ਕਲੀਨ ਸਵੀਪ ਨਾਲ ਇਤਿਹਾਸ ਰਚੇਗਾ ਭਾਰਤ!

08/12/2017 1:41:44 AM

ਪੱਲੇਕੇਲੇ— ਸ਼੍ਰੀਲੰਕਾ ਵਿਰੁੱਧ ਪਿਛਲੇ ਦੋਵਾਂ ਮੈਚਾਂ 'ਚ ਸ਼ਾਨਦਾਰ ਜਿੱਤ ਨਾਲ ਲੜੀ 'ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਦੀਆਂ ਨਜ਼ਰਾਂ ਹੁਣ ਪੱਲੇਕੇਲੇ 'ਚ ਸ਼ਨੀਵਾਰ ਤੋਂ ਸ਼ੁਰੂ ਹੋਣ ਜਾ ਰਹੇ ਤੀਜੇ ਤੇ ਆਖਰੀ ਟੈਸਟ ਦੇ ਨਾਲ ਲੜੀ ਵਿਚ 3-0 ਦੀ ਕਲੀਨ ਸਵੀਪ ਕਰ ਕੇ ਇਤਿਹਾਸ ਰਚਣ 'ਤੇ ਲੱਗੀਆਂ ਹੋਈਆਂ ਹਨ। ਭਾਰਤ ਨੇ 85 ਸਾਲ ਦੇ ਇਤਿਹਾਸ 'ਚ ਸਿਰਫ ਇਕ ਵਾਰ ਹੀ ਵਿਦੇਸ਼ੀ ਮੈਦਾਨ 'ਤੇ ਲੜੀ ਵਿਚ ਤਿੰਨ ਟੈਸਟ ਜਿੱਤੇ ਹਨ ਤੇ ਹੁਣ ਸਟਾਰ ਖਿਡਾਰੀ ਤੇ ਕਪਤਾਨ ਵਿਰਾਟ ਦੀ ਅਗਵਾਈ 'ਚ ਇਕ ਵਾਰ ਫਿਰ ਟੀਮ ਇੰਡੀਆ ਕੋਲ ਇਤਿਹਾਸ ਰਚਣ ਦਾ ਮੌਕਾ ਹੈ। ਭਾਰਤ ਨੇ ਵਿਰਾਟ ਦੀ ਹੀ ਅਗਵਾਈ ਵਿਚ 22 ਸਾਲ ਦੇ ਫਰਕ 'ਤੇ ਪਿਛਲੇ ਸ਼੍ਰੀਲੰਕਾ ਦੌਰੇ 'ਚ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ ਤੇ ਇਸ ਵਾਰ ਕਪਤਾਨ 3-0 ਨਾਲ ਕਲੀਨ ਸਵੀਪ ਕਰਨ ਦੇ ਨੇੜੇ ਹੈ।
ਦੇਸ਼ ਦੇ ਸਫਲ ਕਪਤਾਨਾਂ 'ਚ ਸ਼ਾਮਲ ਹੋ ਚੁੱਕੇ 28 ਸਾਲ ਦੇ ਵਿਰਾਟ ਦੀ ਅਗਵਾਈ ਵਾਲੀ ਨੰਬਰ ਇਕ ਟੈਸਟ ਟੀਮ ਦੇ ਖਿਡਾਰੀਆਂ ਵਿਚ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੱਲੇਕੇਲੇ 'ਚ ਮੇਜ਼ਬਾਨ ਟੀਮ ਨੂੰ ਹਰਾਉਣ ਦਾ ਮੌਕਾ ਰਹੇਗਾ, ਜਦਕਿ ਸ਼੍ਰੀਲੰਕਾਈ ਟੀਮ ਇਸ ਮੈਚ 'ਚ ਹਾਰ ਟਾਲ ਕੇ ਆਪਣਾ ਸਨਮਾਨ ਬਚਾਉਣਾ ਚਾਹੇਗੀ। ਭਾਰਤ ਨੇ ਪਹਿਲੇ ਗਾਲੇ ਟੈਸਟ ਵਿਚ ਸ਼੍ਰੀਲੰਕਾ ਨੂੰ 304 ਦੌੜਾਂ ਤੇ ਦੂਜੇ ਟੈਸਟ ਵਿਚ ਪਾਰੀ ਤੇ 53 ਦੌੜਾਂ ਨਾਲ ਸ਼ਾਨਦਾਰ ਜਿੱਤ ਆਪਣੇ ਨਾਂ ਕੀਤੀ ਸੀ।
ਹਾਲਾਂਕਿ ਭਾਰਤੀ ਟੀਮ ਨੂੰ ਇਸ ਮੈਚ ਵਿਚ ਵੀ ਪੂਰੀ ਤਾਕਤ ਦਿਖਾਉਣੀ ਪਵੇਗੀ ਕਿਉਂਕਿ ਭਾਵੇਂ ਹੀ ਨਤੀਜੇ ਦੇ ਲਿਹਾਜ਼ ਨਾਲ ਇਹ ਅਹਿਮ ਨਾ ਹੋਵੇ ਪਰ ਮੇਜ਼ਬਾਨ ਟੀਮ ਇਸ ਮੈਚ 'ਚ ਵਾਪਸੀ ਕਰਨ ਲਈ ਜ਼ਰੂਰ ਸਖਤ ਕੋਸ਼ਿਸ਼ ਕਰੇਗੀ। ਸ਼੍ਰੀਲੰਕਾਈ ਟੀਮ ਪਿਛਲੇ ਮੈਚਾਂ 'ਚ ਸ਼ਰਮਨਾਕ ਹਾਰ ਨਾਲ ਪਹਿਲਾਂ ਹੀ ਦਬਾਅ ਵਿਚ ਹੈ ਤੇ ਖੁਦ ਉਸ ਦੇ ਖੇਡ ਮੰਤਰੀ ਤਕ ਨੇ ਖਿਡਾਰੀਆਂ ਦੀ ਸਖਤ ਆਲੋਚਨਾ  ਕੀਤੀ ਹੈ। ਬਦਲਾਅ ਦੇ ਦੌਰ 'ਚੋਂ ਲੰਘ ਰਹੀ ਟੀਮ ਦੇ ਖਿਡਾਰੀਆਂ ਦੀ ਫਿੱਟਨੈੱਸ ਵੀ ਉਨ੍ਹਾਂ ਲਈ ਸਿਰਦਰਦੀ ਬਣੀ ਹੋਈ ਹੈ।
ਕਪਤਾਨ ਦਿਨੇਸ਼ ਚਾਂਦੀਮਲ, ਆਲਰਾਊਂਡਰ ਅਸਾਕਾ ਗੁਣਾਰਤਨੇ, ਲੈਫਟ ਆਰਮ ਸਪਿਨਰ ਰੰਗਨਾ ਹੇਰਾਥ ਤੇ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਸਾਰੇ ਪਿਛਲੇ ਮੈਚਾਂ ਵਿਚ ਫਿੱਟਨੈੱਸ ਸਮੱਸਿਆ ਝੱਲ ਚੁੱਕੇ ਹਨ। ਹਾਲਾਂਕਿ ਚਾਂਦੀਮਲ ਨਿਮੋਨੀਆ ਤੋਂ ਉੱਭਰਨ ਤੋਂ ਬਾਅਦ ਵਾਪਸੀ ਕਰ ਚੁੱਕਾ ਹੈ ਪਰ ਬਾਕੀ ਖਿਡਾਰੀ ਬਾਹਰ ਹਨ। ਪੱਲੇਕੇਲੇ ਟੈਸਟ ਲਈ 14 ਮੈਂਬਰੀ ਸ਼੍ਰੀਲੰਕਾਈ ਟੀਮ ਵਿਚ ਦੁਸ਼ਮੰਤਾ ਚਮੀਰਾ ਤੇ ਲਾਹਿਰੂ ਗਮਾਗੇ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਬੱਲੇਬਾਜ਼ ਦਨੁਸ਼ਕਾ ਗੁਣਾਥਿਲਾਕਾ ਨੂੰ ਆਖਰੀ ਮੈਚ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਸਾਫ ਹੈ ਕਿ ਸ਼੍ਰੀਲੰਕਾਈ ਟੀਮ ਪੱਲੇਕੇਲੇ ਵਿਚ ਕਾਫੀ ਤਬਦੀਲੀਆਂ ਨਾਲ ਉਤਰੇਗੀ ਤੇ ਉਸ ਦੀ ਕੋਸ਼ਿਸ਼ ਇਸ ਵਾਰ ਬਿਹਤਰੀਨ ਨਤੀਜਾ ਕੱਢਣ ਦੀ ਰਹੇਗੀ।


Related News