IND vs WI 1st T20: ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ

12/06/2019 10:27:38 PM

ਹੈਦਰਾਬਾਦ- ਕਪਤਾਨ ਵਿਰਾਟ ਕੋਹਲੀ ਦੀ ਅਜੇਤੂ 94 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਤੇ ਓਪਨਰ ਲੋਕੇਸ਼ ਰਾਹੁਲ (62) ਦੇ ਬਿਹਤਰੀਨ ਅਰਧ ਸੈਂਕੜੇ ਅਤੇ ਦੋਵਾਂ ਵਿਚਾਲੇ ਦੂਜੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ ਪਹਿਲੇ ਟੀ-20  ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਟੀਚੇ ਦਾ ਪਿੱਛਾ ਕਰਦਿਆਂ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ। ਭਾਰਤ ਨੇ ਇਸ ਜਿੱਤ ਦੇ ਨਾਲ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਵੀ ਬਣਾ ਲਈ। ਭਾਰਤ ਦੀ ਜਿੱਤ ਦਾ ਹੀਰੋ ਕਪਤਾਨ ਵਿਰਾਟ ਰਿਹਾ, ਜਿਸ ਨੇ ਸਿਰਫ 50 ਗੇਂਦਾਂ ਵਿਚ 6 ਚੌਕਿਆਂ ਤੇ 6 ਹੀ ਛੱਕਿਆਂ ਦੀ ਮਦਦ ਨਾਲ ਅਜੇਤੂ 94 ਦੌੜਾਂ ਦੀ ਆਪਣੀ ਸਰਵਸ੍ਰੇਸ਼ਠ ਤੇ ਮੈਚ ਜੇਤੂ ਪਾਰੀ ਖੇਡੀ, ਜਿਸ ਦੇ ਲਈ ਉਸ ਨੂੰ 'ਮੈਨ ਆਫ ਦਿ ਮੈਚ' ਦਾ ਐਵਾਰਡ ਮਿਲਿਆ।

PunjabKesari
ਵੈਸਟਇੰਡੀਜ਼ ਨੇ ਸ਼ਿਮਰੋਨ ਹੈੱਟਮਾਇਰ (56) ਦੇ ਬਿਹਤਰੀਨ ਅਰਧ ਸੈਂਕੜੇ ਤੇ ਓਪਨਰ ਐਵਿਨ ਲੂਈਸ ਦੀ 40 ਦੌੜਾਂ ਤੇ ਕਪਤਾਨ ਕੀਰੋਨ ਪੋਲਾਰਡ ਦੀ 37 ਦੌੜਾਂ ਦੀਆਂ ਧਮਾਕੇਦਾਰ ਪਾਰੀਆਂ ਨਾਲ 20 ਓਵਰਾਂ ਵਿਚ 5 ਵਿਕਟਾਂ 'ਤੇ 207 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਭਾਰਤ ਨੇ ਆਪਣੇ ਕਪਤਾਨ ਦੀ ਵਿਰਾਟ ਪਾਰੀ ਨਾਲ 18.4 ਓਵਰਾਂ ਵਿਚ ਹੀ 4 ਵਿਕਟਾਂ 'ਤੇ 209 ਦੌੜਾਂ ਬਣਾ ਕੇ 8 ਗੇਂਦਾਂ ਬਾਕੀ ਰਹਿੰਦਿਆਂ ਹੀ ਮੈਚ ਖਤਮ ਕਰ ਦਿੱਤਾ।
ਭਾਰਤ ਦੀ ਟੀਚੇ ਦਾ ਪਿੱਛਾ ਕਰਦਿਆਂ ਇਹ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ 2009 ਵਿਚ ਮੋਹਾਲੀ ਵਿਚ ਸ਼੍ਰੀਲੰਕਾ ਵਿਰੁੱਧ 207 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ ਤੇ ਇਸ ਵਾਰ ਉਸ ਨੇ 2008 ਦੌੜਾਂ ਦਾ ਟੀਚਾ ਹਾਸਲ ਕੀਤਾ। ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਦੇ ਜਲਦੀ ਆਊਟ ਹੋਣ ਤੋਂ ਬਾਅਦ ਰਾਹੁਲ ਤੇ ਵਿਰਾਟ ਨੇ ਦੂਜੀ ਵਿਕਟ ਲਈ 100 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ। ਦੋਵਾਂ ਭਾਰਤੀ ਬੱਲੇਬਾਜ਼ਾਂ ਨੇ ਸਹਿਜਤਾ ਨਾਲ ਬੱਲੇਬਾਜ਼ੀ ਕੀਤੀ ।
ਇਸ ਸਾਂਝੇਦਾਰੀ ਦੌਰਾਨ ਰਾਹੁਲ ਜ਼ਿਆਦਾ ਹਮਲਾਵਰ ਰਿਹਾ, ਜਦਕਿ ਦੂਜੇ ਪਾਸੇ ਵਿਰਾਟ ਨੇ ਉਸਦਾ ਟਿਕ ਕੇ ਸਾਥ ਦੇਣਾ ਹੀ ਬਿਹਤਰ ਸਮਝਿਆ। ਰਾਹੁਲ ਨੇ 40 ਗੇਂਦਾਂ 'ਤੇ 5 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 62 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰਾਹੁਲ ਦਾ ਟੀ-20 ਵਿਚ ਇਹ 7ਵਾਂ ਅਰਧ ਸੈਂਕੜਾ ਸੀ ਤੇ ਇਸਦੇ ਨਾਲ ਹੀ ਉਸ ਨੇ ਆਪਣੇ 32ਵੇਂ ਟੀ-20 ਮੈਚਾਂ ਵਿਚ 1000 ਦੌੜਾਂ ਪੂਰੀਆਂ ਕਰਨ ਦੀ ਉਪਲੱਬਧੀ ਹਾਸਲ ਕਰ ਲਈ।
ਰਾਹੁਲ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਨੇ ਮੋਰਚਾ ਸੰਭਾਲਿਆ ਤੇ ਦੌੜ ਗਤੀ ਦੀ ਤੇਜ਼ੀ ਨੂੰ ਬਰਕਰਾਰ ਰੱਖਿਆ। ਵਿਰਾਟ ਨੇ ਆਪਣਾ 23ਵਾਂ ਟੀ-20 ਅਰਧ ਸੈਂਕੜਾ ਪੂਰਾ ਕੀਤਾ ਤੇ ਸਭ ਤੋਂ ਵੱਧ ਟੀ-20 ਅਰਧ ਸੈਂਕੜੇ ਬਣਾਉਣ ਦੇ ਮਾਮਲੇ ਵਿਚ ਰੋਹਿਤ (22) ਤੋਂ ਅੱਗੇ ਨਿਕਲ ਗਿਆ। ਵਿਰਾਟ ਨੇ 19ਵੇਂ ਓਵਰ ਵਿਚ ਦੂਜੀ ਤੇ ਚੌਥੀ ਗੇਂਦ 'ਤੇ ਛੱਕੇ ਲਾ ਕੇ ਮੈਚ ਖਤਮ ਕਰ ਦਿੱਤਾ ਤੇ ਨਾਲ ਹੀ 90 ਦੌੜਾਂ ਦੇ ਆਪਣੇ ਸਰਵਸੇਸ਼ਠ ਸਕੋਰ ਨੂੰ ਪਿੱਛੇ ਛੱਡ ਦਿੱਤਾ, ਜਿਹੜਾ ਉਸ ਨੇ ਆਸਟਰੇਲੀਆ ਵਿਰੁੱਧ ਐਡੀਲੇਡ ਵਿਚ 2016 ਵਿਚ ਬਣਾਇਆ ਸੀ। ਇਸ ਤੋਂ ਪਹਿਲਾਂ ਟੀਚੇ ਦਾ ਪਿੱਛਾ ਕਰਨ ਵਿਚ ਭਾਰਤ ਦੇ ਚੰਗੇ ਰਿਕਾਰਡ ਤੇ ਬਾਅਦ ਵਿਚ ਗੇਂਦਬਾਜ਼ੀ ਕਰਦੇ ਹੋਏ ਤ੍ਰੇਲ ਦੇ ਪ੍ਰਭਾਵ ਨੂੰ ਧਿਆਨ ਵਿਚ ਰੱਖ ਕੇ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਭਾਰਤੀ ਫੀਲਡਿੰਗ ਚੰਗੀ ਨਹੀਂ ਰਹੀ ਤੇ ਉਸ ਨੇ ਕੁਝ ਕੈਚ ਛੱਡੇ, ਜਿਨ੍ਹਾਂ ਦਾ ਕੈਰੇਬੀਆਈ ਬੱਲੇਬਾਜ਼ਾਂ ਨੇ ਪੂਰਾ ਫਾਇਦਾ ਚੁੱਕਿਆ।

ਪਲੇਇੰਗ ਇਲੈਵਨ —
ਭਾਰਤ—ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ,ਰਿਸ਼ਭ ਪੰਤ, ਸ਼੍ਰੇਅਸ ਅਈਅਰ,ਸ਼ਿਵਮ ਦੂਬੇ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਾਹਲ, ਦੀਪਕ ਚਾਹਰ, ਭੁਵਨੇਸ਼ਵਰ ਕੁਮਾਰ ।
ਵੈਸਟਇੰਡੀਜ਼- ਕੀਰੋਨ ਪੋਲਾਰਡ (ਕਪਤਾਨ), ਬ੍ਰੈਂਡਨ ਕਿੰਗ, ਦਿਨੇਸ਼ ਰਾਮਦੀਨ,ਸ਼ੈਲਡਨ ਕੋਟਰੈੱਲ, ਐਵਿਨ ਲੂਈਸ, ਸ਼ਿਮਰੋਨ ਹੈੱਟਮਾਇਰ, ਖਾਰੀ ਪਿਯਰੇ, ਲੇਂਡਿਲ ਸਿਮਨਸ, ਜੇਸਨ ਹੋਲਡਰ,ਕੇਸਰਿਕ ਵਿਲੀਅਮਸ, ਹੇਡਨ ਵਾਲਸ਼।


Related News