IND v WI : ਭਾਰਤ ਨੇ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ
Sunday, Feb 06, 2022 - 07:40 PM (IST)
ਅਹਿਮਦਾਬਾਦ- ਸਪਿਨਰਾਂ ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ 60 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤ ਨੇ 3 ਮੈਚਾਂ ਦੀ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦਾ ਇਹ 1000ਵਾਂ ਵਨ ਡੇ ਮੈਚ ਹੈ, ਜਿਸ ਵਿਚ ਉਸ ਨੇ ਜਿੱਤ ਲਈ ਮਿਲੇ 177 ਦੌੜਾਂ ਦੇ ਟੀਚੇ ਨੂੰ ਸਿਰਫ 28 ਓਵਰਾਂ ਵਿਚ 4 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਭਾਰਤੀ ਟੀਮ ਦੀ ਸਾਲ ਦੀ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੌਰੇ 'ਤੇ ਉਸ ਨੂੰ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਨੇ 51 ਗੇਂਦਾਂ ਦੀ ਪਾਰੀ ਵਿਚ 10 ਚੌਕੇ ਅਤੇ 1 ਛੱਕਾ ਲਗਾਇਆ। ਉਸ ਨੂੰ ਇਸ਼ਾਨ ਕਿਸ਼ਨ ਦਾ ਚੰਗਾ ਸਾਥ ਮਿਲਿਆ ਤੇ ਦੋਵਾਂ ਨੇ ਪਹਿਲੀ ਵਿਕਟ ਦੇ ਲਈ 84 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਨੀਂਹ ਰੱਖੀ।
ਨਵੇਂ ਕਪਤਾਨ ਰੋਹਿਤ ਦੀ ਅਗਵਾਈ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕਰਨ ਤੋਂ ਬਾਅਦ ਯੁਜਵੇਂਦਰ ਚਾਹਲ ਅਤੇ ਵਾਸ਼ਿੰਗਟਨ ਸੁੰਦਰ ਦੀ ਫਿਰਕੀ ਗੇਂਦਬਾਜ਼ੀ ਨਾਲ ਭਾਰਤ ਨੇ ਵੈਸਟਇੰਡੀਜ਼ ਦੀ ਟੀਮ ਨੂੰ 43.5 ਓਵਰਾਂ ਵਿਚ 176 ਦੌੜਾਂ 'ਤੇ ਢੇਰ ਕਰ ਦਿੱਤਾ। ਚਾਹਲ ਨੇ 9.5 ਓਵਰਾਂ ਵਿਚ 49 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ ਜਦਕਿ 9 ਓਵਰਾਂ ਵਿਚ 30 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਪ੍ਰਸਿੱਧ ਕ੍ਰਿਸ਼ਣਾ ਨੂੰ 2 ਅਤੇ ਮੁਹੰਮਦ ਸਿਰਾਜ ਨੂੰ 1 ਸਫਲਤਾ ਮਿਲੀ।
ਵੈਸਟਇੰਜੀਦਡ ਦੀ ਟੀਮ ਇਕ ਸਮੇਂ 23ਵੇਂ ਓਵਰ ਵਿਚ 79 ਦੌੜਾਂ 'ਤੇ 7 ਵਿਕਟਾਂ ਗੁਆ ਕੇ ਮੁਸ਼ਕਿਲ ਵਿਚ ਸੀ ਪਰ ਸਾਬਕਾ ਕਪਤਾਨ ਜੈਸਨ ਹੋਲਡਰ ਤੇ ਫੈਬਿਆਨ ਐਲਨ ਨੇ 8ਵੀਂ ਵਿਕਟ ਲਈ 78 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮੁਸ਼ਕਿਲ ਹਾਲਾਤ ਵਿਚੋਂ ਬਾਹਰ ਕੱਢਿਆ। ਹੋਲਡਰ ਨੇ 71 ਗੇਂਦਾਂ ਦੀ ਪਾਰੀ ਵਿਚ 4 ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਟੀਮ ਦਾ ਪਿੱਛਾ ਕਰਦਿਆਂ ਰੋਹਿਤ ਨੇ ਪਹਿਲੇ ਓਵਰ ਵਿਚ ਹੀ ਕੇਮਾਰ ਰੋਚ ਵਿਰੁੱਧ ਚੌਕਾ ਲਾਇਆ। ਦੂਜੇ ਪਾਸੇ 'ਤੇ ਸੰਭਲ ਕੇ ਬੱਲੇਬਾਜ਼ੀ ਕਰ ਰਹੇ ਇਸ਼ਾਨ ਨੇ 6ਵੇਂ ਓਵਰ ਵਿਚ ਹੋਲਡਰ ਵਿਰੁੱਧ ਚੌਕਾ ਲਾ ਕੇ ਆਪਣੇ ਹੱਥ ਖੋਲ੍ਹੇ। ਇਸ ਦੌਰਾਨ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਜਿੱਤ ਦੀ ਨੀਂਹ ਰੱਖੀ।
ਇਹ ਖ਼ਬਰ ਪੜ੍ਹੋ- IND v WI : ਇਤਿਹਾਸਕ ਵਨ ਡੇ ਮੈਚ 'ਚ ਚਾਹਲ ਨੇ ਬਣਾਇਆ ਇਹ ਰਿਕਾਰਡ
ਪਲੇਇੰਗ ਇਲੈਵਨ-
ਭਾਰਤ- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਦੀਪਕ ਹੁੱਡਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ, ਪ੍ਰਸਿੱਧ ਕ੍ਰਿਸ਼ਨਾ, ਮੁਹੰਮਦ ਸਿਰਾਜ।
ਵੈਸਟਇੰਡੀਜ਼- ਬ੍ਰੈਂਡਨ ਕਿੰਗ, ਸ਼ਾਈ ਹੋਪ, ਸ਼ਮਰ ਬਰੂਕਸ, ਡੈਰੇਨ ਬ੍ਰਾਵੋ, ਨਿਕੋਲਸ ਪੂਰਨ (ਵਿਕਟਕੀਪਰ), ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਫੈਬੀਅਨ ਐਲਨ, ਅਲਜ਼ਾਰੀ ਜੋਸੇਫ, ਕੇਮਾਰ ਰੋਚ, ਅਕੀਲ ਹੁਸੈਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।