ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 4-1 ਨਾਲ ਗੁਆਈ ਟੀ20 ਸੀਰੀਜ਼, 5ਵੇਂ ਟੀ-20 ''ਚ 54 ਦੌੜਾਂ ਨਾਲ ਹਾਰੀ
Wednesday, Dec 21, 2022 - 11:48 AM (IST)

ਸਪੋਰਟਸ ਡੈਸਕ— ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡੇ ਗਏ ਇਕ ਤਰਫਾ ਮੈਚ 'ਚ ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਨੇ ਭਾਰਤ ਨੂੰ 5ਵੇਂ ਟੀ-20 ਮੈਚ 'ਚ 54 ਦੌੜਾਂ ਨਾਲ ਹਰਾ ਕੇ ਟੀ-20 ਸੀਰੀਜ਼ 4-1 ਨਾਲ ਜਿੱਤ ਲਈ ਹੈ। 5ਵੇਂ ਟੀ-20 ਵਿੱਚ ਆਸਟਰੇਲੀਆਈ ਮਹਿਲਾ ਟੀਮ ਨੇ ਪਹਿਲਾਂ ਖੇਡਦੇ ਹੋਏ 20 ਓਵਰਾਂ ਵਿੱਚ 196 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ ਸਿਰਫ 142 ਦੌੜਾਂ ਹੀ ਬਣਾ ਸਕੀ ਅਤੇ 54 ਦੌੜਾਂ ਨਾਲ ਮੈਚ ਹਾਰ ਗਈ।
ਹਾਲਾਂਕਿ ਪਹਿਲਾਂ ਖੇਡਦੇ ਹੋਏ ਆਸਟਰੇਲੀਆਈ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਓਪਨਰ ਬੇਨ ਮੂਨੀ 2 ਫਿਰ ਲਿਚਫੀਲਡ ਸਿਰਫ 11 ਦੌੜਾਂ ਬਣਾ ਕੇ ਆਊਟ ਹੋ ਗਈਆਂ ਸਨ। ਇਸ ਤੋਂ ਬਾਅਦ ਕਪਤਾਨ ਤਾਹਿਲਾ ਮੈਕਗ੍ਰਾ 26 ਅਤੇ ਐਲੀਸਾ ਪੈਰੀ 18 ਦੌੜਾਂ ਬਣਾ ਕੇ ਆਊਟ ਹੋ ਗਈਆਂ। ਗਾਰਡਨਰ ਨੇ ਇੱਕ ਵਾਰ ਫਿਰ ਮੱਧਕ੍ਰਮ ਵਿੱਚ ਭਾਰਤ ਦੇ ਖਿਲਾਫ ਆਪਣੀ ਵਧੀਆ ਫਾਰਮ ਨੂੰ ਜਾਰੀ ਰੱਖਿਆ। ਉਸ ਨੇ 32 ਗੇਂਦਾਂ 'ਚ 11 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 66 ਦੌੜਾਂ ਬਣਾਈਆਂ ਜਦਕਿ ਗ੍ਰੇਸ ਹੈਰਿਸ ਨੇ 35 ਗੇਂਦਾਂ 'ਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : IND v BAN, 2nd Test : ਬੰਗਲਾਦੇਸ਼ ਦੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਇਹ ਸਪਿਨਰ
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਵੀ ਖਰਾਬ ਰਹੀ। ਸਮ੍ਰਿਤੀ ਮੰਧਾਨਾ 4 ਅਤੇ ਸ਼ੈਫਾਲੀ ਵਰਮਾ 13 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਈਆਂ। ਇਸ ਤੋਂ ਬਾਅਦ ਹਰਲੀਨ ਦਿਓਲ ਨੇ 16 ਗੇਂਦਾਂ ਵਿੱਚ 24 ਦੌੜਾਂ ਬਣਾਈਆਂ ਅਤੇ ਕਪਤਾਨ ਹਰਮਨਪ੍ਰੀਤ ਕੌਰ 11 ਗੇਂਦਾਂ ਵਿੱਚ 12 ਦੌੜਾਂ ਬਣਾ ਕੇ ਆਊਟ ਹੋ ਗਈ। ਟੀਮ ਇੰਡੀਆ ਨੇ ਸਿਰਫ 70 ਦੌੜਾਂ 'ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ।
ਇਸ ਤੋਂ ਬਾਅਦ ਟੀਮ ਉਭਰ ਨਹੀਂ ਸਕੀ ਅਤੇ 142 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਲਈ ਦੀਪਤੀ ਸ਼ਰਮਾ ਨੇ 34 ਗੇਂਦਾਂ 'ਚ 53 ਦੌੜਾਂ ਜ਼ਰੂਰ ਬਣਾਈਆਂ ਪਰ ਉਹ ਭਾਰਤ ਨੂੰ ਹਾਰ ਤੋਂ ਨਹੀਂ ਬਚਾ ਸਕੀ। ਆਸਟ੍ਰੇਲੀਆ ਲਈ ਹੀਥਰ ਗ੍ਰਾਮ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸ ਨੇ 2 ਓਵਰਾਂ 'ਚ 8 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸੇ ਤਰ੍ਹਾਂ ਐਸ਼ਲੇ ਗਾਰਡਨਰ ਨੇ 20 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਡਾਰਸੀਆ ਬ੍ਰਾਊਨ ਨੇ 31 ਦੌੜਾਂ ਦੇ ਕੇ ਇਕ ਵਿਕਟ ਲਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।