ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਤੀਜੇ ਸਥਾਨ ’ਤੇ ਰਹੀ
Thursday, Jun 26, 2025 - 10:31 AM (IST)

ਬਰਲਿਨ- ਭਾਰਤੀ ਜੂਨੀਅਰ ਹਾਕੀ ਪੁਰਸ਼ ਟੀਮ ਨੇ ਬੁੱਧਵਾਰ ਨੂੰ ਇਥੇ 4 ਦੇਸ਼ਾਂ ਦੇ ਟੂਰਨਾਮੈਂਟ ’ਚ ਤੀਸਰੇ ਸਥਾਨ ਦੇ ਪਲੇਆਫ ’ਚ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ। ਆਸਟ੍ਰੇਲੀਆ ਨੂੰ ਕਪਤਾਨ ਟੋਬੀ ਮੇਲੋਨ ਨੇ ਦੂਸਰੇ ਹਾਫ ’ਚ ਬੜ੍ਹਤ ਦੁਆਈ, ਜਿਸ ਦੇ ਬਾਅਦ ਰੋਹਿਤ ਨੇ 45ਵੇਂ ਮਿੰਟ ’ਚ ਸਕੋਰ 1-1 ਕਰ ਦਿੱਤਾ। ਅਜੀਤ ਯਾਦਵ ਨੇ 52ਵੇਂ ਮਿੰਟ ’ਚ ਭਾਰਤ ਨੂੰ 2-1 ਨਾਲ ਅੱਗੇ ਕੀਤਾ, ਜੋ ਫੈਸਲਾਕੁੰਨ ਸਾਬਿਤ ਹੋਇਆ।
ਦੋਨੋਂ ਟੀਮਾਂ ਵਿਚਾਲੇ ਸ਼ੁਰੂਆਤ ਤੋਂ ਹੀ ਸਖਤ ਟੱਕਰ ਦੇਖਣ ਨੂੰ ਮਿਲੀ ਅਤੇ ਸ਼ੁਰੂਆਤੀ 2 ਕੁਆਰਟਰ ’ਚ ਕੋਈ ਟੀਮ ਗੋਲ ਨਹੀਂ ਕਰ ਸਕੀ। ਆਸਟ੍ਰੇਲੀਆ ਨੇ ਅਖੀਰ ਤੀਸਰੇ ਕੁਆਰਟਰ ’ਚ ਮੈਚ ਦੇ 40ਵੇਂ ਮਿੰਟ ’ਚ ਟੋਬੀ ਦੇ ਮੈਦਾਨੀ ਗੋਲ ਨਾਲ ਬੜ੍ਹਤ ਬਣਾਈ। ਆਸਟ੍ਰੇਲੀਆ ਦੀ ਟੀਮ ਹਾਲਾਂਕਿ ਜ਼ਿਆਦਾ ਸਮੇਂ ਤੱਕ ਜਸ਼ਨ ਨਹੀਂ ਮਨਾ ਸਕੀ ਕਿਉਂਕਿ 5 ਮਿੰਟ ਬਾਅਦ ਹੀ ਰੋਹਿਤ ਨੇ ਪੈਨਲਟੀ ਕਾਰਨਰ ’ਤੇ ਗੋਲ ਦਾਗ ਕੇ ਸਕੋਰ ਬਰਾਬਰ ਕਰ ਦਿੱਤਾ।
ਭਾਰਤ ਨੇ ਇਸ ਤੋਂ ਬਾਅਦ ਅੰਤਿਮ ਕੁਆਰਟਰ ’ਚ ਅਜੀਤ ਦੇ ਗੋਲ ਨਾਲ ਬੜ੍ਹਤ ਬਣਾਈ ਅਤੇ ਜਿੱਤ ਪੱਕੀ ਕੀਤੀ। ਪੂਲ ਪੜਾਅ ’ਚ ਭਾਰਤ ਨੇ ਮੇਜ਼ਬਾਨ ਜਰਮਨੀ ਖਿਲਾਫ 1-7 ਦੀ ਕਰਾਰੀ ਹਾਰ ਨਾਲ ਸ਼ੁਰੂਆਤ ਕੀਤੀ ਸੀ ਪਰ ਅਗਲੇ ਮੈਚ ’ਚ ਆਸਟ੍ਰੇਲੀਆ ਨੂੰ 3-1 ਨਾਲ ਹਰਾ ਕੇ ਵਾਪਸੀ ਕੀਤੀ। ਟੀਮ ਨੂੰ ਆਪਣੇ ਆਖਰੀ ਲੀਗ ਮੈਚ ’ਚ ਸਪੇਨ ਖਿਲਾਫ 1-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।