ਭਾਰਤ ਨੂੰ ਬਚਾਉਣਾ ਪਵੇਗਾ ਕੋਟਲਾ ਦਾ ਅਜੇਤੂ ਕਿਲਾ
Tuesday, Mar 12, 2019 - 01:31 AM (IST)

ਨਵੀਂ ਦਿੱਲੀ— ਭਾਰਤੀ ਟੀਮ ਦਾ ਘਰੇਲੂ ਮੈਦਾਨ 'ਤੇ ਵਨ ਡੇ ਸੀਰੀਜ਼ ਰਿਕਾਰਡ ਵੀ ਖਤਰੇ ਵਿਚ ਪਿਆ ਹੋਇਆ ਹੈ। ਭਾਰਤ ਨੇ ਆਪਣੀ ਧਰਤੀ 'ਤੇ 2015-16 ਵਿਚ ਦੱਖਣੀ ਅਫਰੀਕਾ ਤੋਂ 5 ਮੈਚਾਂ ਦੀ ਵਨ ਡੇ ਸੀਰੀਜ਼ 2-3 ਨਾਲ ਗੁਆਈ ਸੀ ਪਰ ਉਸ ਤੋਂ ਬਾਅਦ ਭਾਰਤ ਕੋਈ ਘਰੇਲੂ ਸੀਰੀਜ਼ ਨਹੀਂ ਹਾਰਿਆ। ਕਪਤਾਨ ਵਿਰਾਟ ਕੋਹਲੀ ਸਾਹਮਣੇ ਭਾਰਤੀ ਟੀਮ ਦੇ ਇਸ ਰਿਕਾਰਡ ਨੂੰ ਬਚਾਉਣ ਦੀ ਚੁਣੌਤੀ ਹੈ। ਕੋਟਲਾ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਘਰੇਲੂ ਮੈਦਾਨ ਵੀ ਹੈ। ਉਸ ਨੇ ਇਸ ਮੈਦਾਨ 'ਤੇ 6 ਮੈਚਾਂ ਵਿਚ 202 ਦੌੜਾਂ ਬਣਾਈਆਂ ਹਨ, ਜਦਕਿ ਇਸ ਮੈਦਾਨ 'ਤੇ ਸਚਿਨ ਤੇਂਦੁਲਕਰ ਦੇ ਨਾਂ 8 ਮੈਚਾਂ ਵਿਚ ਸਭ ਤੋਂ ਵੱਧ 300 ਦੌੜਾਂ ਬਣਾਉਣ ਦਾ ਰਿਕਾਰਡ ਹੈ।
... ਤਾਂ ਕੋਟਲਾ 'ਚ ਹੋਵੇਗੀ ਆਸਟਰੇਲੀਆ 'ਤੇ 50ਵੀਂ ਜਿੱਤ!
ਭਾਰਤ ਜੇਕਰ ਕੋਟਲਾ ਵਿਚ ਜਿੱਤ ਹਾਸਲ ਕਰ ਕੇ ਸੀਰੀਜ਼ ਆਪਣੇ ਨਾਂ ਕਰਦਾ ਹੈ ਤਾਂ ਇਹ ਆਸਟਰੇਲੀਆ ਵਿਰੁੱਧ ਉਸ ਦੀ 136 ਮੈਚਾਂ ਵਿਚ 50ਵੀਂ ਜਿੱਤ ਹੋਵੇਗੀ। ਭਾਰਤ ਨੇ ਹੁਣ ਤਕ ਵਨ ਡੇ ਵਿਚ ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਸ਼੍ਰੀਲੰਕਾ, ਵੈਸਟਇੰਡੀਜ਼ ਤੇ ਜ਼ਿੰਬਾਬਵੇ ਵਿਰੁੱਧ 50 ਤੋਂ ਵੱਧ ਮੈਚ ਜਿੱਤੇ ਹਨ। ਭਾਰਤ ਤੇ ਆਸਟਰੇਲੀਆ ਦੀਆਂ ਟੀਮਾਂ 5 ਮੈਚਾਂ ਦੀ ਵਨ ਡੇ ਸੀਰੀਜ਼ 'ਚ 2-2 ਦੀ ਬਰਾਬਰੀ ਤੋਂ ਬਾਅਦ ਬੁੱਧਵਾਰ ਨੂੰ ਜਦੋਂ ਫੈਸਲਾਕੁੰਨ ਮੁਕਾਬਲੇ ਵਿਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਉਤਰਨਗੀਆਂ ਤਾਂ ਟੀਮ ਇੰਡੀਆ ਸਾਹਮਣੇ ਕੋਟਲਾ ਰੂਪੀ ਆਪਣੇ ਅਜੇਤੂ ਕਿਲੇ ਨੂੰ ਬਚਾਉਣ ਦੀ ਚੁਣੌਤੀ ਹੋਵੇਗੀ।
ਭਾਰਤ ਨੇ ਸੀਰੀਜ਼ ਵਿਚ ਪਹਿਲੇ ਦੋ ਮੈਚ ਜਿੱਤ ਲਏ ਸਨ ਪਰ ਆਸਟਰੇਲੀਆ ਨੇ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਦੋ ਮੈਚ ਜਿੱਤ ਕੇ ਸੀਰੀਜ਼ 'ਚ ਵਾਪਸੀ ਕਰ ਲਈ ਹੈ। ਪੰਜਵੇਂ ਮੈਚ ਵਿਚ ਆਸਟਰੇਲੀਆ ਦੇ ਪਿਛਲੇ ਦੋ ਮੈਚਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਮਹਿਮਾਨ ਟੀਮ ਦਾ ਪੱਲੜਾ ਭਾਰੀ ਮੰਨਿਆ ਜਾ ਰਿਹਾ ਹੈ। ਮੋਹਾਲੀ ਵਿਚ ਚੌਥੇ ਵਨ ਡੇ 'ਚ ਭਾਰਤੀ ਟੀਮ 358 ਦਾ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਉਸ ਦਾ ਬਚਾਅ ਨਹੀਂ ਕਰ ਸਕੀ।
ਟੀਮ ਇੰਡੀਆ ਦਾ ਕੋਟਲਾ ਮੈਦਾਨ ਵਿਚ ਕਾਫੀ ਸ਼ਾਨਦਾਰ ਰਿਕਾਰਡ ਹੈ। ਭਾਰਤੀ ਟੀਮ ਇਸ ਮੈਦਾਨ 'ਤੇ 1987 ਤੋਂ ਬਾਅਦ ਟੈਸਟ ਮੈਚਾਂ ਵਿਚ ਅਜੇਤੂ ਹੈ। ਭਾਰਤ ਨੇ ਇਸ ਦੌਰਾਨ ਕੋਟਲਾ ਵਿਚ ਪਿਛਲੇ 12 ਟੈਸਟਾਂ 'ਚੋਂ 10 ਜਿੱਤੇ ਹਨ ਤੇ ਦੋ ਡਰਾਅ ਖੇਡੇ ਹਨ। ਇਸ ਮੈਦਾਨ 'ਤੇ ਭਾਰਤੀ ਟੀਮ ਨੇ 20 ਵਨ ਡੇ ਖੇਡੇ ਹਨ, ਜਿਨ੍ਹਾਂ ਵਿਚੋਂ ਉਸ ਨੂੰ 12 ਜਿੱਤਾਂ ਹਾਸਲ ਹੋਈਆਂ ਹਨ। ਕੋਟਲਾ ਵਿਚ 20 ਅਕਤੂਬਰ 2016 ਨੂੰ ਖੇਡੇ ਗਏ ਆਖਰੀ ਵਨ ਡੇ ਵਿਚ ਭਾਰਤ ਨੂੰ ਨਿਊਜ਼ੀਲੈਂਡ ਤੋਂ 6 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਤੋਂ ਪਹਿਲਾਂ ਭਾਰਤ ਨੇ ਕੋਟਲਾ ਵਿਚ ਪਿਛਲੇ ਚਾਰ ਵਨ ਡੇ ਲਗਾਤਾਰ ਜਿੱਤੇ ਸਨ। ਭਾਰਤ ਨੇ 17 ਅਕਤੂਬਰ 2011 ਨੂੰ ਇੰਗਲੈਂਡ ਦੇ ਨਾਲ ਕੋਟਲਾ ਵਿਚ ਵਨ ਡੇ ਖੇਡਿਆ ਸੀ ਤੇ ਇਸ ਨੂੰ 8 ਵਿਕਟਾਂ ਨਾਲ ਜਿੱਤਿਆ ਸੀ।