IND v SL : ਭਾਰਤ ਨੇ ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਹਰਾਇਆ
Thursday, Feb 24, 2022 - 10:20 PM (IST)
ਲਖਨਊ-ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ( 56 ਗੇਂਦਾਂ ਵਿਚ 89 ਦੌੜਾਂ) ਅਤੇ ਸ਼੍ਰੇਅਸ ਅਈਅਰ (ਅਜੇਤੂ 56 ਦੌੜਾਂ) ਦੀ ਅਰਧ ਸੈਂਕੜੇ ਵਾਲੀਆਂ ਪਾਰੀਆਂ ਨਾਲ ਭਾਰਤ ਨੇ ਵੀਰਵਾਰ ਨੂੰ ਇੱਥੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਸ਼੍ਰੀਲੰਕਾ ਨੂੰ 62 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ ਹੈ। ਵੈਸਟਇੰਡੀਜ਼ ਦੇ ਵਿਰੁੱਧ ਪਿਛਲੀ ਸਫੇਦ ਗੇਂਦ ਦੀ ਸੀਰੀਜ਼ ਵਿਚ ਕਲੀਨ ਸਵੀਪ ਕਰਨ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਨੇ ਇਸ ਸੀਰੀਜ਼ ਵਿਚ ਵੀ ਸਕਾਰਾਤਮਕ ਸ਼ੁਰੂਆਤ ਕੀਤੀ।
ਇਹ ਖ਼ਬਰ ਪੜ੍ਹੋ- NZW v INDW : ਨਿਊਜ਼ੀਲੈਂਡ ਨੂੰ ਆਖਰੀ ਵਨ ਡੇ 'ਚ ਹਰਾ ਕੇ ਕਲੀਨ ਸਵੀਪ ਤੋਂ ਬਚਿਆ ਭਾਰਤ
ਇਹ ਭਾਰਤ ਦੀ ਟੀ-20 ਅੰਤਰਰਾਸ਼ਟਰੀ ਵਿਚ ਲਗਾਤਾਰ 10ਵੀਂ ਜਿੱਤ ਹੈ। ਟੀਮ ਨੇ ਈਸ਼ਾਨ ਅਤੇ ਸ਼੍ਰੇਅਸ ਅਈਅਰ ਦੀਆਂ ਪਾਰੀਆਂ ਨਾਲ 2 ਵਿਕਟਾਂ 'ਤੇ 199 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਸ਼੍ਰੀਲੰਕਾ ਦੀ ਟੀਮ ਚਰਿਥ ਅਸਾਲੰਕਾ (ਅਜੇਤੂ 53 ਦੌੜਾਂ) ਦੇ ਅਰਧ ਸੈਂਕੜੇ ਦੇ ਬਾਵਜੂਦ 20 ਓਵਰਾਂ ਵਿਚ 6 ਵਿਕਟਾਂ 'ਤੇ 137 ਦੌੜਾਂ ਹੀ ਬਣਾ ਸਕੀ। ਭਾਰਤ ਨੇ ਸੱਤ ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕਰਵਾਈ, ਜਿਸ ਵਿਚ ਅਨੁਭਵੀ ਭੁਵਨੇਸ਼ਵਰ ਕੁਮਾਰ (2 ਓਵਰਾਂ ਵਿਚ 9 ਦੌੜਾਂ 'ਤੇ 2 ਵਿਕਟਾਂ) ਨੇ ਸ਼੍ਰੀਲੰਕਾ ਨੂੰ 2 ਸ਼ੁਰੂਆਤੀ ਝਟਕੇ ਦਿੱਤੇ, ਜਿਸ ਨਾਲ ਟੀਮ ਉੱਭਰ ਨਹੀਂ ਸਕੀ। ਜਸਪ੍ਰੀਤ ਬੁਮਰਾਹ ਹਾਲਾਂਕਿ ਵਿਕਟ ਹਾਸਲ ਨਹੀਂ ਕਰ ਸਕੇ, ਉਨ੍ਹਾਂ ਨੇ ਤਿੰਨ ਓਵਰਾਂ ਵਿਚ 19 ਦੌੜਾਂ ਦਿੱਤੀਆਂ। ਵੈਂਕਟੇਸ਼ ਅਈਅਰ ਨੇ ਤਿੰਨ ਓਵਰਾਂ ਵਿਚ 36 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ, ਜਦਕਿ ਯੁਜਵੇਂਦਰ ਚਾਹਲ ਅਤੇ ਰਵਿੰਦਰ ਜਡੇਜਾ ਨੂੰ 1-1 ਵਿਕਟ ਹਾਸਲ ਹੋਇਆ। ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਨੇ ਪਹਿਲੇ ਵਿਕਟ ਦੇ ਲਈ 111 ਦੌੜਾਂ ਦੀ ਸਾਂਝੇਦਾਰੀ ਕਰ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਵੱਡੇ ਸਕੋਰ ਤੱਕ ਪਹੁੰਚਾਇਆ।
ਇਹ ਖ਼ਬਰ ਪੜ੍ਹੋ-ਇਸ ਕਾਰਨ ਨਹੀਂ ਖੇਡੇ ਰਿਤੂਰਾਜ ਗਾਇਕਵਾੜ ਪਹਿਲਾ ਮੈਚ, BCCI ਨੇ ਦੱਸੀ ਵਜ੍ਹਾ
ਸ਼੍ਰੀਲੰਕਾ ਦੀ ਸ਼ੁਰੂਆਤ ਕਾਫੀ ਖਰਾਬ ਰਹੀ, ਪਹਿਲੀ ਹੀ ਗੇਂਦ 'ਤੇ ਸਲਾਮੀ ਬੱਲੇਬਾਜ਼ ਪਾਥੁਮ ਨਿਸਾਂਕਾ ਦਾ ਵਿਕਟਾ ਗੁਆ ਦਿੱਤਾ, ਜਿਸ ਨੂੰ ਭੁਵਨੇਸ਼ਵਰ ਕੁਮਾਰ ਨੇ ਬੋਲਡ ਕੀਤਾ। ਭੁਵਨੇਸ਼ਵਰ ਕੁਮਾਰ ਨੇ ਤੀਜੇ ਓਵਰ ਵਿਚ ਦੂਜੇ ਸਲਾਮੀ ਬੱਲੇਬਾਜ਼ ਕਾਮਿਲ ਮਿਸ਼ਾਰਾ ਨੂੰ ਪਵੇਲੀਅਨ ਭੇਜ ਦਿੱਤਾ। ਜਾਨਿਥ (11), ਦਿਨੇਸ਼ ਚਾਂਦੀਮਲ (10), ਕਪਤਾਨ ਦਾਸੁਨ ਸ਼ਨਾਕਾ (03) ਵੀ ਜਲਦੀ-ਜਲਦੀ ਆਊਟ ਹੋ ਗਏ। ਚਾਮਿਕਾ ਕਰੁਣਾਰਤਨੇ ਜ਼ਰੂਰ ਥੋੜੀ ਦੇਰ ਤੱਕ ਕ੍ਰੀਜ਼ 'ਤੇ ਟਿਕੇ, ਜਿਸ ਵਿਚ ਉਨ੍ਹਾਂ ਨੇ 14 ਗੇਂਦਾਂ 'ਚ 2 ਛੱਕਿਆਂ ਨਾਲ 21 ਦੌੜਾਂ ਬਣਾਈਆਂ ਪਰ ਉਹ ਵੈਂਕਟੇਸ਼ ਅਈਅਰ ਦਾ ਦੂਜਾ ਸ਼ਿਕਾਰ ਬਣੇ। ਅਸਾਲੰਕਾ ਨੇ 46 ਗੇਂਦਾਂ ਵਿਚ ਪੰਜ ਚੌਕਿਆਂ ਨਾਲ ਅਜੇਤੂ 53 ਦੌੜਾਂ ਜਦਕਿ ਦੁਸ਼ਮੰਤਾ ਚਾਮਿਰਾ ਨੇ 14 ਗੇਂਦਾਂ ਵਿਚ 2 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 24 ਦੌੜਾਂ ਬਣਾਈਆਂ।
ਪਲੇਇੰਗ ਇਲੈਵਨ-
ਭਾਰਤ:- ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ, ਸੰਜੂ ਸੈਮਸਨ, ਦੀਪਕ ਹੁੱਡਾ, ਰਵਿੰਦਰ ਜਡੇਜਾ, ਵੈਂਕਟੇਸ਼ ਅਈਅਰ, ਹਰਸ਼ਲ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।
ਸ਼੍ਰੀਲੰਕਾ:- ਪਥੁਮ ਨਿਸਾਨਕਾ, ਕਾਮਿਲ ਮਿਸ਼ਾਰਾ, ਚਰਿਤ ਅਸਲੰਕਾ, ਦਿਨੇਸ਼ ਚਾਂਦੀਮਲ (ਵਿਕਟਕੀਪਰ), ਜੇਨਿਥ ਲੀਨੇਜ, ਦਾਸੁਨ ਸ਼ਨਾਕਾ (ਕਪਤਾਨ), ਚਮਿਕਾ ਕਰੁਣਾਰਤਨੇ, ਜੈਫਰੀ ਵੈਂਡਰਸੇ, ਪ੍ਰਵੀਨ ਜੈਵਿਕਰਮਾ, ਦੁਸ਼ਮੰਥਾ ਚਮੀਰਾ, ਲਾਹਿਰੂ ਕੁਮਾਰਾ।