ਸੂਰਯਕੁਮਾਰ ਦੇ ਸ਼ਾਨਦਾਰ ਸੈਂਕੜੇ ਕਾਰਨ ਭਾਰਤ ਨੇ ਜਿੱਤਿਆ ਤੀਜਾ T-20, ਸੀਰੀਜ਼ ਕੀਤੀ ਆਪਣੇ ਨਾਂ
Saturday, Jan 07, 2023 - 10:19 PM (IST)

ਸਪੋਰਟਸ ਡੈਸਕ: ਸ਼੍ਰੀਲੰਕਾ ਖ਼ਿਲਾਫ਼ ਤੀਜੇ T-20 ਮੁਕਾਬਲੇ ਵਿਚ ਸੂਰਯਕੁਮਾਰ ਯਾਦਵ ਦੇ ਜ਼ਬਰਦਸਤ ਸੈਂਕੜੇ ਦੀ ਬਦੌਲਤ ਭਾਰਤ ਨੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਵੀ 2-1 ਨਾਲ ਆਪਣੇ ਨਾਂ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਜਿੱਥੇ ਸੂਰਯਕੁਮਾਰ ਦੀ ਤੂਫਾਨੀ ਪਾਰੀ ਸਦਕਾ ਸ਼੍ਰੀਲੰਕਾ ਨੂੰ 229 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ ਉੱਥੇ ਹੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼੍ਰੀਲੰਕਾ ਨੂੰ 137 ਦੌੜਾਂ ਵਿਚ ਹੀ ਸਮੇਟ ਦਿੱਤਾ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ।
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਿਤਾ ਦਾ ਸਸਕਾਰ ਕਰ ਰਹੇ PSIEC ਦੇ ਕਾਰਜਕਾਰੀ ਡਾਇਰੈਕਟਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਭਾਰਤ ਨੂੰ ਪਹਿਲੇ ਓਵਰ ਵਿਚ ਹੀ ਇਸ਼ਾਨ ਕਿਸ਼ਨ ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਉਸ ਤੋਂ ਬਾਅਦ ਸ਼ੁਭਮਨ ਗਿੱਲ (46) ਤੇ ਰਾਹੁਲ ਤ੍ਰਿਪਾਠੀ (35) ਨੇ ਪਾਰੀ ਨੂੰ ਸੰਭਾਲਿਆ। ਉਨ੍ਹਾਂ ਤੋਂ ਬਾਅਦ ਸੂਰਯਕੁਮਾਰ ਯਾਦਵ ਨੇ ਤੂਫ਼ਾਨੀ ਪਾਰੀ ਖੇਡਦਿਆਂ 51 ਗੇਂਦਾਂ ਵਿਚ 112 ਦੌੜਾਂ ਦੀ ਅਜੇਤੂ ਪਾਰੀ ਨਾਲ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਅਕਸ਼ਰ ਪਟੇਲ ਨੇ ਵੀ ਅਖੀਰ ਵਿਚ 9 ਗੇਂਦਾਂ ਵਿਚ 21 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਤਰ੍ਹਾਂ ਭਾਰਤ ਨੇ ਨਿਰਧਾਰਿਤ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 228 ਦੌੜਾਂ ਬਣਾਈਆਂ।
ਇਹ ਖ਼ਬਰ ਵੀ ਪੜ੍ਹੋ - Instagram 'ਤੇ 4 ਦਿਨਾਂ ਦੀ ਦੋਸਤੀ ਨੇ ਬਰਬਾਦ ਕੀਤੀ ਜ਼ਿੰਦਗੀ, 17 ਸਾਲਾ ਕੁੜੀ ਨੇ ਰੋ-ਰੋ ਸੁਣਾਈ ਹੱਡਬੀਤੀ (ਵੀਡੀਓ)
229 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਵੱਲੋਂ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਅਰਸ਼ਦੀਪ ਸਿੰਘ ਨੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਾਰਦਿਕ ਪੰਡਯਾ, ਉਮਰਾਨ ਮਲਿਕ ਤੇ ਯਜੁਵੇਂਦਰ ਚਹਿਲ ਨੇ 2-2 ਅਤੇ ਅਕਸ਼ਰ ਪਟੇਲ 1 ਵਿਕਟ ਲਈ। ਸ਼੍ਰੀਲੰਕਾ ਦੀ ਟੀਮ 16.4 ਓਵਰਾਂ ਵਿਚ 137 ਦੌੜਾਂ 'ਤੇ ਹੀ ਸਿਮਟ ਗਈ। ਇੰਝ ਭਾਰਤ ਨੇ 91 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੈਚ ਜਿੱਤਣ ਦੇ ਨਾਲ-ਨਾਲ ਤਿੰਨ ਮੈਚਾਂ ਦੀ ਸੀਰੀਜ਼ ਵੀ ਆਪਣੇ ਨਾਂ ਕਰ ਲਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।