਦੀ ਫਾਈਨਲ 'ਚ ਜਗ੍ਹਾ ਪੱਕੀ ਹੋ ਜਾਵੇਗੀ।