ਭਾਰਤੀ ਪੁਰਸ਼ ਟੀਮ ਨੇ ਸ਼ਤਰੰਜ ਚੈਂਪੀਅਨਸ਼ਿਪ ''ਚ ਈਰਾਨ ਨਾਲ ਖੇਡਿਆ ਡਰਾਅ

03/07/2019 4:27:35 PM

ਅਸਤਾਨਾ : ਗ੍ਰੈਂਡਮਾਸਟਰ ਬੀ. ਅਧਿਬਾਨ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਪਰਹਾਮ ਮਾਘਸੋਡਲੋ ਨੂੰ ਹਰਾਇਆ ਜਿਸ ਨਾਲ ਭਾਰਤ ਨੇ ਇੱਥੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਈਰਾਨ ਨੂੰ 2-2 ਨਾਲ ਬਰਾਬਰੀ 'ਤੇ ਰੋਕਿਆ। ਈਦਾਨੀ ਪੋਆ ਨੇ ਤਜ਼ਰਬੇਕਾਰ ਕ੍ਰਿਸ਼ਣ ਸ਼ਸ਼ੀਕਰਣ ਨੂੰ ਹਰਾ ਕੇ ਮੁਕਾਬਲੇ ਨੂੰ ਡਰਾਅ ਕਰਾਇਆ। ਸੂਰਿਆ ਸ਼ੇਖਰ ਗਾਂਗੁਲੀ ਅਤੇ ਐੱਸ. ਪੀ. ਸੇਤੁਰਮਨ ਨੇ ਕ੍ਰਮਵਾਰ : ਅਮਿਤ ਤਬਾਤਾਬੇਈ ਅਤੇ ਫਿਰੋਜਾ ਅਲਿਰਜਾ ਨਾਲ ਡਰਾਅ ਖੇਡੇ। ਇਸ ਡਰਾਅ ਨਾਲ ਭਾਰਤੀ ਟੀਮ ਨੇ ਸੰਭਾਵਤ ਚਾਰ ਵਿਚੋਂ 3 ਅੰਕ ਜੁਟਾ ਲਏ ਹਨ ਅਤੇ ਚੌਥੇ ਸਥਾਨ 'ਤੇ ਚਲ ਰਹੀ ਹੈ। ਹਰੇਕ 2 ਸਾਲ ਵਿਚ ਹੋਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਵਿਚ ਅਜੇ 7 ਦੌਰ ਦਾ ਖੇਡ ਬਾਕੀ ਹੈ।

ਦਿਨ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਅਮਰੀਕਾ ਨੇ ਕੀਤਾ ਜਿਸ ਨਾਲ ਆਪਣੇ ਚੋਟੀ ਖਿਡਾਰੀਆਂ ਦੀ ਗੈਰ ਹਾਜ਼ਰੀ ਵਿਚ ਵੀ ਸਾਬਕਾ ਚੈਂਪੀਅਨ ਚੀਨ ਨੂੰ 2.5-1.5 ਨਾਲ ਹਰਾਇਆ। ਹੋਰ ਮੁਕਾਬਲਿਆਂ ਵਿਚ ਰੂਸ ਨੇ ਮਿਸਰ ਨੂੰ 3-1 ਨਾਲ ਹਰਾਇਆ ਜਦਕਿ ਇੰਗਲੈਂਡ ਨੇ ਅਜਰਬੇਜਾਨ ਨੂੰ ਹਰਾਇਆ। ਅਮਰੀਕਾ ਰੂਸ ਅਤੇ ਇੰਗਲੈਂਡ 4-4 ਅੰਕ ਦੇ ਨਾਲ ਸਾਂਝੇ ਰੂਪ ਨਾਲ ਚੋਟੀ 'ਤੇ ਹਨ। ਮਹਿਲਾ ਵਰਗ ਵਿਚ ਵੀ ਭਾਰਤ ਨੂੰ ਕਜਾਖਿਸਤਾਨ ਨੇ 2-2 ਦੀ ਬਰਾਬਰੀ 'ਤੇ ਰੋਕਿਆ। ਭਕਤੀ ਕੁਲਕਰਣੀ ਨੇ ਗੁਲਮਿਰਾ ਦੋਲੇਤੋਵਾ ਨੂੰ ਹਰਾਇਆ ਜਦਕਿ ਈਸ਼ਾ ਕਰਾਵਦੇ ਨੇ ਝਾਨਸਾਇਆ ਅਬਦੁਮਲਿਕ ਅਤੇ ਸੌਮਿਆ ਸਵਾਮੀਨਾਥਨ ਨੇ ਦਿਨਾਰਾ ਸਾਦੁਆਕਾਸੋਵਾ ਨੂੰ ਬਰਾਬਰੀ 'ਤੇ ਰੋਕਿਆ। ਬਿਬਿਸਾ ਅਸਾਯੁਬਯੇਵਾ ਨੇ ਪਦਮਿਨੀ ਰਾਊਤ ਨੂੰ ਹਰਾ ਕੇ ਕਜਾਖਿਸਤਾਨ ਲਈ ਅੰਕ ਯਕੀਨੀ ਕੀਤੇ। ਭਾਰਤੀ ਮਹਿਲਾ ਟੀਮ ਦੇ 2 ਮੈਚਾਂ ਵਿਚ 2 ਅੰਕ ਹੋ ਗਏ ਹਨ ਅਤੇ ਟੀਮ ਆਰਮੇਨੀਆ ਦੇ ਨਾਲ ਸਾਂਝੇ ਰੂਪ ਨਾਲ 5ਵੇਂ ਸਥਾਨ 'ਤੇ ਚਲ ਰਹੀ ਹੈ। ਟੀਮ ਨੇ ਪਹਿਲੇ ਮੈਚ ਵਿਚ ਜਾਰਜੀਆ ਨਾਲ ਡਰਾਅ ਖੇਡਿਆ ਸੀ।


Related News