IND v SA 2nd T20 : ਹੁਣ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਮੋਹਾਲੀ 'ਤੇ ਟਿਕੀਆਂ

09/18/2019 12:46:41 PM

ਮੋਹਾਲੀ— ਧਰਮਸ਼ਾਲਾ ਵਿਚ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹਨ ਤੋਂ ਬਾਅਦ ਭਾਰਤ ਬੁੱਧਵਾਰ ਨੂੰ ਇਥੇ ਦੱਖਣੀ ਅਫਰੀਕਾ ਵਿਰੁੱਧ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿੱਤ ਦੇ ਨਾਲ 3 ਮੈਚਾਂ ਦੀ ਸੀਰੀਜ਼ ਵਿਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗਾ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਲਈ ਵੀ ਇਹ ਮੈਚ ਕਾਫੀ ਮਹੱਤਵਪੂਰਨ ਹੋਵੇਗਾ ਕਿਉਂਕਿ ਪਿਛਲੇ ਕੁਝ ਮੈਚਾਂ ਵਿਚ ਉਹ ਮੌਕਿਆਂ ਦਾ ਫਾਇਦਾ ਚੁੱਕਣ ਵਿਚ ਅਸਫਲ ਰਿਹਾ ਹੈ ਅਤੇ ਉਸ 'ਤੇ ਬਿਹਤਰ ਪ੍ਰਦਰਸ਼ਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ।

ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਅਜੇ ਵੀ 12 ਮਹੀਨਿਆਂ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਆਪਣੀ ਵਿਸਥਾਰਪੂਰਵਕ ਯੋਜਨਾ ਬਣਾ ਚੁੱਕਾ ਹੈ ਅਤੇ ਉਸ ਨੇ ਦੱਸ ਵੀ ਦਿੱਤਾ ਹੈ ਕਿ ਉਸ ਨੂੰ ਟੀਮ ਵਿਚ ਸ਼ਾਮਲ ਨੌਜਵਾਨਾਂ ਤੋਂ ਕੀ-ਕੀ ਉਮੀਦਾਂ ਹਨ। ਕਪਤਾਨ ਨੇ ਨਾਲ ਹੀ ਸਾਫ ਕਰ ਦਿੱਤਾ ਹੈ ਕਿ ਜਦੋਂ ਉਹ ਕੌਮਾਂਤਰੀ ਕ੍ਰਿਕਟ ਖੇਡਣ ਲਈ ਉਤਰਿਆ ਸੀ ਤਾਂ ਉਸ ਨੂੰ ਵੱਧ ਮੌਕੇ ਮਿਲਣ ਦੀ ਉਮੀਦ ਨਹੀਂ ਸੀ ਅਤੇ ਉਸ ਦਾ ਮੰਨਣਾ ਹੈ ਕਿ ਮੌਜੂਦਾ ਨੌਜਵਾਨ ਖਿਡਾਰੀਆਂ ਨੂੰ ਵੀ ਸੀਮਤ ਮੌਕਿਆਂ ਵਿਚ ਖੁਦ ਨੂੰ ਸਾਬਤ ਕਰਨਾ ਪਵੇਗਾ। ਇਨ੍ਹਾਂ ਖਿਡਾਰੀਆਂ ਵਿਚ 21 ਸਾਲ ਦਾ ਪੰਤ ਵੀ ਸ਼ਾਮਲ ਹੈ, ਹਾਲਾਂਕਿ ਉਹ ਫਰਵਰੀ 2017 ਵਿਚ ਡੈਬਿਊ ਕਾਰਨ ਲੋੜੀਂਦਾ ਤਜਰਬਾ ਹਾਸਲ ਕਰ ਚੁੱਕਾ ਹੈ।

ਧਵਨ ਨੂੰ ਕਾਫੀ ਰਾਸ ਆਉਂਦੈ ਮੋਹਾਲੀ ਦਾ ਮੈਦਾਨ\
PunjabKesari

ਮੋਹਾਲੀ ਦਾ ਮੈਦਾਨ ਭਾਰਤੀ ਓਪਨਰ ਬੱਲੇਬਾਜ਼ ਸ਼ਿਖਰ ਧਵਨ ਨੂੰ ਕਾਫੀ ਰਾਸ ਆਉਂਦਾ ਹੈ। ਇਸ ਮੈਦਾਨ 'ਤੇ ਉਸ ਨੇ ਟੈਸਟ ਵਿਚ ਡੈਬਿਊ ਕਰਦਿਆਂ 187 ਦੌੜਾਂ ਦੀ ਪਾਰੀ ਖੇਡੀ ਸੀ, ਜਦਕਿ ਪਿਛਲੇ ਸਾਲ ਆਸਟਰੇਲੀਆ ਵਿਰੁੱਧ ਵਨ ਡੇ ਕੌਮਾਂਤਰੀ ਮੈਚ ਵਿਚ 143 ਦੌੜਾਂ ਬਣਾਈਆਂ ਸਨ, ਹਾਲਾਂਕਿ ਇਸ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦੂਜੇ ਪਾਸੇ ਦੱਖਣੀ ਅਫਰੀਕਾ ਲਈ ਭਾਰਤ ਨੂੰ ਹਰਾਉਣਾ ਆਸਾਨ ਨਹੀਂ ਹੋਵੇਗਾ, ਜਿਹੜਾ ਪਿਛਲੇ ਕੁਝ ਸਮੇਂ ਤੋਂ ਚੰਗੀ ਲੈਅ ਵਿਚ ਹੈ। ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਦੱਖਣੀ ਅਫਰੀਕੀ ਟੀਮ ਧਰਮਸ਼ਾਲਾ ਵਿਚ ਮੈਚ ਮੀਂਹ ਦੀ ਭੇਟ ਚੜ੍ਹਨ ਤੋਂ ਬਾਅਦ ਮੈਦਾਨ 'ਤੇ ਉਤਰਨ ਲਈ ਬੇਤਾਬ ਹੈ। ਕੈਗਿਸੋ ਰਬਾਡਾ ਦੀ ਅਗਵਾਈ ਵਾਲੀ ਦੱਖਣੀ ਅਫਰੀਕਾ ਦੇ ਗੇਂਦਬਾਜ਼ੀ ਹਮਲੇ ਨੇ ਜੇ ਭਾਰਤੀ ਬੱਲੇਬਾਜ਼ ਵਿਸ਼ੇਸ਼ ਤੌਰ 'ਤੇ ਕਪਤਾਨ ਕੋਹਲੀ ਨੂੰ ਰੋਕਣਾ ਹੈ ਤਾਂ ਸ਼ਾਨਦਾਰ ਗੇਂਦਬਾਜ਼ੀ ਕਰਨੀ ਪਵੇਗੀ।

ਰਾਹੁਲ ਚਾਹਰ ਨੂੰ ਮਿਲੇਗਾ ਮੌਕਾ
PunjabKesari

ਪੰਤ ਤੋਂ ਇਲਾਵਾ ਲੈੱਗ ਸਪਿਨਰ ਰਾਹੁਲ ਚਾਹਰ ਅਤੇ ਵਾਸ਼ਿੰਗਟਨ ਸੁੰਦਰ 'ਤੇ ਵੀ ਦਬਾਅ ਹੋਵੇਗਾ। ਇਨ੍ਹਾਂ ਦੋਵਾਂ ਗੇਂਦਬਾਜ਼ਾਂ ਨੂੰ ਲਗਾਤਾਰ ਦੂਜੀ ਸੀਰੀਜ਼ ਵਿਚ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਾਹਲ ਦੀ ਸਪਿਨ ਜੋੜੀ 'ਤੇ ਤਰਜੀਹ ਦਿੱਤੀ ਗਈ ਹੈ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੇ 20 ਤੋਂ ਕੁਝ ਵੱਧ ਮੈਚ ਖੇਡਣੇ ਹਨ ਅਤੇ ਅਜਿਹੀ ਹਾਲਤ ਵਿਚ ਟੀਮ ਚਾਹੁੰਦੀ ਹੈ ਕਿ ਉਸ ਦੀ ਬੱਲੇਬਾਜ਼ੀ ਮਜ਼ਬੂਤ ਹੋਵੇ। ਇਸ ਦੇ ਲਈ 8ਵੇਂ, 9ਵੇਂ ਅਤੇ 10ਵੇਂ ਨੰਬਰ ਦੇ ਬੱਲੇਬਾਜ਼ਾਂ ਨੂੰ ਨਿਯਮਿਤ ਤੌਰ 'ਤੇ ਜ਼ਿਆਦਾ ਦੌੜਾਂ ਬਣਾਉਣੀਆਂ ਪੈਣਗੀਆਂ, ਜਿਹੜਾ ਕਦੇ ਭਾਰਤ ਦਾ ਮਜ਼ਬੂਤ ਪੱਖ ਨਹੀਂ ਰਿਹਾ।

ਕਵਿੰਟਨ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਚਿੰਤਤ ਨਹੀਂ
PunjabKesariਦੱਖਣੀ ਅਫਰੀਕਾ ਦੇ ਨਵ-ਨਿਯੁਕਤ ਟੀ-20 ਕਪਤਾਨ ਕਵਿੰਟਨ ਡੀਕੌਕ ਨੇ ਮੰਗਲਵਾਰ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਇਸ ਨਵੀਂ ਜ਼ਿੰਮੇਵਾਰੀ ਦਾ ਉਸ 'ਤੇ ਨਾਂਹ-ਪੱਖੀ ਅਸਰ ਪਵੇਗਾ ਜਾਂ ਹਾਂ-ਪੱਖੀ ਪਰ ਉਹ ਇਸ ਬਾਰੇ ਜ਼ਿਆਦਾ ਨਹੀਂ ਸੋਚ ਰਿਹਾ। ਫਾਫ ਡੂ ਪਲੇਸਿਸ ਦੀ ਗੈਰ-ਮੌਜੂਦਗੀ ਵਿਚ ਟੀਮ ਦੇ ਸੀਨੀਅਰ ਖਿਡਾਰੀਆਂ ਵਿਚੋਂ ਇਕ ਡੀਕੌਕ ਨੂੰ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਟੀਮ ਮੈਨੇਜਮੈਂਟ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਸ ਨੂੰ ਨਿਖਾਰਨਾ ਚਾਹੁੰਦਾ ਹੈ। ਇਸ ਵਿਕਟਕੀਪਰ ਬੱਲੇਬਾਜ਼ ਨੇ ਕਿਹਾ, ''ਈਮਾਨਦਾਰੀ ਨਾਲ ਕਹਾਂ ਤਾਂ ਜ਼ਿਆਦਾ ਚਿੰਤਤ ਨਹੀਂ ਹਾਂ। ਇਹ ਮੇਰੇ ਕਰੀਅਰ ਦਾ ਨਵਾਂ ਮੀਲ ਦਾ ਪੱਥਰ ਹੈ, ਮੈਨੂੰ ਵਾਧੂ ਜ਼ਿੰਮੇਵਾਰੀ ਮਿਲੀ ਹੈ। ਤੈਅ ਨਹੀਂ ਹੈ ਕਿ ਇਸ ਦਾ ਮੇਰੇ 'ਤੇ ਕੀ ਅਸਰ ਪਵੇਗਾ।''

ਕੋਹਲੀ ਨੇ ਖੇਡੀ ਸੀ ਸਰਵਸ੍ਰੇਸ਼ਠ ਪਾਰੀ
PunjabKesari
ਇਸ ਮੈਦਾਨ 'ਤੇ ਕੋਹਲੀ ਨੇ ਮਾਰਚ 2016 ਵਿਚ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਸੀ। ਕੋਹਲੀ ਨੇ ਇਸ ਮੈਦਾਨ 'ਤੇ 51 ਗੇਂਦਾਂ 'ਚ 82 ਦੌੜਾਂ ਦੀ ਪਾਰੀ ਖੇਡ ਕੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਾਇਆ ਸੀ।


Related News