ਆਸਟਰੇਲੀਆ ਹੱਥੋਂ ਹਾਰਨ ਮਗਰੋਂ ਭਾਰਤੀ ਮਹਿਲਾ ਟੀਮ ‘ਏ’ ਟੀਮ ਤੋਂ ਵੀ ਹਾਰੀ

Friday, May 26, 2023 - 03:56 PM (IST)

ਆਸਟਰੇਲੀਆ ਹੱਥੋਂ ਹਾਰਨ ਮਗਰੋਂ ਭਾਰਤੀ ਮਹਿਲਾ ਟੀਮ ‘ਏ’ ਟੀਮ ਤੋਂ ਵੀ ਹਾਰੀ

ਐਡੀਲੇਡ (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ ਇੱਥੇ ਆਸਟਰੇਲੀਆ-ਏ ਹੱਥੋਂ 2-3 ਨਾਲ ਹਾਰ ਗਈ। ਭਾਰਤ ਲਈ ਸਲੀਮਾ ਟੇਟੇ (40ਵਾਂ ਮਿੰਟ) ਤੇ ਸੰਗੀਤਾ ਕੁਮਾਰੀ (54ਵਾਂ ਮਿੰਟ) ਨੇ ਇਕ ਗੋਲ ਕੀਤਾ ਜਦਕਿ ਆਸਟਰੇਲੀਆ ਲਈ ਐਲਿਸ ਅਰਨੋਟ (18ਵਾਂ) ਤੇ ਰੂਬੀ ਹੈਰਿਸ (20ਵਾਂ ਤੇ 35ਵਾਂ ਮਿੰਟ) ਨੇ ਗੋਲ ਕੀਤੇ। ਮੇਜ਼ਬਾਨ ਟੀਮ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤ ਦਾ ਡਿਫੈਂਸ ਮਜ਼ਬੂਤ ​ਰਿਹਾ ਅਤੇ ਕੋਈ ਵੀ ਗੋਲ ਨਹੀਂ ਕਰ ਸਕਿਆ। ਦੂਜੇ ਕੁਆਰਟਰ 'ਚ ਵੀ ਭਾਰਤ ਨੇ ਗੇਂਦ 'ਤੇ ਦਬਦਬਾ ਬਣਾਈ ਰੱਖਿਆ ਪਰ ਆਸਟ੍ਰੇਲੀਆ ਏ ਨੇ ਅਰਨੋਟ ਦੇ ਗੋਲ ਨਾਲ ਲੀਡ ਲੈ ਲਈ।

ਹੈਰਿਸ ਨੇ ਦੋ ਮਿੰਟ ਬਾਅਦ ਗੋਲ ਕਰਕੇ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਦੋ ਗੋਲਾਂ ਨਾਲ ਪਛੜਨ ਦੇ ਬਾਅਦ ਭਾਰਤੀਆਂ ਨੇ ਹਮਲਾਵਰ ਖੇਡ ਖੇਡੀ ਅਤੇ ਚੰਗੇ ਹਮਲੇ ਕੀਤੇ ਪਰ ਗੋਲ ਨਹੀਂ ਕਰ ਸਕੇ। ਅੱਧੇ ਸਮੇਂ ਤੱਕ ਆਸਟਰੇਲੀਆ ਏ ਕੋਲ ਦੋ ਗੋਲਾਂ ਦੀ ਬੜ੍ਹਤ ਸੀ। ਤੀਜੇ ਕੁਆਰਟਰ ਵਿੱਚ ਹੈਰਿਸ ਨੇ 35ਵੇਂ ਮਿੰਟ ਵਿੱਚ ਤੀਜਾ ਗੋਲ ਕੀਤਾ। ਇਸ ਦੇ ਕੁੱਝ ਮਿੰਟਾਂ ਬਾਅਦ ਟੇਟੇ ਨੇ ਭਾਰਤ ਲਈ ਪਹਿਲਾ ਗੋਲ ਕੀਤਾ। ਚੌਥੇ ਕੁਆਰਟਰ ਵਿੱਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਉਹ ਗੋਲ ਨਹੀਂ ਕਰ ਸਕੇ। ਸੰਗੀਤਾ ਕੁਮਾਰੀ ਨੇ ਆਖਰੀ ਮਿੰਟਾਂ ਵਿੱਚ ਗੋਲ ਕਰਕੇ ਵਾਪਸੀ ਦੀਆਂ ਉਮੀਦਾਂ ਜਗਾਈਆਂ ਪਰ ਭਾਰਤੀ ਟੀਮ ਤੀਜਾ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਆਸਟਰੇਲੀਆ ਨੇ 3 ਮੈਚਾਂ ਦੀ ਸੀਰੀਜ਼ ’ਚ 2-0 ਨਾਲ ਹਰਾਇਆ ਸੀ ਜਦਕਿ ਤੀਜਾ ਮੈਚ 1-1 ਨਾਲ ਡਰਾਅ ਰਿਹਾ ਸੀ।


author

cherry

Content Editor

Related News