ਵਿਵਾਦਾਂ ਤੋਂ ਪਰ੍ਹੇ ਵਿੰਡੀਜ਼ ਦੌਰੇ ''ਤੇ ਧਿਆਨ ਲਗਾਏਗਾ ਭਾਰਤ

06/23/2017 1:16:40 AM

ਪੋਰਟ ਆਫ ਸਪੇਨ— 'ਕੋਚ ਤੇ ਕਪਤਾਨ ਵਿਵਾਦ' ਉਤੋਂ ਧਿਆਨ ਹਟਾਉਂਦੇ ਹੋਏ ਵਿਰਾਟ ਕੋਹਲੀ ਦੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਇੱਥੇ ਆਪਣੇ ਵੈਸਟਇੰਡੀਜ਼ ਦੌਰੇ ਦੀ ਸ਼ੁਰੂਆਤ ਕਰਨ ਉਤਰੇਗੀ, ਉਥੇ ਹੀ ਉਹ ਮੇਜ਼ਬਾਨ ਟੀਮ ਨਾਲ ਸੀਰੀਜ਼ ਦਾ ਪਹਿਲਾ ਵਨ ਡੇ ਵੀ ਖੇਡੇਗੀ।
ਕੋਚ ਅਨਿਲ ਕੁੰਬਲੇ ਨੇ ਕਪਤਾਨ ਵਿਰਾਟ ਨਾਲ ਮਤਭੇਦਾਂ ਕਾਰਨ ਵਿੰਡੀਜ਼ ਦੌਰੇ ਤੋਂ ਠੀਕ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤੀ ਟੀਮ ਬਿਨਾਂ ਮੁੱਖ ਕੋਚ ਦੇ ਹੀ ਵੈਸਟਇੰਡੀਜ਼ ਪਹੁੰਚੀ ਹੈ, ਜਿੱਥੇ ਕੋਚਿੰਗ ਸਟਾਫ ਵਿਚ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਤੇ ਫੀਲਡਿੰਗ ਕੋਚ ਆਰ. ਸ਼੍ਰੀਧਰ ਟੀਮ ਨਾਲ ਦੌਰੇ 'ਤੇ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲਣਗੇ।
ਦੁਨੀਆ ਦੀਆਂ ਧਾਕੜ ਟੀਮਾਂ ਵਿਚ ਸ਼ਾਮਲ ਟੀਮ ਇੰਡੀਆ ਫਿਲਹਾਲ ਵਿਵਾਦਾਂ ਦੇ ਘੇਰੇ ਵਿਚ ਹੈ ਪਰ ਉਸਦੇ ਤੇ ਖਾਸ ਕਰਕੇ ਵਿਰਾਟ ਲਈ ਵਿੰਡੀਜ਼ ਦੌਰੇ 'ਤੇ ਸਫਲ ਸ਼ੁਰੂਆਤ ਖਿਡਾਰੀਆਂ ਤੇ ਆਲੋਚਕਾਂ ਦਾ ਧਿਆਨ ਕੁਝ ਸਮੇਂ ਲਈ ਹੋਰਨਾਂ ਮੁੱਦਿਆਂ ਤੋਂ ਹਟਾਉਣ ਵਿਚ ਮਦਦਗਾਰ ਹੋਵੇਗੀ। ਭਾਰਤੀ ਟੀਮ ਆਈ. ਸੀ. ਸੀ. ਚੈਂਪੀਅਨਜ਼ ਟਰਾਫੀ ਵਿਚ ਹਿੱਸਾ ਲੈ ਕੇ ਸਿੱਧੇ ਲੰਡਨ ਤੋਂ ਵੈਸਟਇੰਡੀਜ਼ ਪਹੁੰਚੀ ਹੈ, ਜਿੱਥੇ ਉਸ  ਨੂੰ ਪਾਕਿਸਤਾਨ ਹੱਥੋਂ ਫਾਈਨਲ ਵਿਚ 180 ਦੌੜਾਂ ਦੀ ਵੱਡੀ ਹਾਰ ਝੱਲਣੀ ਪਈ ਸੀ।
2013 ਦੀ ਚੈਂਪੀਅਨ ਭਾਰਤੀ ਟੀਮ ਭਾਵੇਂ ਹੀ ਇਸ ਵਾਰ ਪੁਰਾਣੇ ਵਿਰੋਧੀ ਪਾਕਿਸਤਾਨ ਤੋਂ ਖਿਤਾਬ ਗੁਆ ਬੈਠੀ ਹੋਵੇ ਪਰ ਉਹ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪਹੁੰਚੀ ਤੇ ਉਸਦਾ ਪ੍ਰਦਰਸ਼ਨ ਸਬਰਯੋਗ ਰਿਹਾ ਸੀ।


Related News