IND v ENG 3rd Test : ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ
Thursday, Feb 25, 2021 - 07:53 PM (IST)
ਅਹਿਮਦਾਬਾਦ- ਅਕਸ਼ਰ ਪਟੇਲ ਤੇ ਆਰ. ਅਸ਼ਵਿਨ ਨੇ ਪਿੱਚ ਤੋਂ ਮਿਲ ਰਹੀ ਮਦਦ ਦਾ ਪੂਰਾ ਫਾਇਦਾ ਚੁੱਕ ਕੇ ਵਿਕਟਾਂ ਦੀ ਪਤਝੜ ਦਾ ਗਵਾਹ ਬਣੇ ਡੇ-ਨਾਈਟ ਤੀਜੇ ਟੈਸਟ ਕ੍ਰਿਕਟ ਮੈਚ ’ਚ ਭਾਰਤ ਨੂੰ ਵੀਰਵਾਰ ਨੂੰ ਇੱਥੇ ਦੂਜੇ ਦਿਨ ਹੀ ਇੰਗਲੈਂਡ ’ਤੇ 10 ਵਿਕਟਾਂ ਨਾਲ ਵੱਡੀ ਜਿੱਤ ਦਿਵਾਈ। ਆਪਣਾ ਦੂਜਾ ਹੀ ਟੈਸਟ ਖੇਡ ਰਹੇ ਅਕਸ਼ਰ ਨੇ ਘਰੇਲੂ ਮੈਦਾਨ ’ਤੇ ਦੂਜੀ ਪਾਰੀ ’ਚ 32 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਤੇ ਇਸ ਤਰ੍ਹਾਂ ਨਾਲ ਮੈਚ ਵਿਚ 70 ਦੌੜਾਂ ਦੇ ਕੇ 11 ਵਿਕਟਾਂ ਹਾਸਲ ਕੀਤੀਆਂ। ਅਸ਼ਵਿਨ ਨੇ 48 ਦੌੜਾਂ ਦੇ 4 ਵਿਕਟਾਂ ਹਾਸਲ ਕੀਤੀਆਂ ਤੇ 400 ਵਿਕਟਾਂ ਦੇ ਵਿਸ਼ੇਸ਼ ਕਲੱਬ ’ਚ ਸ਼ਾਮਲ ਹੋ ਗਿਆ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਨੇ ਦੂਜੇ ਟੀ20 ’ਚ ਆਸਟਰੇਲੀਆ ਨੂੰ 4 ਦੌੜਾਂ ਨਾਲ ਹਰਾਇਆ
ਇੰਗਲੈਂਡ ਦੀ ਟੀਮ ਦੂਜੀ ਪਾਰੀ ’ਚ 81 ਦੌੜਾਂ ’ਤੇ ਹੀ ਢੇਰ ਹੋ ਗਈ, ਜਿਹੜਾ ਭਾਰਤ ਵਿਰੁੱਧ ਉਸਦਾ ਸਭ ਤੋਂ ਘੱਟ ਸਕੋਰ ਹੈ। ਭਾਰਤ ਦੇ ਸਾਹਮਣੇ 49 ਦੌੜਾਂ ਦਾ ਟੀਚਾ ਸੀ, ਜਿਹੜਾ ਉਸ ਨੇ ਦੂਜੇ ਦਿਨ ਦੇ ਤੀਜੇ ਸੈਸ਼ਨ ਦੇ ਪਹਿਲੇ ਹੀ ਘੰਟੇ ਵਿਚ ਬਿਨਾਂ ਵਿਕਟ ਗੁਆਏ ਹਾਸਲ ਕਰ ਲਿਆ। ਰੋਹਿਤ ਸ਼ਰਮਾ (ਅਜੇਤੂ 25) ਨੇ ਜੇਤੂ ਛੱਕਾ ਲਾਇਆ ਜਦਕਿ ਸ਼ੁਭਮਨ ਗਿੱਲ 15 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤ ਨੇ ਇਸ ਤਰ੍ਹਾਂ ਨਾਲ 4 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਬੜ੍ਹਤ ਬਣਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਗ੍ਹਾ ਬਣਾਉਣ ਵੱਲ ਮਜ਼ਬੂਤ ਕਦਮ ਵਧਾਏ। ਭਾਰਤ ਨੇ ਸਵੇਰੇ ਆਪਣੀ ਪਹਿਲੀ ਪਾਰੀ 3 ਵਿਕਟਾਂ ’ਤੇ 99 ਦੌੜਾਂ ਤੋਂ ਅੱਗੇ ਵਧਾਈ ਤੇ 145 ਦੌੜਾਂ ਬਣਾ ਕੇ 33 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਇੰਗਲੈਂਡ ਪਹਿਲੀ ਪਾਰੀ ਵਿਚ 112 ਦੌੜਾਂ ਹੀ ਬਣਾ ਸਕਿਆ ਸੀ।
ਪਿੱਚ ਦੇ ਰਵੱਈਏ ਦਾ ਆਲਮ ਇਹ ਸੀ ਕਿ ਇੰਗਲੈਂਡ ਵਲੋਂ ਪਹਿਲੀ ਪਾਰੀ ਵਿਚ ਕੰਮਚਲਾਉ ਆਫ ਸਪਿਨਰ ਜੋ ਰੂਟ ਨੇ 8 ਦੌੜਾਂ ਦੇ ਕੇ 5 ਵਿਕਟਾਂ ਤੇ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਨੇ 54 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਰੂਟ ਨੇ ਦੂਜੀ ਪਾਰੀ ਵਿਚ ਗੇਂਦਬਾਜ਼ੀ ਦਾ ਆਗਾਜ਼ ਕੀਤਾ ਸੀ। ਪਹਿਲੀ ਪਾਰੀ ਵਿਚ 6 ਵਿਕਟਾਂ ਲੈਣ ਵਾਲੇ ਅਕਸ਼ਰ ਨੇ ਨਵੀਂ ਗੇਂਦ ਸੰਭਾਲੀ ਤੇ ਪਹਿਲੀ ਗੇਂਦ ’ਤੇ ਜੈਕ ਕਰਾਉਲੀ ਨੂੰ ਬੋਲਡ ਕਰਕੇ ਉਸ ਨੂੰ ਗਲਤ ਲਾਈਨ ’ਤੇ ਖੇਡਣ ਦੀ ਸਜ਼ਾ ਦਿੱਤੀ।
ਉਸ ਨੇ ਤੀਜੀ ਗੇਂਦ ’ਤੇ ਜਾਨੀ ਬੇਅਰਸਟੋ ਨੂੰ ਵੀ ਪੈਵੇਲੀਅਨ ਭੇਜ ਦਿੱਤਾ। ਹੁਣ ਦੂਜੇ ਸਲਾਮੀ ਬੱਲੇਬਾਜ਼ ਡਾਮ ਸਿਬਲੀ (7) ਦੀ ਵਾਰੀ ਸੀ। ਅਕਸ਼ਰ ਦੀ ਟਰਨ ਲੈਂਦੀ ਗੇਂਦ ਸਿਬਲੀ ਦੇ ਬੱਲੇ ਨੂੰ ਚੁੰਮ ਕੇ ਵਿਕਟਕੀਪਰ ਰਿਸ਼ਭ ਪੰਤ ਦੇ ਦਸਤਾਨਿਆਂ ਵਿਚ ਜਾ ਵੜੀ। ਬੇਨ ਸਟੇਕਸ (25) ਨੇ ਹਮਲਾਵਰ ਰਣਨੀਤੀ ਅਪਣਾਈ ਤੇ 34 ਗੇਂਦਾਂ ਦੀ ਆਪਣੀ ਪਾਰੀ ਵਿਚ 3 ਚੌਕੇ ਵੀ ਲਾਏ ਪਰ ਅਸ਼ਵਿਨ ਦੇ ਸਾਹਮਣੇ ਉਸਦੀ ਫਿਰ ਤੋਂ ਨਹੀ ਚੱਲੀ। ਭਾਰਤੀ ਆਫ ਸਪਿਨਰ ਨੇ 11ਵੀਂ ਵਾਰ ਸਟੋਕਸ ਨੂੰ ਆਊਟ ਕੀਤਾ। ਅਕਸ਼ਰ ਨੇ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਜੋ ਰੂਟ (19) ਨੂੰ ਐੱਲ. ਬੀ. ਡਬਲਯੂ. ਕਰਕੇ ਮੈਚ ਵਿਚ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ। ਰੂਟ ਗੇਂਦ ਦੀ ਟਰਨ ਨੂੰ ਸਮਝਣ ਵਿਚ ਅਸਫਲ ਰਿਹਾ। ਓਲੀ ਪੋਪ (12) ਨੂੰ ਲਗਾਤਾਰ ਦੂਜੀ ਪਾਰੀ ਵਿਚ ਸਮਝ ਵਿਚ ਨਹੀਂ ਆਇਆ ਕਿ ਅਸ਼ਵਿਨ ਨੂੰ ਕਿਵੇਂ ਖੇਡਣਾ ਹੈ। ਅਸ਼ਵਿਨ ਨੇ ਇਸ ਤੋਂ ਬਾਅਦ ਜੋਫ੍ਰਾ ਆਰਚਰ ਨੂੰ ਆਊਟ ਕਰਕੇ ਟੈਸਟ ਮੈਚਾਂ ਵਿਚ ਆਪਣੀ 400ਵੀਂ ਵਿਕਟ ਲਈ। ਵਾਸ਼ਿੰਗਟਨ ਸੁੰਦਰ ਨੇ ਸਿਰਫ 4 ਗੇਂਦਾਂ ਕੀਤੀਆਂ ਤੇ ਇਕ ਵਿਕਟ ਆਪਣੇ ਨਾਂ ਕੀਤੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।