ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਕੌਮ ਨੂੰ ਜਾਣੂ ਕਰਵਾਉਣਾ ਸਾਡਾ ਫਰਜ਼ : ਜਥੇਦਾਰ ਹਰਪ੍ਰੀਤ ਸਿੰਘ
Sunday, Jun 16, 2024 - 12:05 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ਦੇ ਦੌਰੇ 'ਤੇ ਆਏ ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੀ ਬ੍ਰਿਸਬੇਨ ਫੇਰੀ ਦੌਰਾਨ ਗੁਰਦੁਆਰਾ ਸਾਹਿਬ ਬ੍ਰਿਸਬੇਨ ਲੋਗਨ ਰੋਡ ਅਤੇ ਗੁਰਦੁਆਰਾ ਸਾਹਿਬ ਕੌਮੀ ਸ਼ਹੀਦਾਂ ਵਿਖੇ ਨਤਮਸਤਕ ਹੋਏ। ਇਸ ਮੌਕੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਿੰਘ ਸਾਹਿਬ ਜੀ ਵੱਲੋਂ ਘੱਲੂਘਾਰਾ 1984 ਦੇ ਸ਼ਹੀਦਾਂ ਨੂੰ ਸਮਰਪਿਤ ਬਹੁਤ ਹੀ ਵੱਡੇ ਪੱਧਰ ਲਗਾਈ ਗਈ ਪ੍ਰਦਰਸ਼ਨੀ ਵਿਚ ਵੀ ਹਾਜ਼ਰੀ ਭਰੀ ਗਈ।
ਜਥੇਦਾਰ ਵੱਲੋ ਇਸ ਪ੍ਰਦਰਸ਼ਨੀ ਸਬੰਧੀ ਆਪਣੇ ਵਿਚਾਰ ਦਿੰਦਿਆ ਕਿਹਾ ਕਿ ਗੁਰੂ ਸਹਿਬਾਨ ਅਤੇ ਸ਼ਹੀਦਾਂ ਵੱਲੋ ਦੇਸ਼ ਕੌਮ ਲਈ ਦਿੱਤੀਆ ਗਈਆ ਕੁਰਬਾਨੀਆਂ ਸਿੱਖਾਂ ਦੇ ਗੋਰਵਮਈ ਇਤਿਹਾਸ ਦੀ ਗਵਾਹੀ ਭਰਦੀਆਂ ਹਨ, ਇਸ ਤਰਾਂ ਸ਼ਹੀਦਾਂ ਦੀਆਂ ਪ੍ਰਦਰਸ਼ਨੀ ਲਗਾ ਕੇ ਅਜੋਕੀ ਪੀੜੀ ਨੂੰ ਸਾਡੇ ਇਤਿਹਾਸ ਬਾਰੇ ਜਾਣੂ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਜਿਸ ਤੋਂ ਅਜੋਕੀ ਪੀੜੀ ਸੇਧ ਲੈ ਸਕੇ। ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਚੱਲ ਰਹੀ ਇਹ ਪ੍ਰਦਰਸ਼ਨੀ ਦਾ ਸਮਾਂ ਸੰਗਤ ਦੀ ਬੇਨਤੀ ਅਤੇ ਹੁਣ ਵਧਾ ਕੇ 23 ਜੂਨ ਦਿਨ ਐਤਵਾਰ ਤੱਕ ਕਰ ਦਿੱਤਾ ਗਿਆ ਹੈ। ਜੋ ਵੀ ਸੰਗਤ ਇਸ ਪ੍ਰਦਰਸ਼ਨੀ ਚ ਨਹੀ ਪਹੁੰਚ ਸਕੀ, ਪ੍ਰਬੰਧਕਾਂ ਵੱਲੋ ਬੇਨਤੀ ਹੈ ਕਿ ਉਹ ਇਕ ਵਾਰ ਪਰਿਵਾਰ ਸਮੇਤ ਪ੍ਰਦਰਸ਼ਨੀ ਚ ਹਾਜ਼ਰੀ ਜਰੂਰ ਭਰਨ।