ਇੰਗਲੈਂਡ ਤੇ ਭਾਰਤੀ ਟੀਮਾਂ ਦਾ ਇਕਾਂਤਵਾਸ ਸ਼ੁਰੂ

Friday, Jan 29, 2021 - 11:57 AM (IST)

ਇੰਗਲੈਂਡ ਤੇ ਭਾਰਤੀ ਟੀਮਾਂ ਦਾ ਇਕਾਂਤਵਾਸ ਸ਼ੁਰੂ

ਚੇਨਈ- 4 ਮੈਚਾਂ ਦੀ ਟੈਸਟ ਲੜੀ ਦੇ ਚੇਨਈ ਵਿਚ ਖੇਡੇ ਜਾਣ ਵਾਲੇ ਪਹਿਲੇ ਦੋ ਮੈਚਾਂ ਲਈ ਇੰਗਲੈਂਡ ਤੇ ਭਾਰਤੀ ਖਿਡਾਰੀਆਂ ਦਾ ਇਕਾਂਤਵਾਸ ਸ਼ੁਰੂ ਹੋ ਗਿਆ ਹੈ। ਦੋਵਾਂ ਟੀਮਾਂ ਦੇ ਖਿਡਾਰੀਆਂ ਨੂੰ ਲੀਲਾ ਪੈਲੇਸ ਹੋਟਲ ਵਿਚ ਇਕਾਂਤਵਾਸ ਵਿਚ ਕੁਆਰੰਟੀਨ ਕੀਤਾ ਗਿਆ ਹੈ। ਚੇਨਈ ਦੇ ਚੇਪੌਕ ਸਟੇਡੀਅਮ ਵਿਚ 5 ਫਰਵਰੀ ਤੋਂ ਪਹਿਲਾ ਤੇ 13 ਫਰਵਰੀ ਤੋਂ ਦੂਜਾ ਟੈਸਟ ਖੇਡਿਆ ਜਾਵੇਗਾ।
ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੇ ਸੂਤਰਾਂ ਮੁਤਾਬਕ ਦੋਵਾਂ ਟੀਮਾਂ ਦੇ ਖਿਡਾਰੀ ਲੀਲਾ ਪੈਲੇਸ ਹੋਟਲ ਵਿਚ 6 ਦਿਨਾਂ ਤਕ ਜੈਵ ਸੁਰੱਖਿਅਤ ਮਾਹੌਲ (ਬਾਓ-ਬਬਲ) ਵਿਚ ਰਹਿਣਗੇ। ਇਸ ਦੌਰਾਨ ਉਨ੍ਹਾਂ ਹਰ ਤਿੰਨ ਦਿਨਾਂ ਵਿਚ ਕੋਰੋਨਾ ਟੈਸਟ ਕੀਤਾ ਜਾਵੇਗਾ। ਇਕਾਂਤਵਾਸ ਤੋਂ ਬਾਅਦ ਦੋਵੇਂ ਟੀਮਾਂ 2 ਫਰਵਰੀ ਤੋਂ ਨੈੱਟ ’ਤੇ ਅਭਿਆਸ ਸ਼ੁਰੂ ਕਰਨਗੀਆਂ। ਉਨ੍ਹਾਂ ਨੂੰ ਟ੍ਰੇਨਿੰਗ ਲਈ 3 ਦਿਨ ਮਿਲਣਗੇ।
ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇੰਗਲੈਂਡ ਕ੍ਰਿਕਟ ਬੋਰਡ ਦੀ ਅਪੀਲ ਤੋਂ ਬਾਅਦ ਇਹ ਲੜੀ ਦਰਸ਼ਕਾਂ ਦੀ ਗੈਰ-ਹਾਜ਼ਰੀ ਵਿਚ ਖੇਡੀ ਜਾਵੇਗੀ। ਦਰਸ਼ਕਾਂ ਤੇ ਮੀਡੀਆ ਨੂੰ ਮੈਦਾਨ ਵਿਚ ਆਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਉਨ੍ਹਾਂ ਨੂੰ ਟੀ. ਵੀ. ’ਤੇ ਹੀ ਲਾਈਵ ਮੈਚ ਦੇਖਣਾ ਪਵੇਗਾ। ਖਿਡਾਰੀਆਂ, ਟੀਮ ਮੈਂਬਰਾਂ ਤੇ ਸਹਾਇਕ ਸਟਾਫ ਸਮੇਤ ਸਿਰਫ ਅਧਿਕਾਰਤ ਟੀ. ਵੀ. ਪ੍ਰਸਾਰਣਕਰਤਾਵਾਂ ਨੂੰ ਹੀ ਮੈਦਾਨ ਵਿਚ ਆਉਣ ਦੀ ਮਨਜ਼ੂਰੀ ਹੋਵੇਗੀ।

ਜਾਣਕਾਰੀ ਮੁਤਾਬਕ ਇੰਗਲੈਂਡ ਕ੍ਰਿਕਟ ਟੀਮ ਦੇ ਖਿਡਾਰੀ ਸ਼੍ਰੀਲੰਕਾਈ ਏਅਰਲਾਈਨਜ਼ ਦੀ ਵਿਸ਼ੇਸ਼ ਉਡਾਨ ਨਾਲ ਵੀਰਵਾਰ ਨੂੰ ਸਵੇਰੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ। ਡਾਕਟਰੀ ਜਾਂਚ ਤੇ ਕੋਰੋਨਾ ਟੈਸਟ ਤੋਂ ਬਾਅਦ ਖਿਡਾਰੀ ਲੀਲਾ ਪੈਲੇਸ ਹੋਟਲ ਗਏ, ਜਿੱਥੋਂ ਉਹ 6 ਜਾਂ 7 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਗੇ।
ਗਾਬਾ ਸੀਰੀਜ਼ ਜਿੱਤਣ ਵਾਲੇ ਭਾਰਤੀ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸਵੇਰੇ ਚੇਨਈ ਪਹੁੰਚੀ ਜਦਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀ ਸ਼ਾਮ ਤੋਂ ਬਾਅਦ ਇੱਥੇ ਪਹੁੰਚੇ। ਟੀਮ ਦਾ ਮੁੱਖ ਕੋਚ ਰਵੀ ਸ਼ਾਸਤਰੀ ਵੀ ਮੁੰਬਈ ਤੋਂ ਚੇਨਈ ਪਹੁੰਚਿਆ। ਇਸ ਤੋਂ ਪਹਿਲਾਂ ਆਸਟਰੇਲੀਆ ਟੈਸਟ ਲੜੀ ਵਿਚ ਕਾਰਜਕਾਰੀ ਕਪਤਾਨ ਰਹੇ ਅਜਿੰਕਯ ਰਹਾਨੇ ਤੇ ਬੱਲੇਬਾਜ਼ ਰੋਹਿਤ ਸ਼ਰਮਾ ਮੰਗਲਵਾਰ ਰਾਤ ਨੂੰ ਇੱਥੇ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਟੈਸਟ ਲੜੀ ਤੋਂ ਬਾਹਰ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਤੇ ਆਲਰਾਊਂਡਰ ਬੇਨ ਸਟੋਕਸ ਸਮੇਤ ਇੰਗਲੈਂਡ ਦੇ ਕਈ ਖਿਡਾਰੀ ਤੇ ਟੀਮ ਮੈਂਬਰ ਐਤਵਾਰ ਨੂੰ ਹੀ ਇੱਥੇ ਪਹੁੰਚ ਗਏ ਸਨ। ਇਸ ਦੌਰਾਨ ਕਈ ਭਾਰਤੀ ਖਿਡਾਰੀ ਤੇ ਟੀਮ ਦਾ ਸਹਾਇਕ ਸਟਾਫ ਵੀ ਇੱਥੇ ਪਹੁੰਚਿਆ ਸੀ।


author

Rakesh

Content Editor

Related News