ਵੀਅਤਨਾਮ ''ਚ ਤਿੰਨ ਦੇਸ਼ਾਂ ਦੇ ਟੂਰਨਾਮੈਂਟ ''ਚ ਭਾਰਤ ਲਵੇਗਾ ਹਿੱਸਾ
Wednesday, Jul 03, 2024 - 07:31 PM (IST)
ਨਵੀਂ ਦਿੱਲੀ, (ਭਾਸ਼ਾ) ਭਾਰਤੀ ਫੁੱਟਬਾਲ ਟੀਮ ਅਕਤੂਬਰ 'ਚ ਫੀਫਾ ਵਿੰਡੋ ਦੌਰਾਨ ਵੀਅਤਨਾਮ 'ਚ ਹੋਣ ਵਾਲੇ ਤਿੰਨ ਦੇਸ਼ਾਂ ਦੇ ਟੂਰਨਾਮੈਂਟ 'ਚ ਹਿੱਸਾ ਲਵੇਗੀ। ਇਸ ਟੂਰਨਾਮੈਂਟ 'ਚ ਭਾਰਤ ਅਤੇ ਵੀਅਤਨਾਮ ਤੋਂ ਇਲਾਵਾ ਲੇਬਨਾਨ ਹਿੱਸਾ ਲਵੇਗਾ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐਫਐਫ) ਨੇ ਇਹ ਜਾਣਕਾਰੀ ਦਿੱਤੀ। ਫੀਫਾ ਦੀ ਤਾਜ਼ਾ ਵਿਸ਼ਵ ਦਰਜਾਬੰਦੀ ਵਿੱਚ ਵੀਅਤਨਾਮ (116) ਅਤੇ ਲੇਬਨਾਨ (117) ਭਾਰਤ (124) ਤੋਂ ਅੱਗੇ ਹਨ।
ਭਾਰਤੀ ਟੀਮ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਦੌਰ 'ਚ ਪਹੁੰਚਣ 'ਚ ਅਸਫਲ ਰਹਿਣ ਤੋਂ ਬਾਅਦ ਏਆਈਐੱਫਐੱਫ ਨੇ ਮੁੱਖ ਕੋਚ ਇਗੋਰ ਸਟਿਮਕ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਪਹਿਲਾ ਟੂਰਨਾਮੈਂਟ ਹੋਵੇਗਾ ਜਿਸ 'ਚ ਭਾਰਤੀ ਟੀਮ ਹਿੱਸਾ ਲਵੇਗੀ। ਏਆਈਐਫਐਫ ਨੇ ਅਜੇ ਨਵੇਂ ਕੋਚ ਦਾ ਐਲਾਨ ਨਹੀਂ ਕੀਤਾ ਹੈ ਅਤੇ ਇਹ ਦੇਖਣਾ ਬਾਕੀ ਹੈ ਕਿ ਤਿੰਨ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਭਾਰਤੀ ਕੋਚ ਦੀ ਭੂਮਿਕਾ ਕੌਣ ਸੰਭਾਲਦਾ ਹੈ। ਇਸ ਟੂਰਨਾਮੈਂਟ 'ਚ ਭਾਰਤ ਆਪਣਾ ਪਹਿਲਾ ਮੈਚ 9 ਅਕਤੂਬਰ ਨੂੰ ਵੀਅਤਨਾਮ ਨਾਲ ਖੇਡੇਗਾ, ਜਦਕਿ 12 ਅਕਤੂਬਰ ਨੂੰ ਉਸ ਦਾ ਸਾਹਮਣਾ ਲੇਬਨਾਨ ਨਾਲ ਹੋਵੇਗਾ। ਟੂਰਨਾਮੈਂਟ ਦਾ ਤੀਜਾ ਮੈਚ 15 ਅਕਤੂਬਰ ਨੂੰ ਵੀਅਤਨਾਮ ਅਤੇ ਲੇਬਨਾਨ ਵਿਚਾਲੇ ਖੇਡਿਆ ਜਾਵੇਗਾ।