ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਸ਼ੂਟਆਊਟ ’ਚ ਚਿਲੀ ਹੱਥੋਂ ਹਾਰੀ

Saturday, May 31, 2025 - 11:33 AM (IST)

ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਸ਼ੂਟਆਊਟ ’ਚ ਚਿਲੀ ਹੱਥੋਂ ਹਾਰੀ

ਨਵੀਂ ਦਿੱਲੀ– ਭਾਰਤੀ ਮਹਿਲਾ ਜੂਨੀਅਰ ਹਾਕੀ ਟੀਮ ਨੂੰ ਅਰਜਨਟੀਨਾ ਦੇ ਰੋਸਾਰੀਓ ਵਿਚ 4 ਦੇਸ਼ਾਂ ਦੇ ਦੋਸਤਾਨਾ ਹਾਕੀ ਟੂਰਨਾਮੈਂਟ ਵਿਚ ਨਿਯਮਤ ਸਮਾਂ 2-2 ਦੀ ਬਰਾਬਰੀ ’ਤੇ ਰਹਿਣ ਤੋਂ ਬਾਅਦ ਚਿਲੀ ਵਿਰੁੱਧ ਸ਼ੂਟਆਊਟ ਵਿਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਲਈ ਸੁਖਵੀਰ ਕੌਰ (35ਵਾਂ ਮਿੰਟ) ਤੇ ਕਨਿਕਾ ਸਿਵਾਚ (47ਵਾਂ ਮਿੰਟ) ਨੇ ਗੋਲ ਕੀਤੇ ਜਦਕਿ ਚਿਲੀ ਲਈ ਜੈਸਿੰਟਾ ਸੋਲਾਰੀ (27ਵਾਂ ਮਿੰਟ) ਤੇ ਕਪਤਾਨ ਲਾਰਾ ਮੂਲਰ (42ਵਾਂ ਮਿੰਟ) ਨੇ ਗੋਲ ਕੀਤੇ।

ਚਿਲੀ ਨੇ ਦੂਜੇ ਕੁਆਰਟਰ ਵਿਚ ਪੈਨਲਟੀ ਕਾਰਨਰ ’ਤੇ ਸੋਲਾਰੀ ਦੇ ਗੋਲ ਨਾਲ ਬੜ੍ਹਤ ਕਾਇਮ ਕੀਤੀ ਪਰ ਭਾਰਤ ਨੇ ਤੀਜੇ ਕੁਆਰਟਰ ਵਿਚ 5 ਮਿੰਟ ਦੇ ਅੰਦਰ ਹੀ ਬਰਾਬਰੀ ਦਾ ਗੋਲ ਕਰ ਦਿੱਤਾ। ਸੁਖਵੀਰ ਨੇ ਪੈਨਲਟੀ ਕਾਰਨਰ ਦਾ ਫਾਇਦਾ ਚੁੱਕ ਕੇ ਭਾਰਤ ਨੂੰ ਬਰਾਬਰੀ ਦਿਵਾਈ। ਚਿਲੀ ਨੇ 42ਵੇਂ ਮਿੰਟ ਵਿਚ ਮੂਲਰ ਦੇ ਮੈਦਾਨੀ ਗੋਲ ਨਾਲ ਫਿਰ ਤੋਂ ਬੜ੍ਹਤ ਹਾਸਲ ਕਰ ਲਈ।

ਭਾਰਤ ਨੇ ਚੌਥੇ ਕੁਆਰਟਰ ਦੀ ਜ਼ੋਰਦਾਰ ਸ਼ੁਰੂਆਤ ਕੀਤੀ। ਕਨਿਕਾ ਸਿਵਾਚ ਨੇ 47ਵੇਂ ਮਿੰਟ ਵਿਚ ਬਰਾਬਰੀ ਦਾ ਗੋਲ ਕਰ ਕੇ ਟੂਰਨਾਮੈਂਟ ਵਿਚ ਪ੍ਰਭਾਵਿਤ ਕਰਨਾ ਜਾਰੀ ਰੱਖਿਆ। ਨਿਰਧਾਰਿਤ ਸਮੇਂ ਵਿਚ ਕੋਈ ਵੀ ਟੀਮ ਜੇਤੂ ਨਹੀਂ ਬਣ ਸਕੀ, ਅਜਿਹੇ ਵਿਚ ਮੈਚ ਸ਼ੂਟਆਊਟ ਵਿਚ ਚਲਾ ਗਿਆ। ਸ਼ੂਟਆਊਟ ਵਿਚ ਚਿਲੀ ਲਈ ਜੋਸੇਫਿਨਾ ਕਾਨਸਟੈਂਜਾ ਗੁਟਿਰੇਜ, ਇਸਾਬੇਲ ਲਿਓਨੋਰ ਮੇਸੇਨ ਤੇ ਤ੍ਰਿਨੀਦਾਦ ਐਂਟੋਨੀਆ ਬੈਰੀਯੋਸ ਨੇ ਗੋਲ ਕੀਤੇ ਜਦਕਿ ਭਾਰਤ ਲਈ ਸੋਨਮ ਹੀ ਇਕਲੌਤਾ ਗੋਲ ਕਰ ਸਕੀ। ਭਾਰਤ ਹੁਣ ਟੂਰਨਾਮੈਂਟ ਦੇ ਆਪਣੇ ਪੰਜਵੇਂ ਮੈਚ ਵਿਚ 1 ਜੂਨ ਨੂੰ ਉਰੂਗਵੇ ਨਾਲ ਭਿੜੇਗਾ।
 


author

Tarsem Singh

Content Editor

Related News