ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਕੈਨੇਡਾ ਨਾਲ ਖੇਡਿਆ ਗੋਲ ਰਹਿਤ ਡਰਾਅ
Friday, Jul 20, 2018 - 02:57 AM (IST)
ਐਂਟਵਰਪ - ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਦੇ ਐਂਟਵਰਪ ਵਿਚ ਚੱਲ ਰਹੇ 7 ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ ਵਿਚ ਆਪਣੇ ਚੌਥੇ ਰਾਊਂਡ ਰੌਬਿਨ ਮੈਚ ਵਿਚ ਕੈਨੇਡਾ ਨੂੰ ਗੋਲ ਰਹਿਤ 0-0 ਦੇ ਡਰਾਅ 'ਤੇ ਰੋਕ ਕੇ ਆਪਣੀ ਅਜੇਤੂ ਮੁਹਿੰਮ ਨੂੰ ਬਰਕਰਾਰ ਰੱਖਿਆ। ਭਾਰਤੀ ਟੀਮ ਨੇ ਬੁੱਧਵਾਰ ਨੂੰ ਹੀ ਮੇਜ਼ਬਾਨ ਬੈਲਜੀਅਮ ਨੂੰ 2-0 ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਜਿੱਤ ਦੀ ਹੈਟ੍ਰਿਕ ਲਾਈ ਸੀ ਤੇ ਕੈਨੇਡਾ ਵਿਰੁੱਧ ਉਸ ਨੇ ਹਾਰ ਟਾਲਦੇ ਹੋਏ ਆਪਣੀ ਅਜੇਤੂ ਲੈਅ ਨੂੰ ਬਰਕਰਾਰ ਰੱਖਿਆ।
ਪ੍ਰੀਤੀ ਦੂਬੇ ਦੀ ਕਪਤਾਨੀ ਵਾਲੀ ਮਹਿਲਾ ਹਾਕੀ ਟੀਮ ਨੇ ਹੁਣ ਤਕ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਉਸ ਨੇ ਕੈਨੇਡਾ ਵਿਰੁੱਧ ਛੇ ਪੈਨਲਟੀ ਕਾਰਨਰ ਦੇ ਮੌਕੇ ਬਣਾਏ ਪਰ ਕੋਈ ਵੀ ਖਿਡਾਰੀ ਇਸ ਦਾ ਫਾਇਦਾ ਨਹੀਂ ਚੁੱਕ ਸਕਿਆ। ਹਾਲਾਂਕਿ ਜਿੱਥੇ ਕੈਨੇਡਾ ਨੇ ਰੱਖਿਆ ਲਾਈਨ 'ਤੇ ਸ਼ਾਨਦਾਰ ਖੇਡ ਦਿਖਾਉਂਦਿਆਂ ਭਾਰਤ ਨੂੰ ਗੋਲ ਤੋਂ ਰੋਕੀ ਰੱਖਿਆ, ਉਥੇ ਹੀ ਭਾਰਤ ਨੇ ਵੀ ਵਿਰੋਧੀ ਟੀਮ ਨੂੰ ਗੋਲ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਮੈਚ ਅੰਤ ਵਿਚ ਡਰਾਅ ਖਤਮ ਹੋਇਆ। ਭਾਰਤੀ ਜੂਨੀਅਰ ਟੀਮ ਹੁਣ 20 ਜੁਲਾਈ ਨੂੰ ਆਪਣੇ ਅਗਲੇ ਮੈਚ ਵਿਚ ਹਾਲੈਂਡ ਵਿਰੁੱਧ ਖੇਡੇਗੀ।
