ਪ੍ਰਧਾਨ ਮੰਤਰੀ ਦੀ ਧਿਆਨ ਸਾਧਨਾ ’ਤੇ ਹੰਗਾਮਾ ਕਿਉਂ?

06/02/2024 6:19:53 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੰਨਿਆਕੁਮਾਰੀ ਦੇ ਵਿਵੇਕਾਨੰਦ ਰਾਕ ਮੈਮੋਰੀਅਲ ’ਚ ਧਿਆਨ ਲਾਉਣਾ ਜਿੰਨੇ ਵੱਡੇ ਵਿਵਾਦ ਦਾ ਵਿਸ਼ਾ ਬਣਿਆ, ਉਸ ਨੂੰ ਬਿਲਕੁਲ ਸੁਭਾਵਿਕ ਨਹੀਂ ਮੰਨਿਆ ਜਾ ਸਕਦਾ।

ਭਾਰਤ ਸਮੇਤ ਦੁਨੀਆ ਭਰ ਦੇ ਭਾਈਚਾਰੇ ਨੂੰ ਪ੍ਰੇਰਨਾ ਦੇਣ ਵਾਲੇ ਵਿਵੇਕਾਨੰਦ ਦੇ ਧਿਆਨ ਸਥਾਨ ਨਾਲ ਜੁੜੇ ਇਸ ਕੇਂਦਰ ’ਤੇ ਪ੍ਰਧਾਨ ਮੰਤਰੀ ਜਾ ਕੇ ਧਿਆਨ ਲਾਉਂਦੇ ਹਨ ਤਾਂ ਇਸ ਦਾ ਸੰਦੇਸ਼ ਸਭ ਪਾਸੇ ਜਾਂਦਾ ਹੈ ਅਤੇ ਲੋਕਾਂ ’ਚ ਵੀ ਵਿਵੇਕਾਨੰਦ ਵਰਗਾ ਬਣਨ, ਉਲਟ ਸਥਿਤੀਆਂ ’ਚ ਧਿਆਨ ਲਾਉਣ ਅਤੇ ਖੁਦ ਨੂੰ ਕੰਟਰੋਲ ਕਰ ਕੇ ਦੇਸ਼ ਲਈ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਹਾਲਾਂਕਿ ਸਾਡੀ ਸਿਆਸਤ ਜਿੱਥੇ ਪੁੱਜ ਗਈ ਹੈ ਉੱਥੇ ਅਜਿਹੇ ਵਿਸ਼ਿਆਂ ਦਾ ਵਿਰੋਧ ਹੋਣਾ ਸੁਭਾਵਿਕ ਹੈ।

ਪ੍ਰਧਾਨ ਮੰਤਰੀ ਨੇ ਵਿਵੇਕਾਨੰਦ ਰਾਕ ਮੈਮੋਰੀਅਲ ਦੇ ਜਿਸ ਧਿਆਨ ਮੰਡਪ ’ਚ ਧਿਆਨ ਲਾਇਆ, ਠੀਕ ਉਸੇ ਥਾਂ 25, 26, 27 ਦਸੰਬਰ, 1892 ਨੂੰ ਸਵਾਮੀ ਵਿਵੇਕਾਨੰਦ ਨੇ ਤਿੰਨ ਦਿਨ ਧਿਆਨ ਸਾਧਨਾ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਉੱਥੋਂ ਉਨ੍ਹਾਂ ਨੂੰ ਖਾਸ ਅਨੁਭਵ ਹੋਇਆ ਅਤੇ ਭਾਰਤ ਦੇ ਭਵਿੱਖ ਦੀ ਕਲਪਨਾ ਵੀ ਜਾਗੀ ਸੀ ਜੋ ਬਾਅਦ ’ਚ ਉਨ੍ਹਾਂ ਦੇ ਭਾਸ਼ਣਾਂ ’ਚ ਦਰਜ ਹੈ। ਵਿਰੋਧੀ ਧਿਰ ਨੇ ਜਦਕਿ ਬੁੱਧੀਮਾਨੀ ਨਾਲ ਕਿਹਾ ਕਿ ਉਹ ਧਿਆਨ ਸਾਧਨਾ ਦਾ ਵਿਰੋਧ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਅਜਿਹਾ ਕਰਨ ਨਾਲ ਭਾਜਪਾ ਨੂੰ ਚੋਣ ਲਾਭ ਹੋ ਜਾਵੇਗਾ। ਮੁੱਦਾ ਇਹ ਬਣਾ ਦਿੱਤਾ ਜਾਵੇਗਾ ਕਿ ਦੇਖੋ, ਇਹ ਧਿਆਨ ਸਾਧਨਾ ਭਾਵ ਸਨਾਤਨ ਦੀਆਂ ਰਸਮਾਂ ਦੇ ਹੀ ਵਿਰੋਧੀ ਹਨ। ਇਸ ਲਈ ਇਸ ਦੀ ਟੀ. ਵੀ. ਕਵਰੇਜ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ। ਵੱਖ-ਵੱਖ ਪਾਰਟੀਆਂ ਚੋਣ ਕਮਿਸ਼ਨ ਕੋਲ ਗਈਆਂ ਵੀ।

ਚੋਣ ਕਮਿਸ਼ਨ ਜਾਂ ਕੋਈ ਸੰਵਿਧਾਨਕ ਸੰਸਥਾ ਪ੍ਰਧਾਨ ਮੰਤਰੀ ਜਾਂ ਕਿਸੇ ਆਗੂ ਨੂੰ ਚੋਣ ਪ੍ਰਚਾਰ ਤੋਂ ਬਾਅਦ ਜਾਂ ਦੌਰਾਨ ਕਿਸੇ ਧਾਰਮਿਕ ਸਥਾਨ ਜਾਂ ਪ੍ਰਸਿੱਧ ਇਤਿਹਾਸਕ ਸਥਾਨ ’ਤੇ ਜਾਣ ਅਤੇ ਉੱਥੇ ਪੂਜਾ, ਪ੍ਰਾਰਥਨਾ, ਸਿਮਰਨ ਜਾਂ ਹੋਰ ਅਧਿਆਤਮਕ ਅਭਿਆਸ ਕਰਨ ’ਤੇ ਕਿਵੇਂ ਰੋਕ ਲਗਾ ਸਕਦੀ ਹੈ?

ਵਿਰੋਧੀ ਧਿਰ ਦੇ ਆਗੂਆਂ ਨੇ ਵੀ ਚੋਣਾਂ ਦੌਰਾਨ ਸਖ਼ਤ ਮਿਹਨਤ ਕੀਤੀ ਹੈ ਅਤੇ ਉਨ੍ਹਾਂ ਨੂੰ ਵੀ ਧਿਆਨ ਅਤੇ ਸਰੀਰਕ, ਮਾਨਸਿਕ ਸੰਤੁਲਨ ਅਤੇ ਸ਼ਾਂਤੀ ਲਈ ਪਹਿਲਾਂ ਤੋਂ ਹੀ ਕੋਈ ਅਜਿਹੀ ਯੋਜਨਾ ਬਣਾਉਣੀ ਚਾਹੀਦੀ ਸੀ। ਭਾਰਤ ਵਿਚ ਬਹੁਤ ਸਾਰੇ ਅਜਿਹੇ ਧਾਰਮਿਕ ਸਥਾਨ ਹਨ ਜਿੱਥੇ ਤੁਸੀਂ ਅਧਿਆਤਮਕ ਸਰਗਰਮੀਆਂ ਨਾਲ ਸਰੀਰਕ ਅਤੇ ਮਾਨਸਿਕ ਥਕਾਵਟ ਤੋਂ ਛੁਟਕਾਰਾ ਪਾ ਸਕਦੇ ਹੋ। ਅਜਿਹੀ ਜਗ੍ਹਾ ਵੀ ਹੈ ਜਿੱਥੇ ਜਾ ਕੇ ਅਤੇ ਇਕ-ਦੋ ਦਿਨ ਆਰਾਮ ਕਰਨ ਨਾਲ ਤੁਹਾਨੂੰ ਵਿਸ਼ੇਸ਼ ਸ਼ਾਂਤੀ ਅਤੇ ਤਾਕਤ ਮਿਲਦੀ ਹੈ। ਜੇਕਰ ਵਿਰੋਧੀ ਆਗੂਆਂ ਕੋਲ ਅਜਿਹੀ ਦ੍ਰਿਸ਼ਟੀ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪ੍ਰਧਾਨ ਮੰਤਰੀ ਜਾਂ ਸੱਤਾਧਾਰੀ ਪਾਰਟੀ ਦੇ ਕਿਸੇ ਆਗੂ ਨੂੰ ਉਸ ਦਿਸ਼ਾ ਵਿਚ ਸੋਚਣਾ ਜਾਂ ਕੰਮ ਨਹੀਂ ਕਰਨਾ ਚਾਹੀਦਾ।

ਜੇਕਰ ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਪ੍ਰਿਅੰਕਾ ਵਾਡਰਾ, ਅਰਵਿੰਦ ਕੇਜਰੀਵਾਲ, ਊਧਵ ਠਾਕਰੇ, ਸ਼ਰਦ ਪਵਾਰ ਸਾਰੇ ਚਾਹੁੰਦੇ ਤਾਂ ਉਹ ਕਿਤੇ ਨਾ ਕਿਤੇ ਅਜਿਹੀ ਸਾਧਨਾ ਕਰ ਸਕਦੇ ਸਨ ਅਤੇ ਉਨ੍ਹਾਂ ਨੂੰ ਵੀ ਟੈਲੀਵਿਜ਼ਨ ਜਾਂ ਮੀਡੀਆ ਕਵਰੇਜ ਮਿਲ ਜਾਂਦੀ।

ਜੇਕਰ ਸਿਮਰਨ ਅਤੇ ਅਧਿਆਤਮਕ ਅਭਿਆਸ ਵਿਚ ਆਗੂਆਂ ਵਿਚ ਅਸਲੀ ਮੁਕਾਬਲਾ ਹੋਵੇ ਤਾਂ ਇਹ ਦੇਸ਼ ਅਤੇ ਸਮੁੱਚੀ ਮਨੁੱਖਤਾ ਲਈ ਲਾਭਦਾਇਕ ਹੋਵੇਗਾ। ਜਦੋਂ ਤੁਹਾਡੇ ਸਰੀਰ ਅਤੇ ਮਨ ਵਿਚ ਅਧਿਆਤਮਕ ਸੰਤੁਲਨ ਸਥਾਪਿਤ ਹੋ ਜਾਂਦਾ ਹੈ ਤਾਂ ਇਸਦੇ ਨਾਲ ਇਕ ਸਕਾਰਾਤਮਕ ਦ੍ਰਿਸ਼ਟੀ ਵੀ ਵਿਕਸਤ ਹੁੰਦੀ ਹੈ ਜਿੱਥੋਂ ਸਭ ਦੇ ਕਲਿਆਣ ਦੀ ਭਾਵਨਾ ਨਾਲ ਹੀ ਵਿਚਾਰ ਪੈਦਾ ਹੋ ਸਕਦੇ ਹਨ। ਜੇਕਰ ਵਿਰੋਧੀ ਧਿਰ ਦੇ ਆਗੂ ਅਜਿਹਾ ਪ੍ਰੋਗਰਾਮ ਕਰਨ ਦੀ ਬਜਾਏ ਵਿਰੋਧ ਪ੍ਰਦਰਸ਼ਨ ਕਰਦੇ ਹਨ, ਤਾਂ ਉਹ ਦੇਸ਼ ਵਿਚ ਮਾੜਾ ਮਾਹੌਲ ਪੈਦਾ ਕਰਦੇ ਹਨ ਅਤੇ ਉਨ੍ਹਾਂ ਦਾ ਆਪਣਾ ਅਕਸ ਕਮਜ਼ੋਰ ਹੁੰਦਾ ਹੈ।

ਜਦੋਂ 2014 ਦੀ ਚੋਣ ਮੁਹਿੰਮ ਖਤਮ ਹੋਈ ਤਾਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ। ਉਨ੍ਹਾਂ ਨੇ ਸ਼ਿਵਾਜੀ ਦੇ ਰਾਏਗੜ੍ਹ ਕਿਲ੍ਹੇ ਵਿਚ ਜਾ ਕੇ ਧਿਆਨ ਲਾਇਆ ਸੀ। ਸ਼ਿਵਾਜੀ ਭਾਰਤੀ ਸੰਸਕ੍ਰਿਤੀ ਅਤੇ ਹਿੰਦੂਤਵ ਦੇ ਨਜ਼ਰੀਏ ਤੋਂ ਸਾਡੇ ਦੇਸ਼ ਵਿਚ ਇਕ ਪ੍ਰੇਰਨਾਦਾਇਕ ਅਤੇ ਆਦਰਸ਼ ਸ਼ਖ਼ਸੀਅਤ ਹਨ। ਜੇਕਰ ਵਿਰੋਧੀ ਧਿਰ ਅੰਦਰ ਸ਼ਿਵਾਜੀ ਵਰਗੇ ਮਹਾਨ ਵਿਅਕਤੀ ਪ੍ਰਤੀ ਅਜਿਹੀ ਭਾਵਨਾ ਪੈਦਾ ਨਹੀਂ ਹੁੰਦੀ, ਤਾਂ ਇਸ ਲਈ ਉਹ ਜ਼ਿੰਮੇਵਾਰ ਹਨ।

2019 ਦੇ ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਪ੍ਰਧਾਨ ਮੰਤਰੀ ਉੱਤਰਾਖੰਡ ਦੇ ਕੇਦਾਰਨਾਥ ਗਏ ਅਤੇ ਉੱਥੇ ਗੁਫਾ ਵਿਚ ਧਿਆਨ ਅਤੇ ਸਿਮਰਨ ਕੀਤਾ। ਪ੍ਰਧਾਨ ਮੰਤਰੀ ਦੇ ਜਾਣ ਤੋਂ ਬਾਅਦ ਉਸ ਗੁਫਾ ’ਚ ਧਿਆਨ ਕਰਨ ਵਾਲੇ ਲੋਕਾਂ ਦੀ ਗਿਣਤੀ ਇੰਨੀ ਵਧ ਗਈ ਹੈ ਕਿ ਲੰਬੀ ਉਡੀਕ ਤੋਂ ਬਾਅਦ ਵਾਰੀ ਆਉਂਦੀ ਹੈ। ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੂੰ ਕਿਸੇ ਵੀ ਧਾਰਮਿਕ ਸਥਾਨ, ਅਧਿਆਤਮਕ ਸਥਾਨ, ਪ੍ਰੇਰਨਾ ਦੇ ਕੇਂਦਰ, ਪੂਜਾ ਸਥਾਨ ਜਾਂ ਹੋਰ ਕਿਤੇ ਵੀ ਜਾਣ ਅਤੇ ਅਜਿਹਾ ਕੁਝ ਕਰਨ ਤੋਂ ਕੋਈ ਨਹੀਂ ਰੋਕ ਰਿਹਾ। ਜੇਕਰ ਉਹ ਇਸ ਗੱਲ ਨੂੰ ਨਹੀਂ ਸਮਝਦੇ ਜਾਂ ਸਿਆਸਤ ਤੋਂ ਪਰ੍ਹੇ ਅਧਿਆਤਮਕ ਨਜ਼ਰੀਏ ਤੋਂ ਕੁਝ ਕਰਨ ਬਾਰੇ ਨਹੀਂ ਸੋਚ ਸਕਦੇ ਤਾਂ ਇਹ ਉਨ੍ਹਾਂ ਦੀ ਸਮੱਸਿਆ ਹੈ।

ਇਹ ਮੰਨਣਾ ਮੁਨਾਸਿਬ ਨਹੀਂ ਲੱਗਦਾ ਕਿ ਜਿਹੜੇ ਵੋਟਰ ਪਹਿਲਾਂ ਕਿਸੇ ਹੋਰ ਨੂੰ ਵੋਟ ਪਾਉਣ ਦਾ ਮਨ ਬਣਾ ਚੁੱਕੇ ਸਨ, ਉਹ ਅਜਿਹੇ ਸਿਮਰਨ ਜਾਂ ਪੂਜਾ-ਪਾਠ ਦੀ ਮੀਡੀਆ ਕਵਰੇਜ ਦੇ ਪ੍ਰਭਾਵ ਹੇਠ ਅਚਾਨਕ ਮੁੜ ਕੇ ਭਾਜਪਾ ਨੂੰ ਵੋਟ ਪਾਉਣ ਲੱਗ ਜਾਣਗੇ। ਵੋਟਰਾਂ ਕੋਲ ਵੀ ਸਹੀ-ਗ਼ਲਤ ਦਾ ਫ਼ੈਸਲਾ ਕਰਨ ਦਾ ਤਰਕ ਹੈ।

ਜੇਕਰ ਵਿਰੋਧੀ ਧਿਰ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੋਟਰਾਂ ਨੂੰ ਲੁਭਾਉਣ ਦੀ ਰਣਨੀਤੀ ਮੰਨਦੀ ਹੈ ਤਾਂ ਉਸ ਨੂੰ ਇਸ ਦਾ ਮੁਕਾਬਲਾ ਕਰਨ ਦੀ ਰਣਨੀਤੀ ਵੀ ਅਪਨਾਉਣੀ ਚਾਹੀਦੀ ਹੈ। ਇਸ ਦੇ ਉਲਟ ਜਦੋਂ ਉਹ ਹੰਗਾਮਾ ਮਚਾ ਕੇ ਚੋਣ ਕਮਿਸ਼ਨ ਕੋਲ ਜਾਂਦੇ ਹਨ ਤਾਂ ਭਾਜਪਾ ਦੇ ਸਮਰਥਕਾਂ ਦੇ ਨਾਲ-ਨਾਲ ਹਿੰਦੂਤਵ ਪ੍ਰਤੀ ਸੰਵੇਦਨਸ਼ੀਲ ਵੋਟਰਾਂ ਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਅਸਲ ਵਿਚ ਸਨਾਤਨ ਅਤੇ ਹਿੰਦੂਤਵ ਵਿਰੋਧੀ ਹੈ। ਇਸ ਲਈ ਇਸ ਵਿਵਹਾਰ ਨੂੰ ਰਣਨੀਤਕ ਗਲਤੀ ਮੰਨਣ ਵਿਚ ਕੋਈ ਹਰਜ਼ ਨਹੀਂ ਹੈ। ਪ੍ਰਧਾਨ ਮੰਤਰੀ ਦੇ ਧਿਆਨ ਅਭਿਆਸ ਨੂੰ ਸਿਆਸੀ ਮੁੱਦਾ ਬਣਾਉਣ ਵਿਚ ਵਿਰੋਧੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ।

ਜੇਕਰ ਇੰਨਾ ਤਿੱਖਾ ਅਤੇ ਹਮਲਾਵਰ ਵਿਰੋਧ ਨਾ ਹੋਇਆ ਹੁੰਦਾ ਤਾਂ ਮੁੱਖ ਮੀਡੀਆ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਲੋਕਾਂ ਵਿਚ ਵੀ ਇਸ ਬਾਰੇ ਇੰਨੀ ਚਰਚਾ ਨਾ ਹੁੰਦੀ। ਜੇਕਰ ਕਿਸੇ ਵੀ ਦੇਸ਼ ਦਾ ਕੋਈ ਵੀ ਚੋਟੀ ਦਾ ਆਗੂ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਰਾਸ਼ਟਰਪਤੀ, ਸਿਮਰਨ ਕਰਨ ਜਾਂ ਆਪਣੇ ਅਧਿਆਤਮਕ ਸੰਸਕਾਰ ਕਰਨ ਜਾਂ ਛੁੱਟੀਆਂ ’ਤੇ ਜਾਂਦਾ ਹੈ, ਤਾਂ ਉਸ ਨੂੰ ਮੀਡੀਆ ਕਵਰੇਜ ਮਿਲੇਗੀ। ਜਦੋਂ ਤੱਕ ਪ੍ਰਧਾਨ ਮੰਤਰੀ ਉੱਥੇ ਰਹੇ, ਉਦੋਂ ਤੱਕ ਭਾਰਤ ਤੋਂ ਹੀ ਨਹੀਂ ਸਗੋਂ ਪੂਰੀ ਦੁਨੀਆ ਤੋਂ ਸਰਗਰਮ ਮੀਡੀਆ ਅਤੇ ਪੱਤਰਕਾਰਾਂ ਦਾ ਇਕੱਠ ਸੀ। ਤੁਸੀਂ ਇਸ ਨੂੰ ਰੋਕ ਨਹੀਂ ਸਕਦੇ।

ਪਰ ਉਨ੍ਹਾਂ ਦੀ ਸਮੱਸਿਆ ਵੱਖਰੀ ਹੈ। ਆਗੂਆਂ ਦੇ ਮਨਾਂ ਵਿਚ ਇਹ ਭਾਵਨਾ ਹੈ ਕਿ ਜੇਕਰ ਉਹ ਅਜਿਹਾ ਕੁਝ ਕਰਦੇ ਹਨ ਤਾਂ ਸਾਡੀਆਂ ਮੁਸਲਿਮ ਵੋਟਾਂ ਖਿਸਕ ਸਕਦੀਆਂ ਹਨ। ਲੰਮੇ ਸਮੇਂ ਤੋਂ ਇਸ ਤਰ੍ਹਾਂ ਦੀ ਭੂਮਿਕਾ ਨੂੰ ਆਗੂਆਂ ਵੱਲੋਂ ਧਰਮਨਿਰਪੱਖ ਜਾਂ ਪੱਛੜੇਪਨ ਦੇ ਰੂਪ ਵਿਚ ਦੇਖਿਆ ਜਾਂਦਾ ਸੀ ਅਤੇ ਸਮਾਜ ਦਾ ਮਨੋਵਿਗਿਆਨ ਉਸੇ ਅਨੁਸਾਰ ਹੀ ਘੜਿਆ ਜਾਂਦਾ ਸੀ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਅਜਿਹਾ ਕੁਝ ਕਰਦੇ ਹਨ ਤਾਂ ਲੋਕਾਂ ਦੇ ਇਕ ਵੱਡੇ ਵਰਗ ਨੂੰ ਇਹ ਸਹਿਜ ਜਾਂ ਸੁਭਾਵਿਕ ਨਹੀਂ ਲੱਗਦਾ। ਵਿਵੇਕਾਨੰਦ ਰਾਕ ਮੈਮੋਰੀਅਲ ਦਾ ਦੌਰਾ ਕਰਨ ਵਾਲੇ ਜਾਂ ਪ੍ਰਸ਼ੰਸਾ ਕਰਨ ਵਾਲੇ ਜ਼ਿਆਦਾਤਰ ਆਗੂ ਸ਼ਾਇਦ ਇਹ ਨਹੀਂ ਜਾਣਦੇ ਕਿ ਇਸ ਦੇ ਨਿਰਮਾਣ ਵਿਚ ਵੀ ਰਾਸ਼ਟਰੀ ਸਵੈਮਸੇਵਕ ਸੰਘ ਦੀ ਵੱਡੀ ਭੂਮਿਕਾ ਸੀ।

1963 ਵਿਚ, ਸਵਾਮੀ ਵਿਵੇਕਾਨੰਦ ਦੀ ਜਨਮ ਸ਼ਤਾਬਦੀ ਦੌਰਾਨ, ਲੋਕਾਂ ਨੇ ਉਸ ਚੱਟਾਨ ਦੇ ਨੇੜੇ ਇਕ ਯਾਦਗਾਰ ਬਣਾਉਣ ਦਾ ਫੈਸਲਾ ਕੀਤਾ ਪਰ ਉਹ ਸਫਲ ਨਹੀਂ ਹੋਏ। ਸੰਘ ਨੇ ਇਸ ਕੰਮ ਲਈ ਆਪਣੇ ਤਤਕਾਲੀ ਸੀਨੀਅਰ ਪ੍ਰਚਾਰਕ ਏਕਨਾਥ ਰਾਨਾਡੇ ਨੂੰ ਲਗਾਇਆ ਸੀ। ਇਸ ਦੇ ਲਈ ਉਸ ਨੇ ਲੋਕਾਂ ਨੂੰ ਜੋੜਿਆ, ਮੀਟਿੰਗਾਂ ਕੀਤੀਆਂ, ਸਰਕਾਰਾਂ ਨਾਲ ਸੰਪਰਕ ਕੀਤਾ, ਚੰਦਾ ਇਕੱਠਾ ਕੀਤਾ ਅਤੇ ਫਿਰ ਬੜੀ ਮੁਸ਼ਕਲ ਨਾਲ ਇਸ ਨੂੰ ਬਣਾਇਆ ਗਿਆ। ਉਸ ਸਮੇਂ ਤਮਿਲਨਾਡੂ ਦੇ ਮੁੱਖ ਮੰਤਰੀ ਭਗਤਵਤਸਲਮ ਨੇ ਯਾਦਗਾਰ ਵਿਚ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਤਤਕਾਲੀ ਕੇਂਦਰੀ ਸੱਭਿਆਚਾਰ ਮੰਤਰੀ ਹੁਮਾਯੂੰ ਕਬੀਰ ਨੇ ਵੀ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੰਘ ਨੇ ਫੈਸਲਾ ਲਿਆ ਸੀ ਅਤੇ ਉਨ੍ਹਾਂ ਦੇ ਲੋਕ ਲੱਗੇ ਹੋਏ ਸਨ, ਇਸ ਲਈ ਉਹ ਲੱਗੇ ਰਹੇ। ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ। 300 ਤੋਂ ਵੱਧ ਸੰਸਦ ਮੈਂਬਰਾਂ ਤੋਂ ਹਸਤਾਖਰ ਸਮਰਥਨ ਇਕੱਤਰ ਕੀਤਾ ਗਿਆ ਸੀ। ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੇ ਇਸ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਸੀ। ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ 1 ਤੋਂ 5 ਰੁਪਏ ਦਾ ਦਾਨ ਲਿਆ ਗਿਆ ਅਤੇ ਮਾਹੌਲ ਬਣਨ ਤੋਂ ਬਾਅਦ ਸੂਬਾ ਸਰਕਾਰਾਂ ਨੇ ਵੀ 1 ਲੱਖ ਰੁਪਏ ਦਾ ਯੋਗਦਾਨ ਪਾਇਆ।

1972 ਵਿਚ, ਵਿਵੇਕਾਨੰਦ ਕੇਂਦਰ ਦੀ ਸਥਾਪਨਾ ਕੀਤੀ ਗਈ ਸੀ ਜੋ ਉੱਥੇ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਅਜਿਹੀ ਆਲੋਚਨਾ ਸਿਰਫ਼ ਲੰਬੇ ਸਮੇਂ ਤੋਂ ਪੈਦਾ ਹੋਏ ਅਤੇ ਕੁਦਰਤੀ ਪੱਖਪਾਤ ਦਾ ਨਤੀਜਾ ਹੈ। ਉਥੋਂ ਹੀ ਅਜਿਹੇ ਵਿਰੋਧ ਪੈਦਾ ਹੁੰਦੇ ਹਨ ਜਿਨ੍ਹਾਂ ਦਾ ਆਮ ਲੋਕਾਂ ’ਤੇ ਕੋਈ ਅਸਰ ਨਹੀਂ ਹੁੰਦਾ।

ਅਵਧੇਸ਼ ਕੁਮਾਰ


Rakesh

Content Editor

Related News