ਭਾਰਤੀ ਟੀਮ ਜੇਕਰ 2 ਤੇਜ਼ ਗੇਂਦਬਾਜ਼ਾਂ ਦੇ ਨਾਲ ਉਤਰਦੀ ਹੈ ਤਾਂ ਸਿਰਾਜ ਅਤੇ ਅਰਸ਼ਦੀਪ ਨੂੰ ਮਿਲੇ ਪਹਿਲ : ਕੁੰਬਲੇ
Friday, Jun 14, 2024 - 10:24 AM (IST)
ਨਵੀਂ ਦਿੱਲੀ- ਸਾਬਕਾ ਮਹਾਨ ਸਪਿਨਰ ਅਨਿਲ ਕੁੰਬਲੇ ਨੇ ਕਿਹਾ ਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ 8 ਪੜਾਅ ’ਚ ਵੈਸਟ ਇੰਡੀਜ਼ ’ਚ ਖੇਡੇ ਜਾਣ ਵਾਲੇ ਮੈਚਾਂ ’ਚ ਜੇਕਰ 2 ਤੇਜ਼ ਗੇਂਦਬਾਜ਼ਾਂ ਨਾਲ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਮੁਹੰਮਦ ਸਿਰਾਜ ਦੀ ਥਾਂ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਆਖਰੀ ਇਲੈਵਨ ’ਚ ਮੌਕਾ ਮਿਲਣਾ ਚਾਹੀਦਾ ਹੈ। ਅਰਸ਼ਦੀਪ ਨੇ ਬੁੱਧਵਾਰ ਨੂੰ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਖਿਲਾਫ 9 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ। ਭਾਰਤੀ ਟੀਮ ਨੇ ਇਹ ਮੈਚ 7 ਵਿਕਟਾਂ ਨਾਲ ਜਿੱਤ ਲਿਆ। ਤੇਜ਼ ਗੇਂਦਬਾਜ਼ੀ ’ਚ ਜਸਪ੍ਰੀਤ ਬੁਮਰਾਹ ਟੀਮ ਦੇ ਪਹਿਲੀ ਪਸੰਦ ਦੇ ਗੇਂਦਬਾਜ਼ ਹਨ ਅਕੇ ਕੁੰਬਲੇ ਦਾ ਮੰਨਣਾ ਹੈ ਕਿ ਇਸ ਵਿਭਾਗ ’ਚ ਅਰਸ਼ਦੀਪ ਅਤੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ। ਕੁੰਬਲੇ ਨੇ ‘ਈਐੱਸਪੀਨਕ੍ਰਿਕਇੰਫੋ’ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਨਾਲ ਉਸ ਨੇ (ਅਰਸ਼ਦੀਪ) ਪਾਕਿਸਤਾਨ ਖਿਲਾਫ ਆਖਰੀ ਓਵਰ ’ਚ ਗੇਂਦਬਾਜ਼ੀ ਕੀਤੀ ਅਤੇ ਉਸ ਕੋਲ ਟੀ-20 ਕ੍ਰਿਕਟ ਲਈ ਜਿਸ ਤਰ੍ਹਾਂ ਦੀ ਵਿਭਿੰਨਤਾ ਹੈ, ਉਸ ਨਾਲ ਮੈਨੂੰ ਲੱਗਦਾ ਹੈ ਕਿ ਉਹ ਨਿਸ਼ਚਿਤ ਰੂਪ ਨਾਲ ਮੁਹੰਮਦ ਸਿਰਾਜ ਤੋਂ ਅੱਗੇ ਹੈ।’’ ਉਸ ਨੇ ਕਿਹਾ,‘‘ਜੇਕਰ ਭਾਰਤ 2 ਤੇਜ਼ ਗੇਂਦਬਾਜ਼ਾਂ ਅਤੇ ਹਾਰਦਿਕ ਪਾਂਡਿਆ ਦੇ ਨਾਲ ਜਾਣ ਦਾ ਬਦਲ ਅਪਣਾਉਂਦਾ ਹੈ ਤਾਂ ਅਰਸ਼ਦੀਪ ਖੱਬੇ ਹੱਥ ਦੇ ਗੇਂਦਬਾਜ਼ ਹੋਣ ਕਾਰਨ ਵਿਭਿੰਨਤਾ ਵੀ ਮੁਹੱਈਆ ਕਰਵਾਉਣਗੇ।’’ ਅਰਸ਼ਦੀਪ ਨੇ ਹੁਣ ਤੱਕ ਟੀ-20 ਵਿਸ਼ਵ ਕਪ ਦੇ ਤਿੰਨਾਂ ਮੈਚਾਂ ’ਚ ਭਾਰਤ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਨੇ 6.2 ਦੀ ਇਕਾਨਮੀ ਅਤੇ 10.28 ਦੇ ਸਟ੍ਰਾਈਕ ਰੇਟ ਨਾਲ 7 ਵਿਕਟਾਂ ਲਈਆਂ ਹਨ। ਇਸ ਦੀ ਤੁਲਨਾ ਨਾਲ ਸਿਰਾਜ ਨੇ ਤਿੰਨ ਮੈਚਾਂ ’ਚ 66 ਦੀ ਸਟ੍ਰਾਈਕ ਰੇਟ ਨਾਲ ਸਿਰਫ ਇਕ ਵਿਕਟ ਲਈ ਹੈ।